ਲੁਧਿਆਣਾ
( ਜਸਟਿਸ ਨਿਊਜ਼ )
ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਇਤਿਹਾਸਕ ਫੈਸਲਾ ਲੈਂਦਿਆਂ ਮੀਲ ਪੱਥਰ ਹਾਸਲ ਕੀਤਾ ਹੈ ਜਿਸਦੇ ਤਹਿਤ ਪੰਜਾਬੀਆਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਪੰਜਾਬ ਅਤੇ ਚੰਡੀਗੜ੍ਹ ਭਰ ਦੇ ਸਰਕਾਰੀ ਅਤੇ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ 10 ਲੱਖ ਰੁਪਏ ਤੱਕ ਨਕਦ ਰਹਿਤ ਇਲਾਜ ਪ੍ਰਦਾਨ ਕੀਤਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਵਿਧਾਇਕ ਸਰਦਾਰ ਕੁਲਵੰਤ ਸਿੰਘ ਸਿੱਧੂ ਵੱਲੋਂ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਕੀਤਾ। ਉਨ੍ਹਾਂ ਕਿਹਾ ਕਿ 10 ਲੱਖ ਰੁਪਏ ਤੱਕ ਕੈਸ਼ਲੈਸ ਇਲਾਜ ਦੇਣ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਹਰ ਪਰਿਵਾਰ ਇਸ ਸਹੂਲਤ ਦਾ ਲਾਭ ਲਵੇਗਾ।
ਉਹਨਾਂ ਕਿਹਾ ਕਿ ਪੰਜਾਬ ਸੂਬੇ ਨੂੰ ਹੁਣ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਕਿਉਂਕਿ ਪੰਜਾਬੀਆਂ ਨੂੰ ਉਹਨਾਂ ਦੇ ਦਰਦ ਦੁੱਖ ਅਤੇ ਤਕਲੀਫਾਂ ਸਮਝਣ ਵਾਲਾ ਉਹਨਾਂ ਦਾ ਆਪਣਾ ਆਮ ਘਰ ਦਾ ਮੁੰਡਾ ਮੁੱਖ ਮੰਤਰੀ ਦੇ ਰੂਪ ਵਿੱਚ ਮਿਲਿਆ ਹੈ। ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਮ ਲੋਕਾਂ ਵਿੱਚ ਬਚਪਨ ਤੋਂ ਵਿਚਰਦੇ ਰਹੇ ਹਨ ਅਤੇ ਆਮ ਲੋਕਾਂ ਦੀਆਂ ਤਕਲੀਫਾਂ ਤੇ ਲੋੜਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ।
ਅੱਜ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ,ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਵਾਸੀਆਂ ਨੂੰ ਇੱਕ ਸਿਹਤ ਸਹੂਲਤ ਦੇ ਰੂਪ ਵਿੱਚ ਤੋਹਫਾ ਦਿੰਦੇ ਹੋਏ 10 ਲੱਖ ਤੱਕ ਕੈਸ਼ਲੈਸ ਸਿਹਤ ਬੀਮਾ ਯੋਜਨਾ ਦਾ ਆਗਾਜ਼ ਕੀਤਾ ਗਿਆ ਜਿਸ ਨੂੰ ਵਿਧਾਇਕ ਸਿੱਧੂ ਨੇ ਆਪਣੇ ਹਲਕੇ ਦੇ ਵਰਕਰਾਂ ਨਾਲ ਆਪਣੇ ਮੁੱਖ ਦਫਤਰ ਵਿਖੇ ਸਕਰੀਨ ਉੱਤੇ ਦੇਖਿਆ। ਇਹ ਸਿਹਤ ਬੀਮਾ ਯੋਜਨਾ ਪੰਜਾਬ ਦੇ ਹਰ ਇੱਕ ਪਰਿਵਾਰ ਦੇ ਹਰ ਇੱਕ ਜੀਅ ਲਈ ਹੋਵੇਗੀ, ਇਸ ਵਿੱਚ ਹਰ ਵਰਗ ਨੂੰ ਕਵਰ ਕੀਤਾ ਗਿਆ ਹੈ।
ਵਿਧਾਇਕ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਪੰਜਾਬੀਆਂ ਨੂੰ ਇੱਕੋ ਅੱਖ ਨਾਲ ਦੇਖਣ ਵਾਲੇ ਪੰਜਾਬ ਦੇ ਅਸਲੀ ਸਪੁੱਤਰ ਹਨ, ਜਿਨਾਂ ਅਮੀਰ ਗਰੀਬ ਹਰ ਜਾਤ ਹਰ ਧਰਮ ਅਤੇ ਹਰ ਵਰਗ ਦੇ ਬੰਦੇ ਨੂੰ ਸਿਹਤ ਸਹੂਲਤ ਦੇ ਰੂਪ ਵਿੱਚ 10 ਲੱਖ ਦੀ ਬੀਮਾ ਯੋਜਨਾ ਦਾ ਬਹੁਤ ਵੱਡਾ ਸਹਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਹੁਣ ਆਮ ਵਰਗ ਦੇ ਲੋਕਾਂ ਨੂੰ ਆਪਣੇ ਘਰ ਪਰਿਵਾਰ ਦੇ ਖਰਚੇ ਵਿੱਚੋਂ ਪੈਸੇ ਕੱਢ ਕੇ ਆਪਣੀਆਂ ਦਵਾਈਆਂ ‘ਤੇ ਨਹੀਂ ਲਾਉਣੇ ਪੈਣਗੇ ਅਤੇ ਨਾ ਹੀ ਕੋਈ ਲੋੜਵੰਦ ਪਰਿਵਾਰ ਖਰਚੇ ਦੇ ਦੁੱਖੋਂ ਕਿਸੇ ਵੀ ਪ੍ਰਕਾਰ ਦੀ ਸਿਹਤ ਸਹੂਲਤ ਤੋਂ ਵਾਂਝਾ ਰਹਿ ਸਕੇਗਾ।
ਵਿਧਾਇਕ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹ ਵੀ ਸੁਨਿਸ਼ਚਿਤ ਕੀਤਾ ਜਾਵੇਗਾ ਕਿ ਲੋਕਾਂ ਨੂੰ ਆਪਣਾ ਇਲਾਜ ਕਰਵਾਉਣ ਦੂਰ-ਦੁਰਾਡੇ ਹਸਪਤਾਲਾਂ ਵਿੱਚ ਜਾਣ ਦੀ ਲੋੜ ਨਾ ਪਵੇ ਅਤੇ ਹਰ ਸ਼ਹਿਰ ਦੇ ਨੇੜਲੇ ਹਸਪਤਾਲਾਂ ਨੂੰ ਪੰਜਾਬ ਸਰਕਾਰ ਵੱਲੋਂ ਇਸ ਯੋਜਨਾ ਵਿੱਚ ਕਵਰ ਕੀਤਾ ਜਾਵੇਗਾ।
Leave a Reply