ਲੁਧਿਆਣਾ
( ਜਸਟਿਸ ਨਿਊਜ਼) –
ਬਰਸਾਤੀ ਮੌਸਮ ਦੌਰਾਨ ਗਲੀਆਂ ਵਿੱਚ ਪਾਣੀ ਭਰਨ ਦੀ ਸਮੱਸਿਆ ਦੇ ਨਿਪਟਾਰੇ ਲਈ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋ ਵਾਰਡ ਨੰਬਰ 88 ਵਿਖੇ ‘ਬੁੱਢੇ ਦਰਿਆ’ ਦੀ ਰਿਟੇਨਿੰਗ ਵਾਲ ਦੇ ਨਿਰਮਾਣ ਕਾਰਜ਼ਾਂ ਦਾ ਉਦਘਾਟਨ ਕੀਤਾ ਗਿਆ।ਵਿਧਾਇਕ ਬੱਗਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਜੈਨ ਨਗਰ, ਸ਼ਿਵਪੁਰੀ ਪੁਲ਼ੀ ਤੋਂ ਬਸੰਤ ਨਗਰ ਤੱਕ ‘ਬੁੱਢੇ ਦਰਿਆ’ ਦੇ ਕਿਨਾਰੇ ਰਿਟੇਨਿੰਗ ਵਾਲ ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵੇਂ ਪ੍ਰੋਜੈਕਟਾਂ ‘ਤੇ ਕ੍ਰਮਵਾਰ 95 ਲੱਖ ਅਤੇ 99 ਲੱਖ ਰੁਪਏ ਖਰਚ ਕੀਤੇ ਜਾਣੇ ਹਨ।ਵਿਧਾਇਕ ਬੱਗਾ ਨੇ ਦੱਸਿਆ ਕਿ ਬਰਸਾਤ ਦੇ ਮੌਸਮ ਦੌਰਾਨ, ਜੈਨ ਨਗਰ, ਬਸੰਤ ਨਗਰ, ਗਾਂਧੀ ਨਗਰ ਅਤੇ ਹੋਰ ਬੁੱਢੇ ਦਰਿਆ ਨੇੜਲੇ ਵਸਨੀਕਾਂ ਵੱਲੋਂ ਇਹ ਸ਼ਿਕਾਇਤ ਕੀਤੀ ਜਾਂਦੀ ਰਹੀ ਹੈ ਕਿ ਦਰਿਆ ਦਾ ਪਾਣੀ ਓਵਰਫਲੋ ਹੋ ਕੇ ਗਲੀਆਂ ਅਤੇ ਘਰਾਂ ਅੰਦਰ ਦਾਖ਼ਲ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੀ ਚਿਰੌਕਣੀ ਮੰਗ ਨੂੰ ਬੂਰ ਪਿਆ ਹੈ ਕਿਉਂਕਿ ਰਿਵਾਇਤੀ ਪਾਰਟੀਆਂ ਇਹ ਮਸਲਾ ਹੱਲ ਕਰਨ ਵਿੱਚ ਅਸਫਲ ਰਹੀਆਂ ਹਨ।ਉਨ੍ਹਾਂ ਦੱਸਿਆ ਕਿ ਵਸਨੀਕਾਂ ਨਾਲ ਕੀਤੇ ਵਾਅਦੇ ਅਨੁਸਾਰ ਪ੍ਰੋਜੈਕਟ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਗਈ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਰਿਟੇਨਿੰਗ ਵਾਲ ਦਾ ਕੰਮ ਤੈਅ ਸਮਾਂ ਸੀਮਾ ਅੰਦਰ ਮੁਕੰਮਲ ਕੀਤਾ ਜਾਵੇ ਤਾਂ ਜੋ ਆਗਾਮੀ ਬਰਸਾਤ ਦੇ ਮੌਸਮ ਦੌਰਾਨ ਲੋਕਾਂ ਨੂੰ ਮੁਸ਼ਕਿਲ ਪੇਸ਼ ਨਾ ਆਵੇ।
ਵਿਧਾਇਕ ਬੱਗਾ ਨੇ ਅੱਗੇ ਕਿਹਾ ਕਿ ਦਰਿਆ ਦੇ ਕੰਢੇ ਰਿਟੇਨਿੰਗ ਵਾਲ ਦੇ ਨਿਰਮਾਣ ਕਾਰਜ਼ਾਂ ਤੋਂ ਬਾਅਦ ਇਲਾਕੇ ਵਿੱਚ ਢੁਕਵੀਂ ਰੋਸ਼ਨੀ ਨੂੰ ਯਕੀਨੀ ਬਣਾਉਣ ਲਈ ਨਵੀਆਂ ਸਟਰੀਟ ਲਾਈਟਾਂ ਵੀ ਲਗਾਈਆਂ ਜਾਣਗੀਆਂ।ਵਿਧਾਇਕ ਬੱਗਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਹਲਕਾ ਲੁਧਿਆਣਾ ਉੱਤਰੀ ਲਈ ਗਰਾਂਟਾਂ ਦੇ ਗੱਫੇ ਜਾਰੀ ਕੀਤੇ ਜਾ ਰਹੇ ਹਨ ਜਿਸਦੇ ਤਹਿਤ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟ ਮੁੰਕਮਲ ਹੋਣ ਕੰਢੇ ਹਨ ਅਤੇ ਮਿਆਰੀ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ।ਇਸ ਮੌਕੇ ਕੌਂਸਲਰ ਨੀਰਜ ਅਹੂਜਾ, ਕੌਂਸਲਰ ਅਮਨ ਬੱਗਾ, ਸਬੰਧਤ ਅਧਿਕਾਰੀ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਮੌਜੂਦ ਸਨl
Leave a Reply