ਜਿ਼ਲ੍ਹਾ ਮੋਗਾ ਵਿੱਚ ਰਿਵਾਇਤੀ ਜੁੱਤੀ ਦੇ ਨਿਰਮਾਣ ਨੂੰ ਹੋਰ ਉਤਸ਼ਾਹਿਤ ਕਰਨ ਅਤੇ ਜੁੱਤੀ ਬਣਾਉਣ ਵਾਲੇ ਕਾਰੀਗਰਾਂ ਨੂੰ ਆਰਥਿਕ ਤੌਰ ਤੇ ਉਤਾਂਹ ਚੁੱਕਣ ਲਈ ਪਿੰਡ ਰਣੀਆਂ ਵਿਖੇ ਇੱਕ ਜੁੱਤੀ ਕਲੱਸਟਰ ਬਣਾਇਆ ਜਾਵੇਗਾ। ਇਸ ਸਬੰਧੀ ਜਿ਼ਲ੍ਹਾ ਉਦਯੋਗ ਕੇਂਦਰ ਮੋਗਾ ਵੱਲੋਂ ਡਾਇਰੈਕਟਰ ਜਨਰਲ ਆਫ਼ ਫਾਰਨ ਟ੍ਰੇਡ ਦੇ ਸਹਿਯੋਗ ਨਾਲ ਪਿੰਡ ਰਣੀਆਂ ਵਿਖੇ ਇੱਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ, ਜਿਸ ਵਿੱਚ ਜਿ਼ਲ੍ਹਾ ਮੋਗਾ ਅਤੇ ਜਿ਼ਲ੍ਹਾ ਫਰੀਦਕੋਟ ਤੋਂ 200 ਤੋਂ ਵਧੇਰੇ ਕਾਰੀਗਰਾਂ ਨੇ ਭਾਗ ਲਿਆ।
ਇਸ ਮੌਕੇ ਹਾਜ਼ਰ ਜੁੱਤੀ ਕਾਰੀਗਰਾਂ ਨੇ ਸੰਬੋਧਨ ਕਰਦਿਆਂ ਸਹਾਇਕ ਡਾਇਰੈਕਟਰ ਜਨਰਲ ਆਫ਼ ਫਾਰਨ ਟ੍ਰੇਡ ਸ੍ਰੀ ਸੰਦੀਪ ਰਾਜੋਰੀਆ ਨੇ ਦੱਸਿਆ ਕਿ ਇਹ ਕਲੱਸਟਰ ਭਾਰਤ ਸਰਕਾਰ ਦੀ ਨਿਰਯਾਤ ਬੰਧੂ ਸਕੀਮ ਤਹਿਤ ਬਣਾਇਆ ਜਾਵੇਗਾ। ਇਸ ਕਲੱਸਟਰ ਦੇ ਬਣਨ ਨਾਲ ਜੁੱਤੀ ਕਾਰੀਗਰ ਆਪਣੀ ਜੁੱਤੀ ਨੂੰ ਅੰਤਰਰਾਸ਼ਟਰੀ ਪੱਧਰ *ਤੇ ਪ੍ਰਦਰਸਿ਼ਤ ਅਤੇ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰੀਗਰਾਂ ਨੂੰ 20 ਦਸੰਬਰ ਨੂੰ ਡਾਇਰੈਕਟਰ ਜਨਰਲ ਆਫ਼ ਫਾਰਨ ਟ੍ਰੇਡ ਦੇ ਲੁਧਿਆਣਾ ਖੇਤਰੀ ਦਫ਼ਤਰ ਵਿਖੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇਗੀ। ਇਸ ਸਿਖਲਾਈ ਵਿੱਚ ਉਨ੍ਹਾਂ ਨੂੰ ਅੰਤਰਰਾਸ਼ਟਰੀ ਪੱਧਰ *ਤੇ ਆਪਣੇ ਉਤਪਾਦ ਵੇਚਣ ਬਾਰੇ ਤਕਨੀਕੀ ਤੌਰ *ਤੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕਾਰੀਗਰਾਂ ਨੂੰ ਉਦੇਯਮ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਅਤੇ ਆਪਣੇ ਕੰਮ ਨੂੰ ਇੱਕ ਸਨਅਤ ਵਜੋਂ ਸਥਾਪਿਤ ਕਰਨ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਰਣੀਆਂ ਵਿਖੇ ਜਲਦੀ ਹੀ ਸਰਕਾਰੀ ਸਹਾਇਤਾ ਨਾਲ ਇੱਕ ਜੁੱਤੀ ਕਲੱਸਟਰ ਦੀ ਸਥਾਪਨਾ ਕੀਤੀ ਜਾਵੇਗੀ।
ਸਮਾਗਮ ਨੂੰ ਸੰਬੋਧਨ ਕਰਦਿਆਂ ਲੀਡ ਬੈਂਕ ਦੇ ਮੈਨੇਜਰ ਸ੍ਰੀ ਚਿਰੰਜੀਵ ਸਿੰਘ ਨੇ ਕਾਰੀਗਰਾਂ ਨੂੰ ਵਿੱਤੀ ਸਾਖਰਤਾ ਅਤੇ ਉਦਯੋਗ ਸਥਾਪਿਤ ਕਰਨ ਲਈ ਮਿਲਦੀ ਬੈਕਿੰਗ ਸਹੂਲਤ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਜਿ਼ਲ੍ਹਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰ. ਸੁਖਮਿੰਦਰ ਸਿੰਘ ਰੇਖੀ ਨੇ ਕਾਰੀਗਰਾਂ ਨੂੰ ਉਨ੍ਹਾਂ ਦੇ ਉੱਦਮੀ ਬਣਨ ਤੱਕ ਹਰ ਤਰ੍ਹਾਂ ਦੀ ਸਹਾਇਤਾ ਮੁਹੱਹੀਆ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਐਨ.ਐਸ.ਆਈ.ਸੀ. ਵੱਲੋਂ ਡਿਜੀਟਲ ਮਾਰਕੀਟਿੰਗ ਨਾਲ ਸਬੰਧਤ ਸਕੀਮਾਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਜਿ਼ਲ੍ਹਾ ਇੰਪਲੀਮੈਂਟ ਕਮੇਟੀ ਦੇ ਮੈਂਬਰ ਸ੍ਰ. ਮੁਖਤਿਆਰ ਸਿੰਘ, ਸ੍ਰ. ਕੁਲਦੀਪ ਸਿੰਘ, ਸਰਪੰਚ ਸ੍ਰ. ਗੁਰਪ੍ਰੀਤ ਸਿੰਘ, ਡਾ. ਰਣਜੀਤ ਸਿੰਘ ਅਤੇ ਹੋਰ ਵੀ ਹਾਜ਼ਰ ਸਨ।
Leave a Reply