ਕਲਾਸਰੂਮ ਸਦਾ ਤੋਂ ਹੀ ਬਦਲਾਅ ਦੀ ਪ੍ਰਕਿਰਿਆ ਵਿਚੋਂ ਲੰਘਦਾ ਆ ਰਿਹਾ ਹੈ। ਕਦੇ ਤਖਤੀਆਂ, ਫਿਰ ਕਾਪੀਆਂ, ਚਾਕਬੋਰਡ, ਵ੍ਹਾਈਟਬੋਰਡ ਅਤੇ ਹੁਣ ਡਿਜ਼ਿਟਲ ਟੈਕਨੋਲੋਜੀ—ਹਰ ਦੌਰ ਨੇ ਸਿੱਖਿਆ ਦੇ ਰੂਪ ਨੂੰ ਨਵਾਂ ਆਕਾਰ ਦਿੱਤਾ ਹੈ। ਅੱਜ ਦੇ ਸਮੇਂ ਵਿੱਚ ਜਦੋਂ ਚੈਟਬੋਟ ਅਤੇ ਕ੍ਰਿਤ੍ਰਿਮ ਬੁੱਧੀ (AI) ਸਿੱਖਿਆ ਖੇਤਰ ਵਿੱਚ ਦਾਖ਼ਲ ਹੋ ਰਹੀ ਹੈ, ਤਾਂ ਇਹ ਸਵਾਲ ਉੱਠਦਾ ਹੈ ਕਿ ਕੀ ਇਹ ਤਕਨਾਲੋਜੀ ਅਧਿਆਪਕਾਂ ਅਤੇ ਰਵਾਇਤੀ ਪਾਠਨ ਪੱਧਤੀ ਦੀ ਥਾਂ ਲੈ ਲਵੇਗੀ? ਹਕੀਕਤ ਇਹ ਹੈ ਕਿ ਚੈਟਬੋਟ ਅਤੇ ਚਾਕਬੋਰਡ ਇੱਕ-ਦੂਜੇ ਦੇ ਵਿਰੋਧੀ ਨਹੀਂ, ਸਗੋਂ ਇਕ-ਦੂਜੇ ਦੇ ਸਹਿਯੋਗੀ ਬਣ ਸਕਦੇ ਹਨ।
ਚਾਕਬੋਰਡ ਰਵਾਇਤੀ ਸਿੱਖਿਆ ਦੀ ਰੂਹ ਹੈ। ਇਹ ਅਧਿਆਪਕ ਅਤੇ ਵਿਦਿਆਰਥੀ ਦਰਮਿਆਨ ਸਿੱਧੇ ਸੰਵਾਦ, ਵਿਚਾਰ-ਵਟਾਂਦਰੇ ਅਤੇ ਭਾਵਨਾਤਮਕ ਜੁੜਾਅ ਦਾ ਪ੍ਰਤੀਕ ਹੈ। ਅਧਿਆਪਕ ਵੱਲੋਂ ਚਾਕ ਨਾਲ ਲਿਖਿਆ ਹਰ ਸ਼ਬਦ ਸਿਰਫ਼ ਜਾਣਕਾਰੀ ਨਹੀਂ, ਸਗੋਂ ਅਨੁਭਵ ਅਤੇ ਮਾਰਗਦਰਸ਼ਨ ਵੀ ਹੁੰਦਾ ਹੈ। ਕਲਾਸਰੂਮ ਵਿੱਚ ਅਧਿਆਪਕ ਵਿਦਿਆਰਥੀਆਂ ਦੇ ਚਿਹਰਿਆਂ ਤੋਂ ਉਨ੍ਹਾਂ ਦੀ ਸਮਝ ਨੂੰ ਪੜ੍ਹ ਸਕਦਾ ਹੈ—ਇਹ ਗੁਣ ਕਿਸੇ ਵੀ ਮਸ਼ੀਨ ਵਿੱਚ ਸੰਭਵ ਨਹੀਂ।
ਦੂਜੇ ਪਾਸੇ, ਚੈਟਬੋਟ ਆਧੁਨਿਕ ਤਕਨਾਲੋਜੀ ਦੀ ਤਾਕਤ ਨੂੰ ਦਰਸਾਉਂਦੇ ਹਨ। ਇਹ ਵਿਦਿਆਰਥੀਆਂ ਨੂੰ ਕਿਸੇ ਵੀ ਸਮੇਂ ਸਵਾਲ ਪੁੱਛਣ, ਵਿਸ਼ੇ ਦੁਹਰਾਉਣ ਅਤੇ ਆਪਣੀ ਰਫ਼ਤਾਰ ਨਾਲ ਸਿੱਖਣ ਦਾ ਮੌਕਾ ਦਿੰਦੇ ਹਨ। ਜੋ ਬੱਚੇ ਕਲਾਸ ਵਿੱਚ ਸਵਾਲ ਪੁੱਛਣ ਤੋਂ ਹਿਚਕਚਾਉਂਦੇ ਹਨ, ਉਹ ਚੈਟਬੋਟ ਨਾਲ ਬਿਨਾਂ ਡਰ ਆਪਣੇ ਸੰਦੇਹ ਦੂਰ ਕਰ ਸਕਦੇ ਹਨ। ਅਧਿਆਪਕਾਂ ਲਈ ਵੀ ਇਹ ਤਕਨਾਲੋਜੀ ਪਾਠ ਯੋਜਨਾ ਬਣਾਉਣ, ਅਭਿਆਸ ਪ੍ਰਸ਼ਨ ਤਿਆਰ ਕਰਨ ਅਤੇ ਪ੍ਰਸ਼ਾਸਕੀ ਕੰਮਾਂ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।
ਚੈਟਬੋਟ ਕਦੇ ਵੀ ਅਧਿਆਪਕ ਦੀ ਥਾਂ ਨਹੀਂ ਲੈ ਸਕਦੇ। ਅਧਿਆਪਕ ਸਿਰਫ਼ ਪਾਠ ਪੜ੍ਹਾਉਣ ਵਾਲਾ ਨਹੀਂ, ਸਗੋਂ ਚਰਿੱਤਰ ਨਿਰਮਾਤਾ, ਮਾਰਗਦਰਸ਼ਕ ਅਤੇ ਪ੍ਰੇਰਕ ਹੁੰਦਾ ਹੈ। ਹਾਲਾਂਕਿ, ਚੈਟਬੋਟ ਉਸਦੀ ਮਦਦ ਕਰ ਸਕਦੇ ਹਨ—ਇੱਕ ਸਹਾਇਕ ਦੇ ਤੌਰ ’ਤੇ। ਜਦੋਂ ਅਧਿਆਪਕ ਕਲਾਸ ਵਿੱਚ ਧਾਰਣਾ ਸਮਝਾਉਂਦਾ ਹੈ ਅਤੇ ਬਾਅਦ ਵਿੱਚ ਵਿਦਿਆਰਥੀ ਚੈਟਬੋਟ ਰਾਹੀਂ ਉਸੇ ਵਿਸ਼ੇ ਦੀ ਦੁਹਰਾਈ ਕਰਦੇ ਹਨ, ਤਾਂ ਸਿੱਖਣ ਦੀ ਪ੍ਰਕਿਰਿਆ ਹੋਰ ਮਜ਼ਬੂਤ ਹੋ ਜਾਂਦੀ ਹੈ।
ਭਾਰਤ ਵਰਗੇ ਦੇਸ਼ ਵਿੱਚ, ਜਿੱਥੇ ਕਲਾਸਾਂ ਅਕਸਰ ਭਰੀਆਂ ਹੁੰਦੀਆਂ ਹਨ ਅਤੇ ਸਰੋਤ ਸੀਮਤ ਹਨ, ਚੈਟਬੋਟ ਅਤੇ ਚਾਕਬੋਰਡ ਦੀ ਜੋੜੀ ਬਹੁਤ ਲਾਭਦਾਇਕ ਸਾਬਤ ਹੋ ਸਕਦੀ ਹੈ। ਇੱਕ ਅਧਿਆਪਕ ਸਾਰੇ ਵਿਦਿਆਰਥੀਆਂ ਨੂੰ ਵਿਅਕਤੀਗਤ ਧਿਆਨ ਨਹੀਂ ਦੇ ਸਕਦਾ, ਪਰ ਚੈਟਬੋਟ ਇਸ ਘਾਟ ਨੂੰ ਕਾਫ਼ੀ ਹੱਦ ਤੱਕ ਪੂਰਾ ਕਰ ਸਕਦੇ ਹਨ। ਇਸਦੇ ਨਾਲ ਹੀ, ਚਾਕਬੋਰਡ ਸਿੱਖਿਆ ਨੂੰ ਸਥਾਨਕ ਭਾਸ਼ਾ, ਸਭਿਆਚਾਰ ਅਤੇ ਮੁੱਲਾਂ ਨਾਲ ਜੋੜ ਕੇ ਰੱਖਦਾ ਹੈ।
ਹਾਲਾਂਕਿ, ਸਾਵਧਾਨੀ ਵੀ ਜ਼ਰੂਰੀ ਹੈ। ਚੈਟਬੋਟਾਂ ’ਤੇ ਅਤਿ ਨਿਰਭਰਤਾ ਵਿਦਿਆਰਥੀਆਂ ਦੀ ਤਰਕਸ਼ੀਲ ਸੋਚ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਡਾਟਾ ਸੁਰੱਖਿਆ, ਸਕਰੀਨ ਟਾਈਮ ਅਤੇ ਤਕਨਾਲੋਜੀ ਤੱਕ ਅਸਮਾਨ ਪਹੁੰਚ ਵਰਗੇ ਮੁੱਦੇ ਵੀ ਧਿਆਨ ਯੋਗ ਹਨ। ਇਸ ਲਈ, ਨੀਤੀ ਨਿਰਧਾਰਕਾਂ ਅਤੇ ਸਿੱਖਿਆਕਾਰਾਂ ਨੂੰ ਸਪਸ਼ਟ ਹੱਦਾਂ ਤੈਅ ਕਰਣੀਆਂ ਚਾਹੀਦੀਆਂ ਹਨ।
ਅਧਿਆਪਕਾਂ ਦੀ ਟ੍ਰੇਨਿੰਗ ਵੀ ਬਹੁਤ ਅਹੰਕਾਰਪੂਰਕ ਹੈ। ਜਦੋਂ ਅਧਿਆਪਕ ਤਕਨਾਲੋਜੀ ਨੂੰ ਡਰ ਨਹੀਂ, ਸਗੋਂ ਇੱਕ ਸਾਧਨ ਵਜੋਂ ਸਵੀਕਾਰ ਕਰਦੇ ਹਨ, ਤਦ ਹੀ ਇਸਦਾ ਸਹੀ ਇਸਤੇਮਾਲ ਸੰਭਵ ਹੁੰਦਾ ਹੈ।
ਅੰਤ ਵਿੱਚ, ਭਵਿੱਖ ਦਾ ਕਲਾਸਰੂਮ ਰਵਾਇਤ ਅਤੇ ਤਕਨਾਲੋਜੀ ਵਿਚਕਾਰ ਟਕਰਾਅ ਨਹੀਂ, ਸਗੋਂ ਸਹਿਯੋਗ ਦੀ ਮਿਸਾਲ ਹੋਵੇਗਾ। ਚਾਕਬੋਰਡ ਸਿੱਖਿਆ ਨੂੰ ਮਨੁੱਖੀ ਬਣਾਈ ਰੱਖਦਾ ਹੈ, ਜਦਕਿ ਚੈਟਬੋਟ ਉਸਨੂੰ ਆਧੁਨਿਕ ਅਤੇ ਲਚਕੀਲਾ ਬਣਾਉਂਦੇ ਹਨ। ਜਦੋਂ ਚੈਟਬੋਟ ਅਤੇ ਚਾਕਬੋਰਡ ਦੋਸਤ ਬਣ ਜਾਂਦੇ ਹਨ, ਤਦ ਸਿੱਖਿਆ ਅੱਗੇ ਵਧਦੀ ਹੈ—ਬਿਨਾਂ ਆਪਣੀ ਰੂਹ ਗੁਆਏ।
ਜਸਵਿੰਦਰ ਪਾਲ ਸ਼ਰਮਾ
ਸਸ ਮਾਸਟਰ
ਸਸਸਸ ਹਾਕੂਵਾਲਾ
ਸ੍ਰੀ ਮੁਕਤਸਰ ਸਾਹਿਬ
79860-27454
Leave a Reply