674 ਕਿਲੋਮੀਟਰ ਅੰਡਰਗਰਾਊਂਡ ਪਾਈਪ ਲਾਈਨ ਤੇ ਪੱਕੇ ਖਾਲ ਦਾ 70 ਫੀਸਦੀ ਕੰਮ ਮੁਕੰਮਲ-ਵਿਧਾਇਕ ਅਮਰਗੜ੍ਹ
*ਕਿਹਾ,ਆਉਂਦੇ ਸੀਜ਼ਨ ਤੋਂ ਪਹਿਲਾਂ ਹਰ ਪਿੰਡ ਤੱਕ ਪਹੁੰਚੇਗਾ ਨਹਿਰੀ ਪਾਣੀ
*ਕਿਹਾ,ਆਉਂਦੇ ਸੀਜ਼ਨ ਤੋਂ ਪਹਿਲਾਂ ਹਰ ਪਿੰਡ ਤੱਕ ਪਹੁੰਚੇਗਾ ਨਹਿਰੀ ਪਾਣੀ
ਮਾਲੇਰਕੋਟਲਾ,
(ਸ਼ਹਿਬਾਜ਼ ਚੌਧਰੀ )
ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਰੋਕਣ ਅਤੇ ਕਿਸਾਨਾਂ ਨੂੰ ਸੁਚੱਜੀਆਂ ਤੇ ਟਿਕਾਊ ਸਿੰਚਾਈ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਵੱਲੋਂ ਸਬ ਡਵੀਜ਼ਨ ਅਮਰਗੜ੍ਹ ਵਿੱਚ ਇਤਿਹਾਸਕ ਪੱਧਰ ਦਾ ਸਿੰਚਾਈ ਪ੍ਰੋਜੈਕਟ ਜੰਗੀ ਪੱਧਰ ‘ਤੇ ਚਲਾਇਆ ਜਾ ਰਿਹਾ ਹੈ। ਇਸ ਪ੍ਰੋਜੈਕਟ ਤਹਿਤ 111 ਕਰੋੜ 34 ਲੱਖ ਰੁਪਏ ਦੀ ਲਾਗਤ ਨਾਲ ਕਰੀਬ 674 ਕਿਲੋਮੀਟਰ ਪੱਕੀ ਅੰਡਰਗਰਾਊਂਡ ਪਾਈਪ ਲਾਈਨ ਅਤੇ ਪੱਕੇ ਖਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਜਿਸ ਦਾ ਕਰੀਬ 70 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ।
ਇਹ ਜਾਣਕਾਰੀ ਵਿਧਾਇਕ ਅਮਰਗੜ੍ਹ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਨੇ ਤਾਰਾ ਕਾਨਵੈਂਟ ਸਕੂਲ ਵਿਖੇ ਪੰਜਾਬ ਜਲ ਸਰੋਤ ਪ੍ਰਬੰਧਨ ਅਤੇ ਵਿਕਾਸ ਨਿਗਮ ਦੇ ਅਧਿਕਾਰੀਆਂ ਅਤੇ ਕਿਸਾਨਾਂ ਨਾਲ ਹੋਈ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਸਬ ਡਵੀਜ਼ਨ ਅਮਰਗੜ੍ਹ ਦੇ ਕਰੀਬ 150 ਮੋਘਿਆਂ ਰਾਹੀਂ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਇਆ ਜਾਵੇਗਾ, ਜਿਸ ਨਾਲ ਕਿਸਾਨਾਂ ਨੂੰ ਟਿਊਬਵੈੱਲਾਂ ‘ਤੇ ਨਿਰਭਰਤਾ ਘਟਾਉਣ ਅਤੇ ਧਰਤੀ ਹੇਠਲੇ ਪਾਣੀ ਦੇ ਲਗਾਤਾਰ ਡਿੱਗਦੇ ਪੱਧਰ ਨੂੰ ਉੱਚਾ ਚੁੱਕਣ ਵਿੱਚ ਵੱਡੀ ਮਦਦ ਮਿਲੇਗੀ।ਵਿਧਾਇਕ ਨੇ ਦੱਸਿਆ ਕਿ ਇਹ ਕੰਮ ਟਿਊਬਵੈੱਲ ਕਾਰਪੋਰੇਸ਼ਨ ਮੰਡਲ ਮਾਲੇਰਕੋਟਲਾ, ਲਾਈਨਿੰਗ ਮੰਡਲ ਲੁਧਿਆਣਾ ਅਤੇ ਟਿਊਬਵੈੱਲ ਮੰਡਲ ਦੋਰਾਹਾ ਵੱਲੋਂ ਕਰਵਾਇਆ ਜਾ ਰਿਹਾ ਹੈ ਅਤੇ ਬਾਕੀ ਰਹਿੰਦਾ ਕੰਮ ਵੀ ਆਉਂਦੇ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਪੰਜਾਬ ਦੇ ਇਤਿਹਾਸ ਦੀ ਪਹਿਲੀ ਸਰਕਾਰ ਹੈ, ਜੋ ਨਹਿਰੀ ਪਾਣੀ ਦੇ ਯੋਗ ਪ੍ਰਬੰਧਨ ਨੂੰ ਹਕੀਕਤ ਬਣਾਉਂਦੀ ਨਜ਼ਰ ਆ ਰਹੀ ਹੈ। ਇਹ ਪ੍ਰੋਜੈਕਟ ਨਾ ਸਿਰਫ਼ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਮਦਦਗਾਰ ਸਾਬਤ ਹੋਵੇਗਾ, ਸਗੋਂ ਖੇਤੀਬਾੜੀ ਦੀ ਲਾਗਤ ਘਟਾ ਕੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਏਗਾ।ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਹਿਰੀ ਪਾਣੀ ਪੰਜਾਬ ਦੀ ਖ਼ੁਸ਼ਹਾਲੀ ਦੀ ਰੀੜ੍ਹ ਦੀ ਹੱਡੀ ਹੈ ਅਤੇ ਇਹ ਯੋਜਨਾ “ਰੰਗਲੇ ਤੇ ਖ਼ੁਸ਼ਹਾਲ ਪੰਜਾਬ” ਦੇ ਸੁਪਨੇ ਨੂੰ ਸਾਕਾਰ ਕਰਨ ਵੱਲ ਵੱਡਾ ਕਦਮ ਸਾਬਤ ਹੋਵੇਗੀ।
ਇਸ ਮੌਕੇ ਰੋਪੜ ਕਨਾਲ ਡਵੀਜਨ, ਸੰਗਰੂਰ ਕਨਾਲ ਡਵੀਜਨ ਅਤੇ ਲਹਿਲ ਕਨਾਲ ਡਵੀਜਨ ਦੇ ਅਧਿਕਾਰੀਆਂ ਨੇ ਕਿਸਾਨਾਂ ਨੇ ਗੱਲਬਾਤ ਕਰਕੇ ਉਨ੍ਹਾਂ ਦੀਆਂ ਯੋਗ ਮੁਸਕਲਾਂ ਦਾ ਹੱਲ ਤੁਰੰਤ ਕਰਨ ਦਾ ਭਰੋਸਾ ਵੀ ਦਿੱਤਾ । ਇਸ ਮੌਕੇ ਐਕਸ਼ੀਅਨ ਪੰਜਾਬ ਸਰੋਤ ਵਿਭਾਗ ਮਾਲੇਰਕੋਟਲਾ ਇੰਜੀ ਹਰਮਨਿੰਦਰ ਸਿੰਘ, ਐਕਸ਼ੀਅਨ ਪੰਜਾਬ ਸਰੋਤ ਵਿਭਾਗ ਲੁਧਿਆਣਾ ਡਵੀਜਨ ਕਪਤਾਨ ਏ.ਐੱਸ ਰੰਧਾਵਾ, ਐੱਸ.ਡੀ.ਓ ਜਸਦੀਪ ਸਿੰਘ, ਐਸ.ਡੀ.ਓ ਤਰੁਣ ਗਰਗ, ਐਸ.ਡੀ.ਓ ਮੁਹੰਮਦ ਮੁਦੱਸਰ, ਐਸ.ਡੀ.ਓ ਰੋਪੜ ਕਨਾਲ ਡਵੀਜਨ ਅਵਲਦੀਪ ਸਿੰਘ, ਐਸ.ਡੀ.ਓ ਲਹਿਲ ਕਨਾਲ ਡਵੀਜਨ ਪਰਮਪ੍ਰੀਤ ਸਿੰਘ, ਜੇ.ਈ ਯਾਦਵਿੰਦਰ ਸਿੰਘ, ਜ਼ਿਲੇਦਾਰ ਰਾਜ ਕਮਲ, ਜ਼ਿਲੇਦਾਰ ਤੇਜਪਾਲ ਸਿੰਘ, ਹਲਕਾ ਕੋਆਡੀਟੇਨਰ ਗੁਰਪ੍ਰੀਤ ਸਿੰਘ ਬਿੱਟੂ, ਪੀ.ਏ.ਟੂ ਐਮ.ਐਲ.ਏ ਅਭਿਜੋਤ ਸਿੰਘ ਅਤੇ ਰਾਜੀਵ ਤੋਂ ਇਲਾਵਾ ਹੋਰ ਅਧਿਕਾਰੀ ਮੋਜੂਦ ਸਨ ।
Leave a Reply