ਨਵੀਂ ਦਿੱਲੀ
(ਮਨਪ੍ਰੀਤ ਸਿੰਘ ਖਾਲਸਾ):
–
22 ਜਨਵਰੀ 2026 ਨੂੰ ਦਿੱਲੀ ਗੁਰਦੁਆਰਾ ਕਮੇਟੀ ਦਾ ਮੌਜੂਦਾ ਪ੍ਰਬੰਧਕੀ ਕਾਰਜਕਾਲ ਸਮਾਪਤ ਹੋ ਰਿਹਾ ਹੈ। ਨਿਯਮਾਂ ਅਨੁਸਾਰ ਹੁਣ ਤੱਕ ਚੋਣਾਂ ਦੀ ਤਾਰੀਖ਼ ਦਾ ਐਲਾਨ ਹੋ ਜਾਣਾ ਚਾਹੀਦਾ ਸੀ, ਪਰ ਸਮੇਂ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾਣ ਕਰਕੇ ਚੋਣਾਂ ਦਾ ਐਲਾਨ ਨਹੀਂ ਹੋ ਸਕਿਆ ਹੈ ਤੇ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਿੱਖਾਂ ਦੇ ਮਾਮਲਿਆਂ ਅੰਦਰ ਸਰਕਾਰਾਂ ਅਵੇਸਲੀਆਂ ਕਿਉਂ ਹੁੰਦੀਆਂ ਹਨ । ਇੰਨ੍ਹਾ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਚੇਅਰਮੈਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰਜੀ ਨੇ ਮੌਜੂਦਾ ਕਮੇਟੀ ਦੇ ਪ੍ਰਬੰਧਕ ਮੈਂਬਰਾਂ ਉਪਰ ਗੰਭੀਰ ਸੁਆਲ ਚੁੱਕਦਿਆਂ ਕਿਹਾ ਕਿ ਅੱਜ ਜਦੋਂ ਸੱਤਾ ਹੱਥੋਂ ਜਾਂਦੀ ਨਜ਼ਰ ਆ ਰਹੀ ਹੈ, ਤਾਂ ਇਹ ਲੋਕ ਦਿੱਲੀ ਦੇ ਉਪ-ਰਾਜਪਾਲ ਜੀ ਕੋਲੋਂ 3 ਮਹੀਨੇ ਦਾ ਵਾਧਾ ਮੰਗ ਰਹੇ ਹਨ। ਉਨ੍ਹਾਂ ਕਿਹਾ ਕਮੇਟੀ ਪ੍ਰਬੰਧਕ ਦਸਣ ਉਨ੍ਹਾਂ ਬੀਤੇ ਚਾਰ ਵਰਿਆਂ ਅੰਦਰ ਪੰਥ ਲਈ ਕਿਹੜਾ ਸ਼ਲਾਘਾਯੋਗ ਕੰਮ ਕੀਤਾ ਹੈ ।
ਕਿ ਕੌਈ ਅਸਪਤਾਲ ਬਣਵਾਇਆ..? ਕਿ ਕੌਈ ਨਵਾਂ ਸਕੂਲ/ ਕਾਲਜ ਹੋਂਦ ਵਿਚ ਲਿਆਂਦਾ ਗਿਆ..? ਬਹੁਤ ਸਾਰੇ ਉੱਠ ਰਹੇ ਹਨ ਜਿਨ੍ਹਾਂ ਬਾਰੇ ਸਮੇਂ ਸਮੇਂ ਤੇ ਤੁਹਾਡੇ ਕੋਲੋਂ ਜੁਆਬ ਮੰਗਿਆ ਜਾਏਗਾ । ਜਦਕਿ ਹੱਕੀਕਤ ਇਹ ਹੈ ਕਿ ਕਮੇਟੀ ਪ੍ਰਬੰਧ ਹੇਠ ਚਲ ਰਹੇ ਬਹੁਤੇ ਸਕੂਲਾਂ ਵਿਚ ਵਿਦਿਆਰਥੀ ਗਿਣਤੀ ਦੇ ਰਹਿ ਗਏ ਹਨ ਤੇ ਸਕੂਲਾਂ ਉਪਰ ਭਾਰੀ ਭਰਕਮ ਬਕਾਇਆ ਖੜਾ ਹੋ ਗਿਆ ਹੈ ਜਿਸ ਕਰਕੇ ਮਾਮਲਾ ਅਦਾਲਤ ਵਿਚ ਪਹੁੰਚਣ ਕਰਕੇ ਅਦਾਲਤ ਵਲੋਂ ਕਮੇਟੀ ਦੀ ਕੁਝ ਜਾਇਦਾਦ ਦੀ ਕੀਮਤ ਲਗਾਣ ਵਾਸਤੇ ਆਦੇਸ਼ ਜਾਰੀ ਕੀਤੇ ਹੋਏ ਹਨ। ਉਨ੍ਹਾਂ ਕਿਹਾ ਇਹ ਤੁਹਾਡੀ ਪ੍ਰਾਪਤੀ ਹੈ ਕਿ ਤੁਹਾਡੀ ਪ੍ਰਬੰਧਕੀ ਅਧੀਨ ਕੁਝ ਸਕੂਲ ਅਤੇ ਕਾਲਜ ਬੰਦ ਹੋ ਗਏ ਹਨ ਤੇ ਕੌਮ ਦਾ ਸਰਮਾਇਆ ਭਾਰੀ ਕਰਜੇ ਕਰਕੇ ਕੁਰਕ ਹੋਣ ਤੇ ਆ ਗਿਆ ਹੈ । ਉਨ੍ਹਾਂ ਧਰਮ ਪ੍ਰਚਾਰ ਬਾਰੇ ਗੱਲ ਕਰਦਿਆਂ ਕਿਹਾ ਕਿ ਧਰਮ ਪ੍ਰਚਾਰ ਮੁੱਖੀ ਗੂੰਗਾ ਹੈ ਉਨ੍ਹਾਂ ਪੰਥ ਲਈ ਪ੍ਰਚਾਰ ਕਿਦਾਂ ਕੀਤਾ ਜਾਂਦਾ ਹੈ ਬਾਰੇ ਕੁਝ ਪਤਾ ਹੀ ਨਹੀਂ ਹੈ । ਉਨ੍ਹਾਂ ਕਿਹਾ ਜਦੋ ਸ਼ਤਾਬਦੀਆਂ ਦੇ ਸਮਾਗਮ ਤਕ ਧਰਮ ਪ੍ਰਚਾਰ ਵਲੋਂ ਨਹੀਂ ਕਰਵਾਏ ਜਾ ਸਕੇ ਤੇ ਓਹ ਵੀ ਸਰਕਾਰ ਵਲੋਂ ਕਰਵਾਏ ਗਏ ਇਸ ਤੋਂ ਵੱਧ ਪੰਥ ਲਈ ਸ਼ਰਮਿੰਦਗੀ ਦੀ ਹੋਰ ਕੀ ਗੱਲ ਹੋ ਸਕਦੀ ਹੈ । ਉਨ੍ਹਾਂ ਕਿਹਾ ਮੇਰੀ ਉਪ-ਰਾਜਪਾਲ ਨੂੰ ਅਪੀਲ ਹੈ ਕਿ ਐਸੀ ਕਮੇਟੀ ਨੂੰ ਉਨ੍ਹਾਂ ਦੇ ਕਾਰਜਕਾਲ ਦੇ ਸਮੇਂ ਦੀ ਮਿਆਦ ਵਿਚ ਕਿਸੇ ਵੀ ਤਰ੍ਹਾਂ ਦਾ ਵਾਧਾ ਨਾ ਦਿੱਤਾ ਜਾਵੇ। ਨਾਲ ਹੀ, ਸੰਗਤ ਕੋਲ ਵੀ ਅਪੀਲ ਹੈ ਕਿ ਇਨ੍ਹਾਂ ਦੀ ਨੀਅਤ ਨੂੰ ਸਮਝਣ, ਵੱਧ ਤੋਂ ਵੱਧ ਗਿਣਤੀ ਵਿੱਚ ਵੋਟ ਬਣਵਾਉਣ ਅਤੇ ਪੰਥ ਹਿਤ ਵਿੱਚ ਆਪਣਾ ਯੋਗਦਾਨ ਪਾਉਣ। ਕਿਉਕਿ ਇਹ ਵੋਟਾਂ ਘੱਟ ਬਣ ਰਹੀਆਂ ਹਨ ਦਾ ਬਹਾਨਾ ਬਣਾ ਕੇ ਕਮੇਟੀ ਤੇ ਕਾਬਿਜ ਰਹਿਣਾ ਚਾਹੁੰਦੇ ਹਨ ਤੇ ਆਪ ਜੀ ਇੰਨ੍ਹਾ ਦੇ ਕਾਰਜਕਾਲ ਦੀਆਂ ਪ੍ਰਾਪਤੀਆਂ ਬਾਰੇ ਭਲੀ ਭਾਂਤ ਜਾਣੂ ਹੋ ਚੁੱਕੇ ਹੋ ਤੇ ਹੁਣ ਸਮਾਂ ਬਦਲਾਵ ਦਾ ਹੈ ਇਸ ਲਈ ਪੰਥ ਦਾ ਸਰਮਾਇਆ ਬਚਾਉਣ ਲਈ ਤੁਹਾਨੂੰ ਅੱਗੇ ਆਣ ਦੀ ਲੋੜ ਹੈ ।
Leave a Reply