ਲੁਧਿਆਣਾ
( ਜਸਟਿਸ ਨਿਊਜ਼ )
–
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਤਹਿਤ ਬਾਗਬਾਨੀ ਵਿਭਾਗ ਵੱਲੋਂ ਕੁਦਰਤੀ ਆਫਤਾਂ ਨਾਲ ਹੋਏ ਸਬਜੀਆਂ ਦੇ ਨੁਕਸਾਨ ਲਈ ਵਿੱਤੀ ਸਹਾਇਤਾ ਦਿੱਤੀ ਜਾਵੇਗੀਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ, ਡਾ. ਦਲਬੀਰ ਸਿੰਘ ਡਿਪਟੀ ਡਾਇਰੈਕਟਰ ਬਾਗਬਾਨੀ ਲੁਧਿਆਣਾ ਵੱਲੋਂ ਪ੍ਰੈਸ ਨੋਟ ਰਾਹੀਂ ਜਾਣਕਾਰੀ ਦਿੰਦਿਆਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਹੁਕਮਾਂ ਅਤੇ ਸ਼ੈਲੇਂਦਰ ਕੌਰ (ਆਈ.ਐਫ.ਐਸ.) ਡਾਇਰੈਕਟਰ ਬਾਗਬਾਨੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੌਮੀ ਬਾਗਬਾਨੀ ਮਿਸ਼ਨ ਅਧੀਨ ਕਿਸਾਨ ਦੋਗਲੀਆਂ (ਹਾਈਬ੍ਰਿਡ) ਸਬਜੀਆਂ ਲਈ 24000 ਰੁਪਏ ਪ੍ਰਤੀ ਹੈਕਟੇਅਰ ਅਤੇ ਓਪਨ ਪੌਲੀਨੇਟਿਡ ਲਸਣ, ਪਿਆਜ ਅਤੇ ਪੱਤੇਦਾਰ ਸਬਜੀਆਂ ਆਦਿ ਲਈ 20000 ਰੁਪਏ ਪ੍ਰਤੀ ਹੈਕਟੇਅਰ ਸਹਾਇਤਾ ਪ੍ਰਾਪਤ ਕਰ ਸਕਦੇ ਹਨ।
ਡਿਪਟੀ ਡਾਇਰੈਕਟਰ ਡਾ. ਦਲਬੀਰ ਸਿੰਘ ਨੇ ਇਹ ਵੀ ਸਪੱਸ਼ਟ ਕੀਤਾ ਕਿ ਵੱਧ ਤੋ ਵੱਧ 2 ਹੈਕਟੇਅਰ ਪ੍ਰਤੀ ਕਿਸਾਨ ਵਿੱਤੀ ਸਬਸਿਡੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜਿਲ੍ਹਾ ਲੁਧਿਆਣਾ ਦੇ ਬਾਗਬਾਨੀ ਵਿਕਾਸ ਅਫਸਰਾਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਕਿਸਾਨ ਵੀਰਾਂ ਨਾਲ ਰਾਬਤਾ ਕਾਇਮ ਕਰਕੇ ਤੁਰੰਤ ਫਾਈਲਾਂ ਭੇਜੀਆਂ ਜਾਣ ਤਾਂ ਜੋ ਕੁਦਰਤੀ ਆਫਤਾਂ ਨਾਲ ਹੋਏ ਸਬਜੀਆਂ ਦੇ ਨੁਕਸਾਨ ਦੀ ਕਿਸਾਨਾਂ ਨੂੰ ਰਾਹਤ ਦਿੱਤੀ ਜਾ ਸਕੇ। ਉਨ੍ਹਾਂ ਕਿਸਾਨ ਭਰਾਵਾਂ ਨੂੰ ਕਣਕ ਅਤੇ ਝੋਨੇ ਤੋਂ ਉਪਰ ਉਠ ਕੇ ਸਬਜੀਆਂ ਦੀ ਕਾਸ਼ਤ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਸਬਜ਼ੀਆਂ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਬਲਾਕ ਪੱਧਰ ‘ਤੇ ਬਾਗਬਾਨੀ ਵਿਕਾਸ ਅਫਸਰ ਨਾਲ ਸੰਪਰਕ ਕਰਦਿਆਂ ਵਿੱਤੀ ਸਹਾਇਤਾ ਲਈ ਅਪਲਾਈ ਕਰਕੇ ਵੱਧ ਤੋਂ ਵੱਧ ਲਾਭ ਲਿਆ ਜਾਵੇ। ਇਸ ਤੋਂ ਇਲਾਵਾ ਬਾਗਬਾਨੀ ਵਿਭਾਗ ਵੱਲੋਂ ਕੌਮੀ ਬਾਗਬਾਨੀ ਮਿਸ਼ਨ ਤਹਿਤ ਵੱਖ-ਵੱਖ ਮੱਦਾਂ ਜਿਸ ਵਿੱਚ ਸ਼ੇਡ ਨੈਟ ਹਾਊਸ, ਬਾਗਬਾਨੀ ਯੰਤਰੀਕਰਨ, ਮੱਧੂ ਮੱਖੀਆਂ ਪਾਲਣ, ਪਲਾਸਟਿਕ ਟੰਨਲ/ਮਲਚਿੰਗ, ਗੰਡੋਆ ਖਾਦ ਤਿਆਰ ਕਰਨ, ਖੁੰਬ ਯੁਨਿਟ ਅਤੇ ਕੋਲਡ ਸਟੋਰਾਂ ਲਈ ਵੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ।
Leave a Reply