ਧਰਮਕੋਟ (ਮੋਗਾ)
( ਮਨਪ੍ਰੀਤ ਸਿੰਘ/ ਗੁਰਜੀਤ ਸੰਧੂ )
ਸਬ ਡਵੀਜ਼ਨਲ ਮੈਜਿਸਟ੍ਰੇਟ ਧਰਮਕੋਟ ਹਿਤੇਸ਼ਵੀਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਧਰਮਕੋਟ ਦੀ ਹੱਦ ਅੰਦਰ ਚਾਇਨਾ ਡੋਰ (ਨਾਇਲੋਨ/ਚਾਈਨੀਜ਼ ਮਾਂਝਾ) ਦੀ ਵਰਤੋਂ, ਵਿਕਰੀ, ਸਟੋਰੇਜ ਆਦਿ ਤੇ ਮੁਕੰਮਲ ਪਾਬੰਦੀ ਹੋਵੇਗੀ।ਐਸ.ਡੀ.ਐਮ. ਧਰਮਕੋਟ ਨੇ ਕਿਹਾ ਕਿ ਚਾਇਨਾ ਡੋਰ ਤੇਜ਼ ਅਤੇ ਘਾਤਕ ਬਣਤਰ ਕਾਰਨ ਮਨੁੱਖੀ ਜਾਨ, ਪੰਛੀਆਂ, ਪਸ਼ੂਆਂ ਅਤੇ ਜਨ ਸੰਪਤੀ ਲਈ ਗੰਭੀਰ ਖਤਰਨਾਕ ਹੈ। ਪਿਛਲੇ ਸਮੇਂ ਦੌਰਾਨ ਚਾਇਨਾ ਡੋਰ ਕਾਰਨ ਮੋਟਰਸਾਈਕਲ ਸਵਾਰਾਂ, ਪੈਦਲ ਯਾਤਰੀਆਂ ਅਤੇ ਬੱਚਿਆਂ ਨਾਲ ਗੰਭੀਰ ਹਾਦਸਿਆਂ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਤੋਂ ਇਲਾਵਾ, ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ ਪਹੁੰਚਣ ਕਾਰਨ ਜਨ ਸੁਰੱਖਿਆ ਅਤੇ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੁੰਦੀ ਹੈ।ਉੱਪ ਮੰਡਲ ਮੈਜਿਸਟਰੇਟ ਸ੍ਰੀ ਹਿਤੇਸ਼ ਵੀਰ ਗੁਪਤਾ ਨੇ ਸਪੱਸ਼ਟ ਕੀਤਾ ਕਿ ਚਾਇਨਾ ਡੋਰ ਦੀ ਪਾਬੰਦੀ ਲਈ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆ ਖਿਲਾਫ਼ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕਰਕੇ ਸਬੰਧਤ ਦਾ ਸਾਮਾਨ ਜ਼ਬਤ ਕਰਕੇ ਮਾਮਲਾ ਦਰਜ਼ ਕੀਤਾ ਜਾਵੇਗਾ।
ਐਸ.ਡੀ.ਐਮ. ਗੁਪਤਾ ਨੇ ਧਰਮਕੋਟ ਸਬ ਡਵੀਜ਼ਨ ਦੇ ਸਮੂਹ ਦੁਕਾਨਦਾਰਾਂ, ਵਪਾਰੀਆਂ ਅਤੇ ਆਮ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਚੀਨੀ ਡੋਰ ਨਾਲ ਸੰਬੰਧਿਤ ਹਰ ਕਿਸਮ ਦੀ ਗਤੀਵਿਧੀ ਤੋਂ ਤੁਰੰਤ ਤੌਰ ’ਤੇ ਬਚਿਆ ਜਾਵੇ। ਉਨ੍ਹਾਂ ਵਿਸ਼ੇਸ਼ ਤੌਰ ਤੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚਾਇਨਾ ਡੋਰ ਵਰਗੇ ਖਤਰਨਾਕ ਮਾਂਝੇ ਤੋਂ ਦੂਰ ਰੱਖਣ ਦੀ ਅਪੀਲ ਕੀਤੀ।ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ, ਮੋਗਾ ਦੇ ਹੁਕਮਾਂ ਅਨੁਸਾਰ ਪੁਲਿਸ ਵਿਭਾਗ ਅਤੇ ਸੰਬੰਧਿਤ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਨਿਯਮਿਤ ਚੈਕਿੰਗ ਅਤੇ ਸਖ਼ਤ ਇਨਫੋਰਸਮੈਂਟ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਚੀਨੀ ਡੋਰ ਦੀ ਵਿਕਰੀ ਜਾਂ ਵਰਤੋਂ ਬਾਰੇ ਕੋਈ ਵੀ ਜਾਣਕਾਰੀ ਨੇੜਲੇ ਪੁਲਿਸ ਥਾਣੇ ਜਾਂ ਸਬ ਡਵੀਜ਼ਨਲ ਮੈਜਿਸਟ੍ਰੇਟ ਦਫ਼ਤਰ, ਧਰਮਕੋਟ ਨੂੰ ਦਿੱਤੀ ਜਾ ਸਕਦੀ ਹੈ।
Leave a Reply