ਸੁਲਤਾਨਪੁਰ ਲੋਧੀ / ਜਲੰਧਰ
( ਜਸਟਿਸ ਨਿਊਜ਼)
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਓਮਾਨ ਵਿੱਚ ਫਸੀਆਂ ਪੰਜ ਪੰਜਾਬੀ ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਲਿਆਂਦਾ ਗਿਆ ਹੈ। ਇਨ੍ਹਾਂ ਵਿੱਚੋਂ ਇੱਕ ਜਲੰਧਰ ਜ਼ਿਲ਼੍ਹੇ ਦੀ ਰਹਿਣ ਵਾਲੀ ਪੀੜਤਾ ਨੇ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਹੁੰਚੀ, ਕੇ ਆਪਣੀ ਦਰਦਨਾਕ ਆਪਬੀਤੀ ਸਾਂਝੀ ਕਰਦਿਆਂ ਕਿਹਾ ਕਿ ਜੇਕਰ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਸਮੇਂ ਸਿਰ ਮਦਦ ਨਾ ਕੀਤੀ ਹੁੰਦੀ ਤਾਂ ਇਹ ਵਾਪਸੀ ਸ਼ਾਇਦ ਸੰਭਵ ਨਹੀਂ ਸੀ। ਜ਼ਿਕਰਯੋਗ ਹੈ ਕਿ ਪੀੜਤਾ ਦੇ ਪਰਿਵਾਰਕ ਮੈਂਬਰਾਂ ਨੇ 16 ਦਸੰਬਰ 2025 ਨੂੰ ਸੰਤ ਸੀਚੇਵਾਲ ਨਾਲ ਸੰਪਰਕ ਕੀਤਾ ਸੀ, ਜਿਨ੍ਹਾਂ ਵੱਲੋਂ ਤੁਰੰਤ ਵਿਦੇਸ਼ ਮੰਤਰਾਲੇ ਕੋਲ ਮਾਮਲਾ ਉਠਾਉਣ ਸਦਕਾ ਇਸ ਪੀੜਤਾ ਦੀ 14 ਦਿਨਾਂ ਦੇ ਅੰਦਰ ਸੁਰੱਖਿਅਤ ਵਾਪਸੀ ਸੰਭਵ ਹੋ ਸਕੀ।
ਪੀੜਤਾ ਨੇ ਦੱਸਿਆ ਕਿ ਉਹ 30 ਦਸੰਬਰ ਨੂੰ ਚਾਰ ਹੋਰ ਲੜਕੀਆਂ ਦੇ ਨਾਲ ਭਾਰਤ ਵਾਪਸ ਪਹੁੰਚੀ ਸੀ। ਜਿਹਨਾਂ ਬਾਰੇ ਸੰਤ ਸੀਚੇਵਾਲ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਕੇ ਓਮਾਨ ਵਿੱਚ ਫਸੀਆਂ 70 ਭਾਰਤੀ ਲੜਕੀਆਂ ਦੀ ਸੁਰੱਖਿਅਤ ਵਾਪਸੀ ਦੀ ਅਪੀਲ ਕੀਤੀ ਗਈ ਸੀ। ਉਸਨੇ ਦੱਸਿਆ ਕਿ ਸਤੰਬਰ ਮਹੀਨੇ ਵਿੱਚ ਰੋਜ਼ਗਾਰ ਦੇ ਸੁਪਨੇ ਦਿਖਾ ਕੇ ਉਸਨੂੰ ਵਿਦੇਸ਼ ਲਿਜਾਇਆ ਗਿਆ ਸੀ, ਪਰ ਓਮਾਨ ਪਹੁੰਚਣ ਤੇ ਉਸਨੂੰ ਪਤਾ ਲੱਗਾ ਕਿ ਉਸਨੂੰ 1200 ਰਿਆਲ ਦੇ ਬਦਲੇ ਵੇਚ ਦਿੱਤਾ ਗਿਆ ਹੈ। ਪੀੜਤਾ ਨੇ ਖੁਲਾਸਾ ਕੀਤਾ ਕਿ ਉਸਨੂੰ ਇਸ ਜਾਲ ਵਿੱਚ ਫਸਾਉਣ ਵਾਲੀ ਕੋਈ ਹੋਰ ਨਹੀਂ, ਸਗੋਂ ਉਸਦੀ ਆਪਣੀ ਮਾਮੀ ਸੀ, ਜੋ ਉਸਨੂੰ ਓਮਾਨ ਛੱਡ ਕੇ ਖੁਦ ਭਾਰਤ ਵਾਪਸ ਆ ਗਈ। ਪੀੜਤਾ ਨੇ ਦੱਸਿਆ ਕਿ ਮਾਮੀ ਦੇ ਧੋਖੇ ਕਾਰਣ ਓਮਾਨ ਵਿੱਚ ਬਿਤਾਏ ਚਾਰ ਮਹੀਨੇ ਉਸਦੀ ਜ਼ਿੰਦਗੀ ਦੇ ਸਭ ਤੋਂ ਡਰਾਉਣੇ ਦਿਨ ਸਨ, ਜੋ ਉਹ ਕਦੇ ਭੁੱਲ ਨਹੀਂ ਸਕੇਗੀ।
ਪੀੜਤਾ ਨੇ ਦੱਸਿਆ ਕਿ ਉੱਥੇ ਉਸਨੂੰ ਜ਼ਬਰਨ ਗਲਤ ਕੰਮਾਂ ਲਈ ਮਜਬੂਰ ਕੀਤਾ ਗਿਆ। ਵਿਰੋਧ ਕਰਨ ’ਤੇ ਉਸ ਨਾਲ ਬਦਸਲੂਕੀ ਅਤੇ ਮਾਰ-ਕੁੱਟ ਕੀਤੀ ਜਾਂਦੀ ਸੀ। ਜਦੋਂ ਉਸਨੇ ਭਾਰਤ ਵਾਪਸ ਜਾਣ ਦੀ ਮੰਗ ਕੀਤੀ ਤਾਂ ਦੋ ਲੱਖ ਰੁਪਏ ਜਾਂ ਭਾਰਤ ਤੋਂ ਦੋ ਹੋਰ ਲੜਕੀਆਂ ਭੇਜਣ ਦਾ ਦਬਾਅ ਬਣਾਇਆ ਗਿਆ। ਉਸਨੇ ਦੱਸਿਆ ਕਿ ਉਹ ਦੋ ਮਹੀਨੇ ਤੱਕ ਤਾਂ ਪਰਿਵਾਰ ਵਿੱਚ ਕੰਮ ਕਰਦੀ ਰਹੀ ਪਰ ਜਦੋ ਉਸ ਨੂੰ ਲੱਗਾ ਕੇ ਹੁਣ ਉਹ ਆਪਣੀ ਇਜ਼ਤ ਨਹੀ ਬਚਾ ਪਾਵੇਗੀ ਤਾਂ ਉਹ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਇੱਕ ਸੁਰੱਖਿਅਤ ਥਾਂ ਤੱਕ ਪਹੁੰਚੀ, ਜਿੱਥੇ ਪਹਿਲਾਂ ਹੀ ਲਗਭਗ 70 ਹੋਰ ਭਾਰਤੀ ਲੜਕੀਆਂ ਅਜਿਹੇ ਹਾਲਾਤਾਂ ’ਚ ਫਸੀਆਂ ਹੋਈਆਂ ਸਨ। ਪੀੜਤਾ ਨੇ ਦੱਸਿਆ ਕਿ ਮਹੀਨੇ ਦੇ ਕਰੀਬ ਫਸੀਆਂ ਲੜਕੀਆਂ ਵਿੱਚ ਰਹੀ ਹੈ, ਉਸਨੂੰ ਪਤਾ ਲੱਗਾ ਮਸਕਟ ਓਮਾਨ ਵਿੱਚ ਲੜਕੀਆਂ ਨੂੰ ਬੁਲਾ ਕੇ ਇਕ ਤਰੀਕੇ ਨਾਲ ਵੇਚਿਆ ਜਾ ਰਿਹਾ ਹੈ। ਉੱਥੇ ਬੁਲਾ ਕੇ ਲੜਕੀਆਂ ਨੂੰ ਘਰੇਲੂ ਕੰਮ ਦਾ ਕਹਿ ਕੇ ਘਰਾਂ ਵਿੱਚ ਸਰੀਰਿਕ ਸੰਬੰਧ ਬਣਾਉਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ।
ਪੀੜਤਾ ਨੇ ਅਪੀਲ ਕਰਦਿਆ ਕਿਹਾ ਕਿ ਓਮਾਨ ਦੇ ਹਲਾਤ ਲੜਕੀਆਂ ਲਈ ਸੁਰੱਖਿਅਤ ਨਹੀ ਹਨ। ਕਿਉਂਕਿ ਲੜਕੀਆਂ ਨੂੰ ਪਹਿਲਾਂ ਵੱਡੇ-ਵੱਡੇ ਸੁਪਨਿਆਂ ਨਾਲ ਭਰਮਾਇਆ ਜਾਂਦਾ ਹੈ। ਪਰ ਉੱਥੇ ਪਹੁੰਚਣ ਤੇ ਅਸਲੀਅਤ ਹੋਰ ਹੁੰਦੀ ਹੈ। ਉੱਥੇ ਲੜਕੀਆਂ ਨੂੰ ਜਿਨਸੀ ਕੰਮਾਂ ਲਈ ਮਜਬੂਰ ਕੀਤਾ ਜਾਂਦਾ ਹੈ, ਵਿਰੋਧ ਕਰਨ ਤੇ ਬਦਸਲੂਕੀ ਮਾਰ-ਕੱੁਟ ਜਾ ਖਾਣਾ ਦੇਣਾ ਬੰਦ ਕਰ ਦਿੱਤਾ ਜਾਂਦਾ ਹੈ। ਜਾਂ ਫਿਰ ਵਾਪਸੀ ਲਈ ਲੱਖਾਂ ਰੁਪਏ ਦੀ ਮੰਗ ਜਾਂ ਭਾਰਤ ਤੋਂ ਹੋਰ ਲੜਕੀਆਂ ਨੂੰ ਬੁਲਾਉਣ ਦਾ ਦਬਾਅ ਪਾਇਆ ਜਾਂਦਾ ਹੈ।
*ਬਾਕਸ ਆਈਟਮ : 70 ਲੜਕੀਆਂ ਬਾਰੇ ਵਿਦੇਸ਼ ਮੰਤਰਾਲੇ ਨੂੰ ਲਿਿਖਆ ਗਿਆ ਪੱਤਰ*
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਸੀਚੇਵਾਲ ਨੇ ਕਿਹਾ ਕਿ ਅਰਬ ਦੇਸ਼ਾਂ ਵਿੱਚ ਭਾਰਤੀ ਲੜਕੀਆਂ ਦਾ ਸ਼ੋਸ਼ਣ ਬਹੁਤ ਹੀ ਗੰਭੀਰ ਅਤੇ ਚਿੰਤਾਜਨਕ ਮਸਲਾ ਹੈ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਹੀ ਉਹਨਾਂ ਵੱਲੋਂ ਓਮਾਨ ਵਿੱਚ ਫਸੀਆਂ ਲਗਭਗ 70 ਲੜਕੀਆਂ ਬਾਰੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਿਖਆ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦਿਆਂ ਪੰਜ ਲੜਕੀਆਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਿਆ ਗਿਆ। ਉਨ੍ਹਾਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਮਨੁੱਖੀ ਤਸਕਰੀ ਨਾਲ ਜੁੜੇ ਗਿਰੋਹਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਜੋ ਭਵਿੱਖ ਵਿੱਚ ਕੋਈ ਹੋਰ ਧੀ ਇਸ ਤਰ੍ਹਾਂ ਦੇ ਜਾਲ ਦਾ ਸ਼ਿਕਾਰ ਨਾ ਬਣੇ।
Leave a Reply