(ਸੰਕਲਪ ਬਣਾਓ, ਸੁਪਨਿਆਂ ਨੂੰ ਨਵੀਂ ਰੌਸ਼ਨੀ ਦਿਓ)
ਨਵਾਂ ਸਾਲ ਸਾਰੀ ਦੁਨੀਆ ਵਿੱਚ ਇਕ ਜਨਵਰੀ ਨੂੰ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਸਿਰਫ਼ ਤਾਰੀਖ ਦਾ ਬਦਲਾਅ ਨਹੀਂ, ਸਗੋਂ ਤਾਜ਼ਗੀ, ਨਵੀਆਂ ਉਮੀਦਾਂ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੈ। ਲੋਕ ਇਸ ਦਿਨ ਪਿਛਲੇ ਸਾਲ ਦੀਆਂ ਯਾਦਾਂ ਅਤੇ ਕੀਤੇ ਹੋਏ ਕੰਮਾਂ ਬਾਰੇ ਸੋਚਦੇ ਹਨ ਅਤੇ ਆਪਣੇ ਜੀਵਨ ਨੂੰ ਹੋਰ ਸੁਧਾਰਨ ਦਾ ਫੈਸਲਾ ਲੈਂਦੇ ਹਨ। ਨਵਾਂ ਸਾਲ ਸਾਨੂੰ ਇਹ ਸੰਦੇਸ਼ ਦਿੰਦਾ ਹੈ ਕਿ ਹਰ ਦਿਨ ਇੱਕ ਨਵਾਂ ਮੌਕਾ ਲੈ ਕੇ ਆਉਂਦਾ ਹੈ।
ਰਿਵਾਇਤਾਂ ਅਤੇ ਵਿਸ਼ਵਾਸ – ਚੰਗੀ ਸ਼ੁਰੂਆਤ ਦੀ ਪ੍ਰੇਰਣਾ :- ਬਹੁਤੇ ਲੋਕ ਮੰਨਦੇ ਹਨ ਕਿ ਨਵੇਂ ਸਾਲ ਦੇ ਪਹਿਲੇ ਦਿਨ ਕੀਤਾ ਗਿਆ ਕੰਮ ਸਾਲ ਭਰ ਅਸਰ ਪਾਂਦਾ ਹੈ। ਉਹ ਕਹਿੰਦੇ ਹਨ ਕਿ ਜੇ ਅਸੀਂ ਪਹਿਲੇ ਦਿਨ ਚੰਗੇ ਕੰਮ ਕਰੀਏ, ਤਾਂ ਸਾਰਾ ਸਾਲ ਸਾਡੇ ਚੰਗੇ ਕੰਮ ਹੀ ਹੋਣਗੇ। ਹਾਲਾਂਕਿ ਇਸ ਦਾ ਕੋਈ ਵਿਗਿਆਨਿਕ ਸਬੂਤ ਨਹੀਂ, ਪਰ ਇਹ ਵਿਸ਼ਵਾਸ ਲੋਕਾਂ ਵਿੱਚ ਉਮੀਦ ਅਤੇ ਸਕਾਰਾਤਮਕ ਸੋਚ ਪੈਦਾ ਕਰਦਾ ਹੈ।
ਭਾਰਤ ਵਿੱਚ ਨਵੇਂ ਸਾਲ ਦੀਆਂ ਵੱਖ-ਵੱਖ ਰਿਵਾਇਤਾਂ :- ਭਾਰਤ ਇਕ ਵਿਭਿੰਨਤਾ ਭਰਿਆ ਦੇਸ਼ ਹੈ, ਇਸ ਲਈ ਇੱਥੇ ਨਵਾਂ ਸਾਲ ਕਈ ਤਰੀਕਿਆਂ ਨਾਲ ਮਨਾਇਆ ਜਾਂਦਾ ਹੈ:
* ਪੰਜਾਬ ਵਿੱਚ ਵਿਸਾਖੀ – ਨਵਾਂ ਸਾਲ ਅਤੇ ਫਸਲ ਕਟਣ ਦਾ ਤਿਉਹਾਰ।
* ਮਹਾਰਾਸ਼ਟਰ ਵਿੱਚ ਗੁਡੀ ਪੜਵਾ – ਨਵੀਂ ਸਾਲ ਦੀ ਸ਼ੁਰੂਆਤ ਦਾ ਤਿਉਹਾਰ।
* ਦੱਖਣ ਭਾਰਤ ਵਿੱਚ ਉਗਾਦੀ – ਨਵਾਂ ਸਾਲ ਮੰਨਿਆ ਜਾਂਦਾ ਹੈ।
* ਗੁਜਰਾਤ ਵਿੱਚ ਦਿਵਾਲੀ ਤੋਂ ਅਗਲਾ ਦਿਨ – ਗੁਜਰਾਤੀ ਨਵਾਂ ਸਾਲ ਹੁੰਦਾ ਹੈ।
* ਕੇਰਲਾ ਵਿੱਚ ਵਿਸ਼ੂ – ਨਵੇਂ ਸਾਲ ਅਤੇ ਚੰਗੇ ਭਾਗ ਦੀ ਸ਼ੁਰੂਆਤ ਦਾ ਤਿਉਹਾਰ।
* ਅਸਾਮ ਵਿੱਚ ਬਿਹੂ – ਫਸਲ ਕਟਣ ਅਤੇ ਨਵੇਂ ਸਾਲ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ।
* ਤਾਮਿਲਨਾਡੂ ਵਿੱਚ ਪੁਤਥੰਡੂ – ਤਾਮਿਲ ਨਵਾਂ ਸਾਲ ਮੰਨਿਆ ਜਾਂਦਾ ਹੈ।
* ਪੱਛਮੀ ਬੰਗਾਲ ਵਿੱਚ ਪੋਇਲਾ ਬੈਸ਼ਾਖ – ਬੰਗਾਲੀ ਨਵਾਂ ਸਾਲ ਮਨਾਉਂਦੇ ਹਨ।
ਇਹ ਤਿਉਹਾਰ ਨਵੀਂ ਸ਼ੁਰੂਆਤ, ਖੁਸ਼ਹਾਲੀ ਅਤੇ ਭਾਰਤੀਆਂ ਦੀ ਏਕਤਾ ਦਾ ਸੰਦੇਸ਼ ਦਿੰਦੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ, ਧਰਮ, ਸਭਿਆਚਾਰ ਭਾਵੇਂ ਵੱਖਰਾ-ਵੱਖਰਾ ਹੈ, ਪਰ “ਅਸੀਂ ਸਭ ਭਾਰਤ ਦੀ ਸਾਂਝੀ ਰਾਸ਼ਟਰੀ ਪਹਿਚਾਣ ਨਾਲ ਜੁੜੇ ਹੋਏ ਨਾਗਰਿਕ ਹਾਂ।”
ਨਵੇਂ ਸਾਲ ਦੇ ਸੰਕਲਪ – ਆਪਣੇ ਆਪ ਨਾਲ ਵਾਅਦਾ :- ਨਵੇਂ ਸਾਲ ਦੇ ਮੌਕੇ ‘ਤੇ ਲੋਕ ਆਪਣੇ ਲਈ ਨਵੇਂ ਟੀਚੇ ਨਿਰਧਾਰਤ ਕਰਦੇ ਹਨ। ਕੁਝ ਸਿਹਤ ਸੁਧਾਰਨ ਦਾ ਫੈਸਲਾ ਲੈਂਦੇ ਹਨ, ਕੁਝ ਪੜ੍ਹਾਈ ਜਾਂ ਨੌਕਰੀ ਵਿੱਚ ਹੋਰ ਮਿਹਨਤ ਕਰਨ ਦਾ। ਇਹ ਸੰਕਲਪ ਸਾਨੂੰ ਪ੍ਰੇਰਿਤ ਕਰਦੇ ਹਨ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਦਿਸ਼ਾ ਵੱਲ ਲੈ ਕੇ ਜਾਈਏ।
ਨਵਾਂ ਸਾਲ – ਖੁਸ਼ੀ ਅਤੇ ਨਵੀਂ ਸ਼ੁਰੂਆਤ ਦਾ ਪ੍ਰਤੀਕ :-
ਨਵਾਂ ਸਾਲ ਸਾਨੂੰ ਸਿਖਾਉਂਦਾ ਹੈ ਕਿ ਪਿਛਲੇ ਦੁੱਖ ਅਤੇ ਗਲਤੀਆਂ ਨੂੰ ਪਿੱਛੇ ਛੱਡਕੇ ਅੱਗੇ ਵਧਣਾ ਚਾਹੀਦਾ ਹੈ। ਹਰ ਉਮਰ ਦੇ ਲੋਕ ਖੁਸ਼ੀ ਨਾਲ ਇਸ ਦਿਨ ਦਾ ਸਵਾਗਤ ਕਰਦੇ ਹਨ ਅਤੇ ਆਪਣੇ ਸੁਪਨਿਆਂ ਨੂੰ ਨਵੀਂ ਰੌਸ਼ਨੀ ਦਿੰਦੇ ਹਨ। ਆਓ, ਇਸ ਨਵੇਂ ਸਾਲ ਨੂੰ ਨਵੀਂ ਉਮੀਦ, ਜੋਸ਼ ਅਤੇ ਆਤਮ-ਵਿਸ਼ਵਾਸ ਨਾਲ ਸ਼ੁਰੂ ਕਰੀਏ ਅਤੇ ਆਪਣੀ ਜ਼ਿੰਦਗੀ ਨੂੰ ਕਾਮਯਾਬ ਬਣਾਈਏ।
ਵਿਦਿਆਰਥੀਆਂ ਲਈ ਖਾਸ ਸੰਦੇਸ਼ :-
ਪਿਆਰੇ ਵਿਦਿਆਰਥੀਓ! ਨਵੇਂ ਸਾਲ ਦੀਆਂ ਬਹੁਤ ਮੁਬਾਰਕਾਂ! ਤੁਸੀਂ ਸਾਡੇ ਦੇਸ਼ ਦਾ ਭਵਿੱਖ ਹੋ। ਇਹ ਨਵਾਂ ਸਾਲ ਤੁਹਾਡੇ ਲਈ ਨਵੀਂ ਪ੍ਰੇਰਣਾ ਅਤੇ ਉੱਚੀਆਂ ਉਡਾਰੀਆਂ ਲਿਆਵੇ। ਆਪਣੇ ਟੀਚੇ ਨਿਰਧਾਰਤ ਕਰੋ, ਮਿਹਨਤ ਕਰੋ ਅਤੇ ਆਪਣੇ ਸੁਪਨੇ ਸਾਕਾਰ ਕਰੋ। ਨਵਾਂ ਸਾਲ ਸਾਡੇ ਲਈ ਇੱਕ ਖਾਲੀ ਸਫ਼ਾ ਹੈ, ਜਿਸ ‘ਤੇ ਅਸੀਂ ਆਪਣੇ ਸੁਪਨਿਆਂ ਅਤੇ ਮਿਹਨਤ ਨਾਲ ਸਫਲਤਾ ਦੀ ਨਵੀਂ ਕਹਾਣੀ ਲਿਖ ਸਕਦੇ ਹਾਂ। ਇਹ ਮੇਰੀ ਸ਼ੁਭਕਾਮਨਾ ਹੈ ਕਿ ਨਵਾਂ ਸਾਲ ਤੁਹਾਨੂੰ ਸਿੱਖਿਆ, ਅਨੁਸ਼ਾਸਨ ਅਤੇ ਸਫਲਤਾ ਦੇ ਰਸਤੇ ‘ਤੇ ਅਗੇ ਵਧਾਏ।
ਪਵਨ ਕੁਮਾਰ ਅੱਤਰੀ (ਕਪੂਰਥਲਾ)
ਮੋਬਾ 8427791277
Leave a Reply