ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਚੰਡੀਗੜ੍ਹ/ਅੰਮ੍ਰਿਤਸਰ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੱਤ ਮੁਲਜ਼ਮਾਂ ਨੂੰ 4.075 ਕਿੱਲੋਗ੍ਰਾਮ ਹੈਰੋਇਨ, 1 ਕਿੱਲੋਗ੍ਰਾਮ ਮੇਥਾਮਫੇਟਾਮਾਈਨ (ਜਿਸਨੂੰ ਆਮ ਤੌਰ ‘ਤੇ ਆਈਸੀਈ ਕਿਹਾ ਜਾਂਦਾ ਹੈ) ਅਤੇ ਇੱਕ 9 ਐਮਐਮ ਗਲੌਕ ਪਿਸਤੌਲ ਸਮੇਤ ਗ੍ਰਿਫ਼ਤਾਰ ਕਰਕੇ ਪਾਕਿਸਤਾਨ ਅਧਾਰਤ ਹੈਂਡਲਰਾਂ ਨਾਲ ਜੁੜੇ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸ਼ਕਰੀ ਕਾਰਟੇਲ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਪਿੰਡ ਜੱਸਰਾਊਰ ਦੇ ਜੱਜਬੀਰ ਸਿੰਘ ਉਰਫ਼ ਜੱਜ (21) ਅੰਮ੍ਰਿਤਸਰ, ਅਜਨਾਲਾ ਦੇ ਜਸਪਾਲ ਸਿੰਘ ਉਰਫ਼ ਜੱਸ (22), ਗੁਰਦਾਸਪੁਰ ਦੇ ਪਿੰਡ ਲੋਪਾ ਦੇ ਅਨਮੋਲਪ੍ਰੀਤ ਸਿੰਘ (19), ਗੁਰਦਾਸਪੁਰ ਦੇ ਪਿੰਡ ਸੰਦਲਪੁਰ ਦੇ ਹਰਪਿੰਦਰ ਸਿੰਘ ਉਰਫ਼ ਭਿੰਦਾ (32), ਗੁਰਦਾਸਪੁਰ ਦੇ ਪਿੰਡ ਸੰਦਲਪੁਰ ਦੇ ਤਰੁਨਪ੍ਰੀਤ ਸਿੰਘ (20), ਅੰਮ੍ਰਿਤਸਰ ਦੇ ਪਿੰਡ ਬੁਆ ਨੰਗਲੀ ਦੇ ਦਵਿੰਦਰ ਸਿੰਘ ਉਰਫ਼ ਬਾਊ (33) ਅਤੇ ਅੰਮ੍ਰਿਤਸਰ ਦੇ ਪਿੰਡ ਬੁਆ ਨੰਗਲੀ ਦੇ ਮਨਦੀਪ ਸਿੰਘ (24) ਵਜੋਂ ਹੋਈ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਨਸ਼ੀਲੇ ਪਦਾਰਥ ਪਾਕਿਸਤਾਨ ਤੋਂ ਤਸ਼ਕਰੀ ਕਰਕੇ ਹੈਂਡਲਰਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਸਥਾਨਕ ਮਾਡਿਊਲਾਂ ਰਾਹੀਂ ਸੂਬੇ ਭਰ ਵਿੱਚ ਵੰਡੇ ਜਾ ਰਹੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਇਸ ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ (ਸੀਪੀ) ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਭਰੋਸੇਯੋਗ ਜਾਣਕਾਰੀ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਪਹਿਲਾਂ ਜੱਜਬੀਰ ਸਿੰਘ ਉਰਫ਼ ਜੱਜ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ 225 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਾਂਚਕਰਤਾਵਾਂ ਨੇ ਡਿਜ਼ੀਟਲ ਸੰਚਾਰ ਰਾਹੀਂ ਨਿਰੰਤਰ ਪੁੱਛਗਿੱਛ ਅਤੇ ਤਕਨੀਕੀ ਵਿਸ਼ਲੇਸ਼ਣ ਦੀ ਸਹਾਇਤਾ ਨਾਲ ਸਪਲਾਈ ਲੜੀ ਨੂੰ ਤੋੜਦਿਆਂ ਉਸਦੇ ਸਾਥੀ ਜਸਪਾਲ ਸਿੰਘ ਉਰਫ਼ ਜੱਸ ਨੂੰ ਗ੍ਰਿਫ਼ਤਾਰ ਕਰਕੇ 1.6 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ।
ਉਨ੍ਹਾਂ ਕਿਹਾ ਕਿ ਲਗਾਤਾਰ ਹੋਏ ਖੁਲਾਸਿਆਂ ‘ਤੇ ਕਾਰਵਾਈ ਕਰਦਿਆਂ ਪੁਲਿਸ ਟੀਮਾਂ ਨੇ ਅਨਮੋਲਪ੍ਰੀਤ ਸਿੰਘ, ਹਰਪਿੰਦਰ ਸਿੰਘ ਉਰਫ਼ ਭਿੰਦਾ ਅਤੇ ਤਰੁਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ 2.2 ਕਿੱਲੋਗ੍ਰਾਮ ਹੈਰੋਇਨ ਹੋਰ ਬਰਾਮਦ ਕਰ ਲਈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਮੁਲਜ਼ਮ ਪਾਕਿਸਤਾਨ-ਅਧਾਰਤ ਹੈਂਡਲਰਾਂ ਦੇ ਸਪੱਸ਼ਟ ਨਿਰਦੇਸ਼ਾਂ ‘ਤੇ ਕੰਮ ਕਰਦੇ ਸਨ ਅਤੇ ਕੋਰੀਅਰ ਅਤੇ ਡਿਸਟ੍ਰੀਬਿਊਟਰ ਵੱਜੋਂ ਜ਼ਿਲ੍ਹੇ ਭਰ ਵਿੱਚ ਨਸ਼ੀਲੇ ਪਦਾਰਥਾਂ ਦੀ ਡਿਲਵਰੀ ਲਈ ਤਾਲਮੇਲ ਕਰਦੇ ਸਨ
ਸੀਪੀ ਨੇ ਦੱਸਿਆ ਕਿ ਇਸੇ ਕਾਰਵਾਈ ਦੌਰਾਨ ਨੈੱਟਵਰਕ ਦੇ ਅਗਲੇ ਪੜਾਅ ਦਾ ਪਰਦਾਫਾਸ਼ ਉਦੋਂ ਹੋਇਆ ਜਦੋਂ ਪੁਲਿਸ ਨੇ ਨਿਯਮਤ ਗਸ਼ਤ ਦੌਰਾਨ 9 ਐਮਐਮ ਗਲੌਕ ਪਿਸਤੌਲ ਅਤੇ ਇੱਕ ਮੋਟਰਸਾਈਕਲ ਸਮੇਤ ਦਵਿੰਦਰ ਉਰਫ਼ ਬਾਊ ਅਤੇ ਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਨ ‘ਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 1 ਕਿੱਲੋਗ੍ਰਾਮ ਆਈਸੀਈ ਬਰਾਮਦ ਕੀਤੀ।
ਸੀਪੀ ਗੁਰਪ੍ਰੀਤ ਭੁੱਲਰ ਨੇ ਕਿਹਾ ਕਿ ਪਿਛਲੇ ਅਪਰਾਧਿਕ ਰਿਕਾਰਡ ਤੋਂ ਪਤਾ ਚੱਲਿਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜੱਜਬੀਰ ਉਰਫ਼ ਜੱਜ ਪਹਿਲਾਂ ਹੀ ਕਤਲ ਦੀ ਕੋਸ਼ਿਸ਼ ਦੇ ਇੱਕ ਮਾਮਲੇ ਵਿੱਚ ਸ਼ਾਮਲ ਹੈ, ਜਸਪਾਲ ਸਿੰਘ ਉਰਫ਼ ਜੱਸ ਅਸਲਾ ਐਕਟ ਤਹਿਤ ਮੁਕੱਦਮੇਂ ਦਾ ਸਾਹਮਣਾਂ ਕਰ ਰਿਹਾ ਹੈ ਅਤੇ ਦਵਿੰਦਰ ਸਿੰਘ ਉਰਫ਼ ਬਾਊ ਐਨਡੀਪੀਐਸ ਐਕਟ ਤਹਿਤ ਦੋ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਵੀ ਸਾਹਮਣੇਂ ਆਇਆ ਹੈ ਕਿ ਮੁਲਜ਼ਮ ਦਵਿੰਦਰ ਉਰਫ਼ ਬਾਊ ਲਗਭਗ ਦਸ ਸਾਲ ਦੁਬਈ ਵਿੱਚ ਰਹਿਣ ਤੋਂ ਬਾਅਦ ਲਗਭਗ ਡੇਢ ਸਾਲ ਪਹਿਲਾਂ ਹੀ ਭਾਰਤ ਵਾਪਸ ਆਇਆ ਸੀ, ਜਿਸ ਦੌਰਾਨ ਉਸ ਨੇ ਅੰਤਰਰਾਸ਼ਟਰੀ ਨਸ਼ਾ ਤਸ਼ਕਰਾਂ ਨਾਲ ਸੰਪਰਕ ਬਣਾਏ।ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਥਾਣਾ ਸਦਰ ਅੰਮ੍ਰਿਤਸਰ ਵਿਖੇ ਐਫ਼ਆਈਆਰ ਨੰਬਰ 272 ਮਿਤੀ 23-12-2025 ਨੂੰ ਐਨਡੀਪੀਐਸ ਐਕਟ ਦੀ ਧਾਰਾ 21-ਬੀ, 21-ਸੀ ਅਤੇ 29 ਅਧੀਨ ਅਤੇ ਥਾਣਾ ਛਾਉਣੀ ਅੰਮ੍ਰਿਤਸਰ ਵਿਖੇ ਐਫਆਈਆਰ ਨੰਬਰ 279 ਮਿਤੀ 27-12-2025 ਨੂੰ ਅਸਲਾ ਐਕਟ ਦੀ ਧਾਰਾ 25 ਅਧੀਨ ਤੇ ਐਨਡੀਪੀਐਸ ਐਕਟ ਦੀ ਧਾਰਾ 21-ਸੀ ਤੇ 29 ਅਧੀਨ ਦਰਜ ਕੀਤੇ ਗਏ ਹਨ।
Leave a Reply