ਬਰਨਾਲਾ
ਗੁਰਭਿੰਦਰ ਗੁਰੀ
ਬਰਨਾਲਾ ਜ਼ਿਲ੍ਹੇ ਦੇ ਪਿੰਡ ਛੀਨੀਵਾਲ ਦੇ 24 ਸਾਲਾ ਨੌਜਵਾਨ ਬਲਤੇਜ ਸਿੰਘ ਦੀ ਕੈਨੇਡਾ ਦੇ ਸਰੀ (Surrey) ਸ਼ਹਿਰ ਵਿੱਚ ਅਚਾਨਕ ਸਾਈਲੈਂਟ ਅਟੈਕ ਕਾਰਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਘਟਨਾ ਨਾਲ ਪਿੰਡ ਛੀਨੀਵਾਲ ਹੀ ਨਹੀਂ, ਸਗੋਂ ਪੂਰੇ ਬਰਨਾਲਾ ਜ਼ਿਲ੍ਹੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।ਮ੍ਰਿਤਕ ਬਲਤੇਜ ਸਿੰਘ ਆਪਣੇ ਪਿਤਾ ਜਗਤਾਰ ਸਿੰਘ ਅਤੇ ਮਾਤਾ ਰੁਪਿੰਦਰ ਕੌਰ ਦਾ ਇਕਲੌਤਾ ਪੁੱਤਰ ਸੀ ਅਤੇ ਮਾਪਿਆਂ ਲਈ ਇਕੋ-ਇੱਕ ਸਹਾਰਾ ਮੰਨਿਆ ਜਾਂਦਾ ਸੀ। ਉਸ ਦੀ ਅਕਾਲ ਮੌਤ ਨੇ ਪਰਿਵਾਰ ਨੂੰ ਗਹਿਰੇ ਸਦਮੇ ਵਿੱਚ ਧੱਕ ਦਿੱਤਾ ਹੈ।ਪਰਿਵਾਰ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਮੁਸ਼ਕਲ ਬਲਤੇਜ ਸਿੰਘ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਵਾਪਸ ਲਿਆਉਣ ਦੀ ਹੈ।
ਜਾਣਕਾਰੀ ਮੁਤਾਬਕ ਇਸ ‘ਤੇ ਲਗਭਗ 40 ਹਜ਼ਾਰ ਕੈਨੇਡੀਅਨ ਡਾਲਰ, ਜੋ ਕਿ ਕਰੀਬ 25 ਤੋਂ 27 ਲੱਖ ਰੁਪਏ ਬਣਦੇ ਹਨ, ਦਾ ਖਰਚ ਆਵੇਗਾ। ਪਰਿਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਕਾਰਨ ਇਨੀ ਵੱਡੀ ਰਕਮ ਇਕੱਠੀ ਕਰਨਾ ਉਨ੍ਹਾਂ ਲਈ ਬਹੁਤ ਔਖਾ ਸਾਬਤ ਹੋ ਰਿਹਾ ਹੈ।ਇਕ ਪਾਸੇ ਮਾਪੇ ਆਪਣੇ ਇਕਲੌਤੇ ਪੁੱਤਰ ਦੇ ਵਿਛੋੜੇ ਦਾ ਅਸਹਿਣਸ਼ੀਲ ਦੁੱਖ ਸਹਿ ਰਹੇ ਹਨ, ਦੂਜੇ ਪਾਸੇ ਵਿੱਤੀ ਤੰਗੀਆਂ ਨੇ ਉਨ੍ਹਾਂ ਦੀ ਪੀੜਾ ਨੂੰ ਹੋਰ ਵਧਾ ਦਿੱਤਾ ਹੈ।ਮ੍ਰਿਤਕ ਦੇ ਮਾਪਿਆਂ ਦੀ ਹਾਲਤ ਨੂੰ ਦੇਖਦਿਆਂ ਜ਼ਿਲ੍ਹੇ ਦੇ ਕਈ ਧਾਰਮਿਕ ਅਤੇ ਸਮਾਜਿਕ ਸੰਗਠਨਾਂ ਵੱਲੋਂ ਲੋਕਾਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਅਪੀਲ ਕੀਤੀ ਗਈ ਹੈ, ਤਾਂ ਜੋ ਬਲਤੇਜ ਸਿੰਘ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਉਸਦੇ ਜੱਦੀ ਪਿੰਡ ਛੀਨੀਵਾਲ ਲਿਆਂਦਾ ਜਾ ਸਕੇ ਅਤੇ ਪਰਿਵਾਰ ਆਪਣੇ ਪੁੱਤਰ ਨੂੰ ਅੰਤਿਮ ਸ਼ਰਧਾਂਜਲੀ ਅਰਪਿਤ ਕਰ ਸਕੇ।
Leave a Reply