ਢਿਲਵਾਂ
(ਜਸਟਿਸ ਨਿਊਜ਼)
ਪੰਜਾਬ ਰਾਜ ਸਫ਼ਾਈ ਕਰਮਚਾਰੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਚੰਦਨ ਗਰੇਵਾਲ ਵੱਲੋਂ ਅੱਜ ਢਿਲਵਾਂ ਨਗਰ ਪੰਚਾਇਤ ਵਿਖੇ ਸਫਾਈ ਕਰਮਚਾਰੀਆਂ ਦੀਆਂ ਸਮੱਸਿਆਵਾਂ ਸੁਣਕੇ ਉਨ੍ਹਾਂ ਦਾ ਹੱਲ ਕੀਤਾ ਗਿਆ । ਉਨ੍ਹਾਂ ਇਸ ਮੌਕੇ ਨਗਰ ਪੰਚਾਇਤ ਦੇ ਕੌਂਸਲਰਾਂ ਤੇ ਨੇੜਲੇ ਬਾਜ਼ਾਰ ਦੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ।
ਸ੍ਰੀ ਗਰੇਵਾਲ ਨੇ ਕਿਹਾ ਕਿ ਕਮਿਸ਼ਨ ਦਾ ਮੁੱਖ ਮਕਸਦ ਵੱਖ-ਵੱਖ ਸਥਾਨਕ ਸਰਕਾਰਾਂ ਵਿੱਚ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਉਨ੍ਹਾਂ ਦੇ ਬੁਨਿਆਦੀ ਹੱਕਾਂ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਣਾ ਹੈ ਜਿਸ ਲਈ ਕਮਿਸ਼ਨ ਵੱਲੋਂ ਲਗਾਤਾਰ ਪੰਜਾਬ ਭਰ ਵਿੱਚ ਦੌਰੇ ਕੀਤੇ ਜਾ ਰਹੇ ਹਨ । ਉਨ੍ਹਾਂ ਕਿਹਾ ਕਿ ਸਫ਼ਾਈ ਕਰਮਚਾਰੀਆਂ ਨੂੰ ਵਰਦੀ, ਸਮੇਂ ਸਿਰ ਤਨਖਾਹ, ਸਿਹਤ ਸਹੂਲਤਾਂ ਅਤੇ ਕੰਮ ਲਈ ਉਪਕਰਨ ਮੁਹੱਈਆ ਕਰਵਾਉਣ ਸਮੇਤ ਜਿਨ੍ਹਾਂ ਕਰਮਚਾਰੀਆਂ ਨੂੰ ਆਪਣੇ ਬੈਂਕ ਖਾਤੇ ਸਬੰਧੀ ਕੇ.ਵਾਈ.ਸੀ ਆਦਿ ਦੀ ਸਮੱਸਿਆ ਹੈ, ਨੂੰ ਵੀ ਹੱਲ ਕਰਵਾਇਆ ਜਾਵੇਗਾ।
ਠੇਕੇਦਾਰਾਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਬਾਬਤ ਸਖ਼ਤ ਕਰਨ ਦੇ ਹੁਕਮ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਬੇਨਿ਼ਯਮੀ ਨੂੰ ਉਹ ਨਿੱਜੀ ਪੱਧਰ ‘ਤੇ ਵਾਚਣਗੇ ਅਤੇ ਸਬੰਧਤ ਠੇਕੇਦਾਰ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਵਾਉਣੀ ਯਕੀਨੀ ਬਣਾਉਣਗੇ।ਸ਼੍ਰੀ ਚੰਦਨ ਗਰੇਵਾਲ ਨੇ ਕਿਹਾ ਕਿ ਪੰਜਾਬ ਨੂੰ ਸਾਫ-ਸੁਥਰਾ ਬਣਾਉਣ ਵਾਲੇ ਸਫ਼ਾਈ ਕਰਮਚਾਰੀਆਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।ਚੇਅਰਮੈਨ ਨੇ ਠੇਕਾ ਅਧਾਰਤ ਸਫ਼ਾਈ ਕਰਮਚਾਰੀਆਂ ਤੋਂ ਉਹਨਾਂ ਨੂੰ ਮਿਲਦੀ ਤਨਖਾਹ ਤੇ ਉਜਰਤਾਂ ਬਾਰੇ ਪਤਾ ਕੀਤਾ। ਉਹਨਾਂ ਨੂੰ ਬੈਂਕ ਵੱਲੋਂ ਖਾਤਿਆਂ ਵਿੱਚ ਪੈਸੇ ਆਉਣ ਬਾਬਤ ਮੋਬਾਈਲ ਫ਼ੋਨ ਉਤੇ ਸੁਨੇਹੇ ਲਾਗੂ ਕਰਵਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ। ਇਸ ਮੌਕੇ ਵਿਭਾਗੀ ਅਧਿਕਾਰੀ, ਕੌਂਸਲਰ ਤੇ ਵੱਡੀ ਗਿਣਤੀ ਵਿੱਚ ਸਫਾਈ ਕਰਮਚਾਰੀ ਹਾਜ਼ਰ ਸਨ ।
Leave a Reply