ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਡਾ. ਵਿਜੇ ਸਤਬੀਰ ਸਿੰਘ ਮੁੱਖ ਪ੍ਰਬੰਧਕ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੀਆਂ ਵਧਾਈਆਂ ਦੇਂਦੇ ਹੋਏ ਕਿਹਾ ਕਿ ਗੁਰੂ ਸਾਹਿਬ ਦਾ ਸਮੁੱਚਾ ਜੀਵਨ ਤੇ ਸਿਖਿਆਵਾਂ ਸਿਰਫ਼ ਸਿੱਖਾਂ ਲਈ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਭਾਈਚਾਰੇ ਲਈ ਸਰਬ ਸਾਂਝੀਵਾਲਤਾ ਤੇ ਹਰ ਖੇਤਰ ਵਿੱਚ ਮਾਨਵ ਬਰਾਬਰੀ ਦੀਆਂ ਲਿਖਾਇਕ ਹਨ। ਉਨ੍ਹਾਂ ਕਿਹਾ ਕਿ ਅਸੀਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਜ਼ੁੰਮੇਵਾਰ ਪ੍ਰਬੰਧਕ ਹੋਣ ਦੇ ਨਾਤੇ ਇੱਥੋਂ ਦੇ ਸਿੱਖ ਭਾਈਚਾਰੇ ਤੇ ਦੇਸ਼ ਵਿਦੇਸ਼ ਤੋਂ ਆਉਣ ਵਾਲੀਆਂ ਸੰਗਤਾਂ ਦੀ ਸੇਵਾ ਨੂੰ ਗੰਭੀਰਤਾ ਨਾਲ ਸਮਰਪਿਤ ਹਾਂ। ਉਨ੍ਹਾਂ ਇਹ ਵੀ ਦੱਸਿਆ ਕਿ ਮਿਤੀ 25 ਦਸੰਬਰ ਤੋਂ ਮੁੰਬਈ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਹਵਾਈ ਸੇਵਾਵਾਂ ਸ਼ੁਰੂ ਹੋ ਗਈਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਸਮੇਂ ਬੰਗਲੌਰ-ਆਦਮਪੁਰ (ਪੰਜਾਬ), ਗਾਜੀਆਬਾਦ ਦਿੱਲੀ, ਅਹਿਮਦਾਬਾਦ, ਭੱਜ, ਪੂਨੇ ਤੇ ਹੈਦਰਾਬਾਦ ਤੋਂ ਪਹਿਲਾਂ ਹੀ ਹਵਾਈ ਸੇਵਾਵਾਂ ਸ੍ਰੀ ਹਜ਼ੂਰ ਸਾਹਿਬ ਲਈ ਚੱਲ ਰਹੀਆਂ ਹਨ। ਜਿਸ ਨਾਲ ਦੇਸ਼ ਵਿਦੇਸ਼ ਵਿੱਚ ਵੱਸਦੀਆਂ ਸੰਗਤਾਂ ਨੂੰ ਭਰਪੂਰ ਲਾਹਾ ਮਿਲ ਰਿਹਾ ਹੈ ।
ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਤਖ਼ਤ ਸੱਚਖੰਡ ਸਾਹਿਬ ਵਿਖੇ ਹੋਏ ਕੀਰਤਨ ਦਰਬਾਰ ਵਿੱਚ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਅੰਮ੍ਰਿਤਸਰ, ਮਾਤਾ ਵਿਪੁਨਪ੍ਰੀਤ ਕੌਰ ਜੀ, ਬਾਬਾ ਤੇਜਿੰਦਰ ਸਿੰਘ ਜੀ ਜਿੰਦੂ ਨਾਨਕਸਰ ਕਲੇਰਾਂ ਵਾਲੇ ਤੇ ਬਾਬਾ ਕੁੰਦਨ ਸਿੰਘ ਜੀ ਭਲਾਈ ਟਰੱਸਟ ਦੇ ਕੀਰਤਨੀ ਜੱਥੇ ਨੇ ਹਾਜ਼ਰੀਆਂ ਭਰੀਆਂ। ਮਿਤੀ 27 ਦਸੰਬਰ ਨੂੰ ਪੁਰਾਤਨ ਚਲੀ ਆ ਰਹੀ ਮਰਿਯਾਦਾ ਅਨੁਸਾਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਸ਼ਾਮ ਚਾਰ ਵਜੇ ਨਗਰ ਕੀਰਤਨ ਆਰੰਭ ਹੋਕੇ ਸ਼ਹਿਰ ਦੇ ਵੱਖ-ਵੱਖ ਭਾਗਾਂ ਤੋਂ ਹੁੰਦਾ ਹੋਇਆ ਰਾਤ ਨੂੰ ਤਖ਼ਤ ਸਾਹਿਬ ਵਾਪਸ ਪਹੁੰਚਿਆ। ਇਸ ਨਗਰ ਕੀਰਤਨ ਵਿੱਚ ਗੁਰੂ ਮਹਾਂਰਾਜ ਦੇ ਸੋਨੇ ਚਾਂਦੀ ਜੜਤ ਕਾਠੀਆਂ ਵਾਲੇ ਸੁੰਦਰ ਘੋੜੇ, ਕੀਰਤਨੀ ਜੱਥੇ, ਗਤਕਾ ਪਾਰਟੀਆਂ, ਬੈਂਡ ਵਾਜਾ ਪਾਰਟੀਆਂ, ਸਕੂਲ ਦੇ ਵਿਦਿਆਰਥੀ ਤੇ ਸੰਗਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਸਨ।
ਅੰਤ ਵਿੱਚ ਡਾ. ਵਿਜੇ ਸਤਬੀਰ ਸਿੰਘ ਜੀ ਮੁਖ ਪ੍ਰਬੰਧਕ ਅਤੇ ਸ੍ਰ. ਜਸਵੰਤ ਸਿੰਘ ਬੌਬੀ ਸਲਾਹਕਾਰ ਨੇ ਦਸਵੇਂ ਪਾਤਸ਼ਾਹ ਦੇ ਪਾਵਨ ਪ੍ਰਕਾਸ਼ ਗੁਰਪੁਰਬ ਮੌਕੇ ਪੁੱਜੀਆਂ ਸਮੂੰਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Leave a Reply