ਲੁਧਿਆਣਾ
( ਜਸਟਿਸ ਨਿਊਜ਼ )
ਜਿਲ੍ਹਾ ਲੁਧਿਆਣਾ ਵਿੱਚ ਬੱਚਿਆਂ ਦੇ ਭੀਖ ਮੰਗਣ ਅਤੇ ਸ਼ੋਸ਼ਣ ਨੂੰ ਰੋਕਣ ਦੇ ਉਦੇਸ਼ ਨਾਲ ਪ੍ਰੋਜੈਕਟ ਜੀਵਨਜੋਤ 2.0 ਤਹਿਤ ਜਿਲ੍ਹਾ ਪ੍ਰਸਾਸ਼ਨ, ਲੁਧਿਆਣਾ ਵੱਲੋ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਇਸ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਦੀ ਅਗਵਾਈ ਹੇਠ ਅਤੇ ਜਿਲ੍ਹਾ ਟਾਸਕ ਫੋਰਸ, ਲੁਧਿਆਣਾ ਦੇ ਸਹਿਯੋਗ ਨਾਲ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਸਥਾਨਾਂ ਤੋਂ 11 ਬੱਚਿਆਂ ਨੂੰ ਭੀਖ ਮੰਗਦੇ ਹੋਏ ਰੈਸਕਿਊ ਕੀਤਾ ਗਿਆ।
ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਗੁਰਮੀਤ ਸਿੰਘ ਨੇ ਦੱਸਿਆ ਕਿ ਅੱਜ ਸੰਭਾਵੀ ਭੀਖ ਮੰਗਣ ਵਾਲੇ ਖੇਤਰਾਂ ਦੀ ਚੈਕਿੰਗ ਕੀਤੀ ਗਈ ਜਿਨ੍ਹਾਂ ਵਿੱਚ ਦੁਰਗਾ ਮਾਤਾ ਮੰਦਰ, ਬੀ.ਆਰ.ਐਸ. ਨਗਰ, ਜਮਾਲਪੁਰ, ਸੈਕਟਰ-32, ਫੀਲਡ ਗੰਜ, ਸ਼ੀਤਲਾ ਮਾਤਾ ਮੰਦਰ, ਭਾਈਵਾਲਾ ਚੌਂਕ, ਭਾਰਤ ਨਗਰ ਚੌਂਕ, ਵਿਸ਼ਵਕਰਮਾ ਚੌਂਕ, ਚੀਮਾ ਚੌਂਕ ਅਤੇ ਵਰਧਮਾਨ ਚੌਂਕ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਬੱਚਿਆਂ ਨੂੰ ਭੀਖ ਮੰਗਣ ਦੀ ਪ੍ਰਥਾ ਤੋਂ ਬਚਾਉਣਾ ਹੈ ਅਤੇ ਉਹਨਾਂ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਦੇ ਹੋਏ ਉਹਨਾਂ ਦੇ ਸੁਨਹਿਰੀ ਭਵਿੱਖ ਨੂੰ ਯਕੀਨੀ ਬਣਾਉਣਾ ਹੈ।
ਜ਼ਿਕਰਯੋਗ ਹੈ ਕਿ ਪ੍ਰੋਜੈਕਟ ਜੀਵਨਜੋਤ 2.0 ਪੰਜਾਬ ਸਰਕਾਰ ਦੀ ਇਕ ਮਹੱਤਵਪੂਰਨ ਅਤੇ ਲੋਕ ਹਿਤੈਸ਼ੀ ਪਹਿਲ ਹੈ, ਜਿਸਦੀ ਅਗਵਾਈ ਕੈਬਨਿਟ ਮੰਤਰੀ ਡਾ: ਬਲਜੀਤ ਕੌਰ ਵੱਲੋ ਕੀਤੀ ਗਈ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਬੱਚਿਆਂ ਨੂੰ ਭੀਖ ਮੰਗਣ ਅਤੇ ਹਰ ਕਿਸਮ ਦੇ ਸ਼ੋਸ਼ਣ ਤੋਂ ਬਚਾਅ ਕੇ ਉਹਨਾਂ ਨੂੰ ਸੁਰੱਖਿਅਤ ਵਾਤਾਵਰਨ ਪ੍ਰਦਾਨ ਕਰਨਾ ਹੈ ਅਤੇ ਉਹਨਾਂ ਦੇ ਭਵਿੱਖ ਨੂੰ ਸਵਾਰਨਾ ਹੈ।
ਇਸ ਚੈਕਿੰਗ ਦੌਰਾਨ 11 ਬੱਚਿਆਂ ਨੂੰ ਭੀਖ ਮੰਗਦੇ ਪਾਇਆ ਗਿਆ ਅਤੇ ਟੀਮ ਵੱਲੋ ਤੁਰੰਤ ਐਕਸ਼ਨ ਲੈਂਦੇ ਹੋਏ ਸੁਰੱਖਿਅਤ ਤਰੀਕੇ ਨਾਲ ਰੈਸਕਿਊ ਕੀਤਾ ਗਿਆ। ਉਪਰੰਤ ਬੱਚਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਹਨਾਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਉਚਿੱਤ ਦੇਖਭਾਲ ਅਤੇ ਸੁਰੱਖਿਆ ਲਈ ਅਗਲੇ ਲੋੜੀਦੇ ਕਦਮ ਚੁੱਕੇ ਗਏ।
ਜਿਲ੍ਹਾ ਪ੍ਰੋਗਰਾਮ ਅਫਸਰ, ਲੁਧਿਆਣਾ ਗੁਰਮੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪ੍ਰੋਜੈਕਟ ਜੀਵਨਜੋਤ 2.0 ਦੇ ਅਧੀਨ ਅਜਿਹੀਆਂ ਚੈਕਿੰਗਾਂ ਅਤੇ ਜਾਗਰੂਕਤਾ ਮੁਹਿੰਮਾਂ ਅੱਗੇ ਵੀ ਨਿਰੰਤਰ ਜ਼ਾਰੀ ਰਹਿਣਗੀਆਂ। ਜਿਲ੍ਹਾ ਪ੍ਰਸ਼ਾਸ਼ਨ, ਲੁਧਿਆਣਾ ਦੇ ਸਹਿਯੋਗ ਨਾਲ ਜਿਲ੍ਹਾ ਲੁਧਿਆਣਾ ਨੂੰ ਬਾਲ ਭਿਖਿਆ ਮੁਕਤ ਕੀਤਾ ਜਾਵੇਗਾ। ਉਹਨਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਜੇ ਕਿਸੇ ਵੀ ਸਥਾਨ ‘ਤੇ ਬੱਚਿਆਂ ਨੂੰ ਭੀਖ ਮੰਗਦੇ ਹੋਏ ਜਾਂ ਕਿਸੇ ਹੋਰ ਤਰਾਂ੍ਹ ਦੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਹੋਏ ਵੇਖਦੇ ਹੋ ਤਾਂ ਤੁਰੰਤ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਨੂੰ ਸਹਿਯੋਗ ਕਰ ਸਕਦੇ ਹਨ। ਲੁਧਿਆਣਾ ਜਿਲ੍ਹੇ ਵਿੱਚ ਸੰਬਧਤ ਬੱਚਿਆਂ ਦੇ ਬਾਬਤ ਚਾਈਲਡ ਹੈਲਪਲਾਈਨ 1098, 96468-01323 ਅਤੇ 93192-67958 ਤੁਰੰਤ ਕਾਲ ਕਰਕੇ ਸੂਚਿਤ ਕੀਤਾ ਜਾ ਸਕਦਾ ਹੈ।
ਇਸ ਚੈਕਿੰਗ ਦੌਰਾਨ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਲੁਧਿਆਣਾ ਰਸ਼ਮੀ, ਹਰਮਿੰਦਰ ਸਿੰਘ, ਮਲਕੀਤ ਸਿੰਘ ਦੇ ਨਾਲ ਸਮੁੱਚੀ ਟੀਮ ਦਾ ਵਿਸ਼ੇਸ਼ ਯੋਗਦਾਨ ਰਿਹਾ।
Leave a Reply