ਫਰੀਦਕੋਟ
( ਜਸਟਿਸ ਨਿਊਜ਼ )
ਸਿਹਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ, ਜ਼ਿਲ੍ਹਾ ਫਰੀਦਕੋਟ ਵਿੱਚ ਅੱਜ 15 ਦਸੰਬਰ ਤੋਂ 22 ਦਸੰਬਰ 2025 ਤੱਕ ਵਿਸ਼ੇਸ਼ ਟੀਕਾਕਰਨ ਹਫ਼ਤਾ ਸ਼ੁਰੂ ਹੋ ਗਿਆ ਹੈ। ਇਸ ਮੁਹਿੰਮ ਦਾ ਮੁੱਖ ਉਦੇਸ਼ ਜ਼ਰੂਰੀ ਟੀਕਾਕਰਨ ਤੋਂ ਵਾਂਝੇ ਰਹਿ ਗਏ (ਡ੍ਰੌਪਆਊਟ) ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਕਵਰ ਕਰਨਾ ਹੈ, ਜਿਸ ਵਿੱਚ ਪ੍ਰਵਾਸੀ (Migratory) ਆਬਾਦੀ ਨੂੰ ਵਿਸ਼ੇਸ਼ ਤਰਜੀਹ ਦਿੱਤੀ ਜਾਵੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਦੱਸਿਆ ਕਿ ਟੀਕਾਕਰਨ ਬੱਚਿਆਂ ਨੂੰ 11 ਜਾਨਲੇਵਾ ਬਿਮਾਰੀਆਂ ਜਿਵੇਂ ਕਿ ਪੋਲੀਓ, ਖਸਰਾ, ਰੁਬੇਲਾ, ਡਿਪਥੀਰੀਆ, ਕਾਲੀ ਖੰਘ ਅਤੇ ਟੈਟਨਸ ਆਦਿ ਤੋਂ ਬਚਾਉਣ ਲਈ ਇੱਕ ਮਹੱਤਵਪੂਰਨ ਕਦਮ ਹੈ। ਉਨ੍ਹਾਂ ਕਿਹਾ, “ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਯੋਗ ਬੱਚਾ ਜਾਂ ਗਰਭਵਤੀ ਔਰਤ ਟੀਕਾਕਰਨ ਤੋਂ ਵਾਂਝੀ ਨਾ ਰਹੇ। ਇਸ ਹਫ਼ਤੇ ਦੌਰਾਨ ਸਾਡੀਆਂ ਟੀਮਾਂ ਦੂਰ-ਦੁਰਾਡੇ ਦੇ ਇਲਾਕਿਆਂ, ਇੱਟਾਂ ਦੇ ਭੱਠਿਆਂ, ਝੁੱਗੀਆਂ-ਝੌਂਪੜੀਆਂ, ਅਤੇ ਉਸਾਰੀ ਵਾਲੀਆਂ ਥਾਵਾਂ ‘ਤੇ ਵਿਸ਼ੇਸ਼ ਟੀਕਾਕਰਨ ਕੈਂਪ ਲਗਾਉਣਗੀਆਂ ਜਿੱਥੇ ਪ੍ਰਵਾਸੀ ਮਜ਼ਦੂਰ ਰਹਿੰਦੇ ਹਨ।”
ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਹੁਸਨਪਾਲ ਸਿੱਧੂ ਨੇ ਮੁਹਿੰਮ ਬਾਰੇ ਹੋਰ ਡੂੰਘਾਈ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਟੀਕਾਕਰਨ ਦਾ ਅਧੂਰਾ ਰਹਿ ਜਾਣਾ ਬੱਚਿਆਂ ਲਈ ਖ਼ਤਰਾ ਪੈਦਾ ਕਰਦਾ ਹੈ, ਇਸ ਲਈ ਸਿਹਤ ਵਰਕਰਾਂ ਦੀਆਂ ਟੀਮਾਂ ਘਰ-ਘਰ ਜਾ ਕੇ ਸਰਵੇ ਕਰਨਗੀਆਂ ਅਤੇ ਉਨ੍ਹਾਂ ਬੱਚਿਆਂ ਦੀ ਸੂਚੀ ਬਣਾਉਣਗੀਆਂ ਜਿਨ੍ਹਾਂ ਦੇ ਟੀਕੇ ਅਧੂਰੇ ਹਨ ਜਾਂ ਲੱਗੇ ਹੀ ਨਹੀਂ ਹਨ।ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਸਿੰਘ ਕੈੰਥ ਅਤੇ ਸੁਧੀਰ ਕੁਮਾਰ ਧੀਰ ਨੇ ਦੱਸਿਆ ਕਿ ਮੁਹਿੰਮ ਦਾ ਮੁੱਖ ਫੋਕਸ ਉਨ੍ਹਾਂ ਬੱਚਿਆਂ ਨੂੰ ‘ਡ੍ਰੌਪਆਊਟ’ ਸੂਚੀ ਵਿੱਚੋਂ ਕੱਢਣਾ ਹੈ ਜਿਨ੍ਹਾਂ ਦੇ ਟੀਕਾਕਰਨ ਦੀ ਪਹਿਲੀ ਖੁਰਾਕ ਤੋਂ ਬਾਅਦ ਅਗਲੀਆਂ ਖੁਰਾਕਾਂ ਸਮੇਂ ਸਿਰ ਨਹੀਂ ਲੱਗ ਸਕੀਆਂ।ਜਿਸ ਲਈ ਪ੍ਰਵਾਸੀ ਮਜ਼ਦੂਰਾਂ ਦੀ ਆਬਾਦੀ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ, ਕਿਉਂਕਿ ਇਨ੍ਹਾਂ ਦੇ ਬੱਚਿਆਂ ਦਾ ਟੀਕਾਕਰਨ ਅਕਸਰ ਰਹਿ ਜਾਂਦਾ ਹੈ। ਕੈਂਪ ਉਨ੍ਹਾਂ ਦੇ ਨਿਵਾਸ ਸਥਾਨਾਂ ਦੇ ਨੇੜੇ ਲਗਾਏ ਜਾਣਗੇ।
ਡਾ. ਹੁਸਨ ਪਾਲ ਸਿੱਧੂ ਨੇ ਦੱਸਿਆ ਕਿ ਜਿਲੇ ਦੇ ਸਾਰੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਸੁਪਰਵਾਈਜ਼ਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਟੀਕਾਕਰਨ ਸੈਸ਼ਨਾਂ ਦੀ ਨਿਗਰਾਨੀ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ (UIP) ਤਹਿਤ ਸਾਰੇ ਜ਼ਰੂਰੀ ਟੀਕੇ ਮੁਫ਼ਤ ਅਤੇ ਗੁਣਵੱਤਾ ਨਾਲ ਲਗਾਏ ਜਾਣ। ਸਿਹਤ ਕਰਮਚਾਰੀ, ਆਸ਼ਾ ਵਰਕਰਾਂ ਅਤੇ ਆਂਗਣਵਾੜੀ ਵਰਕਰਾਂ ਵੱਲੋਂ ਮਾਪਿਆਂ ਨੂੰ ਟੀਕਿਆਂ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਟੀਕਾਕਰਨ ਕਾਰਡ ਸੰਭਾਲ ਕੇ ਰੱਖਣ ਲਈ ਪ੍ਰੇਰਿਤ ਕੀਤਾ ਜਾਵੇਗਾ।ਡਾ. ਚੰਦਰ ਸ਼ੇਖਰ ਕੱਕੜ ਅਤੇ ਡਾ. ਹੁਸਨਪਾਲ ਸਿੰਘ ਨੇ ਜ਼ਿਲ੍ਹੇ ਦੇ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਵਿਸ਼ੇਸ਼ ਹਫ਼ਤੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਆਪਣੇ ਬੱਚਿਆਂ ਨੂੰ ਛੂਤ ਦੀਆਂ ਬਿਮਾਰੀਆਂ ਤੋਂ ਸੁਰੱਖਿਅਤ ਰੱਖਣ ਲਈ ਉਨ੍ਹਾਂ ਦਾ ਪੂਰਾ ਟੀਕਾਕਰਨ ਕਰਵਾਉਣ। ਉਨ੍ਹਾਂ ਨੇ ਅੱਗੇ ਕਿਹਾ ਕਿ ਇੱਕ ਸਿਹਤਮੰਦ ਬੱਚਾ ਹੀ ਸਿਹਤਮੰਦ ਸਮਾਜ ਦਾ ਆਧਾਰ ਹੈ।
Leave a Reply