ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ
ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮ੍ਰਿਤਸਰ ਵੱਲੋਂ ਆਉਣ ਵਾਲੀ ਨੈਸ਼ਨਲ ਲੋਕ ਅਦਾਲਤ 13 ਦਸੰਬਰ 2025 ਨੂੰ ਆਯੋਜਿਤ ਕੀਤੀ ਜਾ ਰਹੀ ਹੈ। ਇਸ ਸਬੰਧ ਵਿੱਚ ਸ਼੍ਰੀ ਅਮਰਦੀਪ ਸਿੰਘ ਬੈਂਸ, ਸਕੱਤਰ, ਡੀ.ਐਲ.ਐਸ.ਏ., ਅੰਮ੍ਰਿਤਸਰ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ ਵਿੱਚ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਅਤੇ ਐੱਸ.ਐੱਸ.ਪੀ. ਰੂਰਲ ਅੰਮ੍ਰਿਤਸਰ ਦੇ ਅਧਿਕਾਰੀਆਂ ਨੇ ਭਾਗ ਲਿਆ। ਮੀਟਿੰਗ ਦੌਰਾਨ ਕੰਪਾਊਂਡੇਬਲ ਕ੍ਰਿਮਿਨਲ ਮਾਮਲਿਆਂ ਨਾਲ ਸਬੰਧਿਤ ਕੈਂਸਲੇਸ਼ਨ ਰਿਪੋਰਟਾਂ, ਅਨਟਰੇਸਡ/ਅਖਰਾਜ ਰਿਪੋਰਟ ਸਬੰਧਤ ਕੇਸ ਆਦਿ ਨੂੰ ਸਮੇਂ ਸਿਰ ਕੌਮੀ ਲੋਕ ਅਦਾਲਤ ਵਿੱਚ ਪੇਸ਼ ਕਰਨ ਲਈ ਵਿਸ਼ੇਸ਼ ਨਿਰਦੇਸ਼ ਜਾਰੀ ਕੀਤੇ ਗਏ। ਇਸ ਤੋਂ ਇਲਾਵਾ, ਐਂਟੀ ਪਾਵਰ ਪੁਲਿਸ ਸਟੇਸ਼ਨ, ਅੰਮ੍ਰਿਤਸਰ ਦੇ ਪੁਲਿਸ ਅਤੇ ਬਿਜ਼ਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਹ ਬਿਜ਼ਲੀ ਬਿੱਲਾਂ ਨਾਲ ਸਬੰਧਿਤ ਸਮਝੌਤੇ ਯੋਗ ਅਪਰਾਧਾਂ ਦੇ ਵੱਧ ਤੋਂ ਵੱਧ ਮਾਮਲੇ ਲੋਕ ਅਦਾਲਤ ਵਿੱਚ ਪੇਸ਼ ਕਰਨ ਯਕੀਨੀ ਬਣਾਉਣ ਤਾਂ ਜੋ ਉਕਤ ਮਾਮਲਿਆਂ ਦਾ ਨਿਪਟਾਰਾ ਹੋ ਸਕੇ।
ਇਹ ਮੀਟਿੰਗ ਸ੍ਰੀਮਤੀ ਜਤਿੰਦਰ ਕੌਰ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ, ਅੰਮ੍ਰਿਤਸਰ, ਦੇ ਦਿਸ਼ਾ-ਨਿਰਦੇਸ਼ਾਂ ਹੇਠ ਆਯੋਜਿਤ ਕੀਤੀ ਗਈ।
ਕੌਮੀ ਲੋਕ ਅਦਾਲਤ ਦੇ ਮਾਧਿਅਮ ਨਾਲ ਮਾਮਲਿਆਂ ਦਾ ਨਿਪਟਾਰਾ ਤੇਜ਼, ਸੌਖਾ ਅਤੇ ਬਿਨਾਂ ਕਿਸੇ ਖ਼ਰਚੇ ਦੇ ਹੁੰਦਾ ਹੈ। ਪੱਖਾਂ ਦੀ ਆਪਸੀ ਰਜ਼ਾਮੰਦੀ ਨਾਲ ਨਤੀਜਾ ਅੰਤਿਮ ਅਤੇ ਬਿੰਦੂਬੱਧ ਹੁੰਦਾ ਹੈ, ਜਿਸ ਨਾਲ ਲੰਬੀ ਕਾਨੂੰਨੀ ਪ੍ਰਕਿਰਿਆ ਤੋਂ ਛੁਟਕਾਰਾ ਮਿਲਦਾ ਹੈ। ਲੋਕ ਅਦਾਲਤਾਂ ਦੇ ਆਯੋਜਨ ਨਾਲ ਅਦਾਲਤਾਂ ਵਿੱਚ ਲਟਕਦੇ ਮਾਮਲਿਆਂ ਵਿੱਚ ਕਮੀ ਆਉਂਦੀ ਹੈ ਅਤੇ ਸੁਲਹ-ਸਫ਼ਾਈ ਦਾ ਮਾਹੌਲ ਬਣਦਾ ਹੈ। ਸਮਝੌਤੇ ਫ਼ੌਜਦਾਰੀ ਅਪਰਾਧ, ਸਮਰੀ ਟ੍ਰੈਫ਼ਿਕ ਚਲਾਨ, ਬੈਂਕ ਅਤੇ ਬਿਜ਼ਲੀ ਬਿੱਲਾਂ, ਪਰਿਵਾਰਕ ਝਗੜੇ, ਸੜਕ ਦੁਰਘਟਨਾ ਆਦਿ ਮਾਮਲੇ ਅਸਾਨੀ ਨਾਲ ਨਿਪਟਾਏ ਜਾ ਸਕਦੇ ਹਨ। ਜਨਤਾ ਨੂੰ ਅਪੀਲ ਹੈ ਕਿ ਉਹ ਆਪਣੇ ਲੰਬਿਤ ਮਾਮਲੇ ਕੌਮੀ ਲੋਕ ਅਦਾਲਤ ਵਿੱਚ ਲਿਆਉਣ ਅਤੇ ਇਸਦੇ ਪੂਰੇ ਲਾਭ ਪ੍ਰਾਪਤ ਕਰਨ।
Leave a Reply