ਲੁਧਿਆਣਾ ( ਜਸਟਿਸ ਨਿਊਜ਼ )
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਲਾਰਜ ਇੰਡਸਟਰੀਅਲ ਵਿਕਾਸ ਬੋਰਡ ਦੇ ਸਾਬਕਾ ਚੇਅਰਮੈਨ, ਪਵਨ ਦੀਵਾਨ ਨੇ ਲੇਯਰ ਵੈਲੀ, ਸਰਾਭਾ ਨਗਰ ਵਿੱਚ ਸੀਵਰੇਜ ਟ੍ਰੀਟਮੈਂਟ ਪਲਾਂਟ (ਐਸਟੀਪੀ) ਦੀ ਮੁੜ ਸ਼ੁਰੂਆਤ ਨੂੰ ਰੋਕਣ ਦੀ ਮੰਗ ਕੀਤੀ ਹੈ। ਇਸ ਸਬੰਧ ਵਿਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲਿਖੇ ਇੱਕ ਪੱਤਰ ਵਿੱਚ, ਜਿਸਦੀ ਇੱਕ ਕਾਪੀ ਮੀਡੀਆ ਨੂੰ ਵੀ ਜਾਰੀ ਕੀਤੀ ਗਈ ਹੈ, ਦੀਵਾਨ ਨੇ ਜ਼ਿਕਰ ਕੀਤਾ ਹੈ ਕਿ ਸਰਾਭਾ ਨਗਰ, ਸੈਕਰਡ ਹਾਰਟ ਕਾਨਵੈਂਟ ਸਕੂਲ ਦੇ ਆਸ ਪਾਸ ਅਤੇ ਲੇਯਰ ਵੈਲੀ ਖੇਤਰ ਦੇ ਵਸਨੀਕਾਂ ਵੱਲੋਂ, ਉਹ ਇੱਥੇ ਐਸਟੀਪੀ ਦੀ ਮੁੜ ਸ਼ੁਰੂਆਤ ਦੀ ਉਸਾਰੀ ਵੱਲ ਤੁਰੰਤ ਧਿਆਨ ਦੇਣ ਦੀ ਅਪੀਲ ਕਰਦੇ ਹਨ।
ਦੀਵਾਨ ਨੇ ਕਿਹਾ ਹੈ ਕਿ ਇਹ ਪ੍ਰੋਜੈਕਟ, ਜਿਸਨੂੰ ਪਹਿਲਾਂ ਲੋਕਾਂ ਦੇ ਭਾਰੀ ਵਿਰੋਧ ਕਾਰਨ ਰੋਕ ਦਿੱਤਾ ਗਿਆ ਸੀ, ਹੁਣ ਦੁਬਾਰਾ ਸ਼ੁਰੂ ਹੋ ਗਿਆ ਹੈ ਅਤੇ ਹਜ਼ਾਰਾਂ ਨਿਵਾਸੀਆਂ ਲਈ ਨਵੀਂ ਪ੍ਰੇਸ਼ਾਨੀ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਖੇਤਰ ਅਤੇ ਇੱਕ ਸਤਿਕਾਰਤ ਵਿਦਿਅਕ ਸੰਸਥਾ ਨਾਲ ਇਸਦੀ ਨੇੜਤਾ ਵਾਤਾਵਰਣ ਦੇ ਵਿਗਾੜ, ਜਨਤਕ ਸਿਹਤ ਜੋਖਮਾਂ ਅਤੇ ਨਾਗਰਿਕ ਹਿੱਤਾਂ ਦੀ ਅਣਦੇਖੀ ਬਾਰੇ ਗੰਭੀਰ ਚਿੰਤਾਵਾਂ ਪੈਦਾ ਕਰਦੀ ਹੈ।
ਇਸ ਦੌਰਾਨ ਲੇਯਰ ਵੈਲੀ ਵਿੱਚ ਐਸਟੀਪੀ ਦੀ ਸਥਾਪਨਾ ਸੰਬੰਧੀ ਨਿਵਾਸੀਆਂ ਵੱਲੋਂ ਜਤਾਈਆਂ ਗਈਆਂ ਮੁੱਖ ਚਿੰਤਾਵਾਂ ਦਾ ਜਿਕਰ ਕਰਦਿਆਂ, ਦੀਵਾਨ ਨੇ ਕਿਹਾ ਕਿ ਐਸਟੀਪੀ ਦੇ ਸੰਚਾਲਨ ਨਾਲ ਲਗਾਤਾਰ ਬਦਬੂ ਆਵੇਗੀ, ਜਿਸ ਨਾਲ ਆਲੇ ਦੁਆਲੇ ਦੀ ਹਵਾ ਦੀ ਗੁਣਵੱਤਾ ਬੁਰੀ ਤਰ੍ਹਾਂ ਘਟੇਗੀ। ਉਨ੍ਹਾਂ ਅੱਗੇ ਕਿਹਾ ਕਿ ਇਹ ਸੈਕਰਡ ਹਾਰਟ ਕਾਨਵੈਂਟ ਸਕੂਲ ਜਾਣ ਵਾਲੇ ਬੱਚਿਆਂ, ਬਜ਼ੁਰਗ ਨਿਵਾਸੀਆਂ ਅਤੇ ਸਾਹ ਦੀਆਂ ਸਮੱਸਿਆਵਾਂ ਵਾਲੇ ਵਿਅਕਤੀਆਂ, ਸਵੇਰ ਦੀ ਸੈਰ ਕਰਨ ਵਾਲਿਆਂ ਅਤੇ ਫਿਟਨੈਸ ਪ੍ਰੇਮੀਆਂ ਤੇ ਸਰਾਭਾ ਨਗਰ ਅਤੇ ਲੀਜ਼ਰ ਵੈਲੀ ਦੇ ਆਸ ਪਾਸ ਰਹਿਣ ਵਾਲੇ ਹਜ਼ਾਰਾਂ ਪਰਿਵਾਰਾਂ ਲਈ ਸਿੱਧਾ ਸਿਹਤ ਨੂੰ ਖ਼ਤਰਾ ਹੈ।
ਦੀਵਾਨ ਨੇ ਐਸਟੀਪੀ ਦੀ ਸਥਿਤੀ ਨੂੰ ਬਹੁਤ ਹੀ ਅਣਉਚਿਤ ਦੱਸਦੇ ਹੋਏ, ਕਿਹਾ ਕਿ ਪ੍ਰਸਤਾਵਿਤ ਜਗ੍ਹਾ ਇੱਕ ਸੰਘਣੀ ਆਬਾਦੀ ਵਾਲੇ ਰਿਹਾਇਸ਼ੀ ਜ਼ੋਨ ਦੇ ਦਿਲ ਵਿੱਚ ਸਥਿਤ ਹੈ। ਉਨ੍ਹਾਂ ਕਿਹਾ ਕਿ ਇੱਥੇ ਸੀਵਰੇਜ ਟ੍ਰੀਟਮੈਂਟ ਸਹੂਲਤ ਬਣਾਉਣਾ ਨਾ ਸਿਰਫ ਵਾਤਾਵਰਣ ਪੱਖੋਂ ਗੈਰ-ਜ਼ਿੰਮੇਵਾਰਾਨਾ ਹੈ ਬਲਕਿ ਸਕੂਲੀ ਬੱਚਿਆਂ ਅਤੇ ਸਥਾਨਕ ਨਿਵਾਸੀਆਂ ਦੀ ਭਲਾਈ ਨੂੰ ਵੀ ਖ਼ਤਰਾ ਪੈਦਾ ਕਰਦਾ ਹੈ। ਉਨ੍ਹਾਂ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਸੈਕਰਡ ਹਾਰਟ ਕਾਨਵੈਂਟ ਸਕੂਲ ਦੀ ਨੇੜਤਾ ਖਾਸ ਤੌਰ ‘ਤੇ ਇਸ ਪਲਾਂਟ ਨੂੰ ਲੈ ਕੇ ਹੋਰ ਚਿੰਤਾਜਨਕ ਹੈ।
ਇਸੇ ਤਰ੍ਹਾਂ, ਦੀਵਾਨ ਨੇ ਮਾਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਕਿ ਉਕਤ ਕਦਮ ਸ਼ਹਿਰੀ ਯੋਜਨਾਬੰਦੀ ਦੇ ਨਿਯਮਾਂ ਦੀ ਵੀ ਉਲੰਘਣਾ ਕਰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਮਿਆਰੀ ਸ਼ਹਿਰੀ ਵਿਕਾਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਸ਼ਹਿਰਾਂ ਦੇ ਬਾਹਰਵਾਰ, ਰਿਹਾਇਸ਼ੀ ਅਤੇ ਵਿਦਿਅਕ ਖੇਤਰਾਂ ਤੋਂ ਦੂਰ, ਐੱਸ.ਟੀ.ਪੀ ਸਥਿਤ ਹੋਣੇ ਚਾਹੀਦੇ ਹਨ। ਇਹ ਪ੍ਰੋਜੈਕਟ ਉਨ੍ਹਾਂ ਨਿਯਮਾਂ ਦੀ ਸਪੱਸ਼ਟ ਤੌਰ ‘ਤੇ ਅਣਦੇਖੀ ਕਰਦਾ ਹੈ, ਜੋ ਭਵਿੱਖ ਦੀ ਨਾਗਰਿਕ ਯੋਜਨਾਬੰਦੀ ਲਈ ਇੱਕ ਖ਼ਤਰਨਾਕ ਉਦਾਹਰਨ ਕਾਇਮ ਕਰਦਾ ਹੈ।
ਇਸ ਸਬੰਧ ਵਿਚ ਜ਼ਿਕਰ ਕਰਦਿਆਂ ਕਿ ਉਕਤ ਪ੍ਰੋਜੈਕਟ ਨੂੰ ਪਹਿਲਾਂ ਵੀ ਨਿਵਾਸੀਆਂ ਅਤੇ ਭਲਾਈ ਸੰਗਠਨਾਂ ਦੁਆਰਾ ਵਿਆਪਕ ਵਿਰੋਧ ਪ੍ਰਦਰਸ਼ਨਾਂ ਅਤੇ ਰਸਮੀ ਇਤਰਾਜ਼ਾਂ ਕਾਰਨ ਰੋਕ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜਨਤਕ ਸਲਾਹ-ਮਸ਼ਵਰੇ ਜਾਂ ਸਥਾਨਾਂਤਰਣ ਤੋਂ ਬਿਨਾਂ ਪ੍ਰੋਜੈਕਟ ਦਾ ਅਚਾਨਕ ਮੁੜ ਸ਼ੁਰੂ ਹੋਣਾ, ਲੋਕਤੰਤਰੀ ਸ਼ਮੂਲੀਅਤ ਅਤੇ ਭਾਈਚਾਰਕ ਭਲਾਈ ਲਈ ਇੱਕ ਪਰੇਸ਼ਾਨ ਕਰਨ ਵਾਲੀ ਅਣਦੇਖੀ ਨੂੰ ਦਰਸਾਉਂਦਾ ਹੈ।
ਸੀਨੀਅਰ ਕਾਂਗਰਸੀ ਆਗੂ ਨੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਜਨਤਕ ਸਿਹਤ ਅਤੇ ਨਾਗਰਿਕ ਅਖੰਡਤਾ ਦੀ ਰੱਖਿਆ ਦੇ ਮੱਦੇਨਜਰ ਐਸ.ਟੀ.ਪੀ. ਦੇ ਚੱਲ ਰਹੇ ਨਿਰਮਾਣ ਨੂੰ ਰੋਕਣ ਵਾਸਤੇ ਉਨ੍ਹਾਂ ਦੇ ਤੁਰੰਤ ਦਖਲ ਦੀ ਲੋੜ ਹੈ। ਉਨ੍ਹਾਂ ਮੰਗ ਕੀਤੀ ਕਿ ਸਾਈਟ ਦੀ ਚੋਣ ਦਾ ਮੁੜ ਮੁਲਾਂਕਣ ਕੀਤਾ ਜਾਵੇ ਅਤੇ ਐਸ.ਟੀ.ਪੀ ਨੂੰ ਰਿਹਾਇਸ਼ੀ ਤੇ ਵਿਦਿਅਕ ਖੇਤਰਾਂ ਤੋਂ ਪਰੇ ਤਬਦੀਲ ਕੀਤਾ ਜਾਵੇ ਅਤੇ ਸਬੰਧਤ ਅਧਿਕਾਰੀਆਂ ਨੂੰ ਵਾਤਾਵਰਣ ਦੇ ਮਿਆਰਾਂ ਨੂੰ ਕਾਇਮ ਰੱਖਣ ਤੇ ਜਨਤਕ ਸਿਹਤ ਸੁਰੱਖਿਆ ਨੂੰ ਤਰਜੀਹ ਦੇਣ ਲਈ ਨਿਰਦੇਸ਼ ਦਿੱਤੇ ਜਾਣ।
Leave a Reply