ਮੋਗਾ ( ਮਨਪ੍ਰੀਤ ਸਿੰਘ/ਗੁਰਜੀਤ ਸੰਧੂ )
ਅੱਜ ਮੋਗਾ ਦੇ ਮੈਜਿਸਟਿਕ ਰਿਜੋਰਟ ਵਿੱਚ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਨੂੰ ਸਿਖਲਾਈ ਦੇਣ ਦਾ ਵਿਸੇਸ਼ ਪ੍ਰੋਗਰਾਮ ਉਲੀਕਿਆ ਗਿਆ, ਜਿਸ ਵਿੱਚ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਗਲੇ ਪੜਾਅ ਦੌਰਾਨ ਕੀਤੇ ਜਾਣ ਵਾਲੇ ਉਪਰਾਲਿਆਂ ਦੀ ਸਿਖਲਾਈ ਦਿੱਤੀ ਗਈ। ਇਸ ਪ੍ਰੋਗਰਾਮ ਵਿੱਚ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ, ਮਾਰਕਿਟ ਕਮੇਟੀ ਚੇਅਰਮੈਨ ਸ੍ਰ. ਹਰਜਿੰਦਰ ਸਿੰਘ ਰੋਡੇ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਬਰਿੰਦਰ ਸ਼ਰਮਾ, ਚੇਅਰਮੈਨ ਨਗਰ ਸੁਧਾਰ ਟਰੱਸਟ ਰਮਨ ਮਿੱਤਲ, ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਦੀਪ ਦਾਰਾਪੁਰ, ਹਲਕਾ ਕੋਆਰਡੀਨੇਟਰ ਮਿਲਾਪ , ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ, ਜਗਦੀਸ਼ ਸ਼ਰਮਾ ਇੰਚਾਰਜ ਸੰਗਠਨ ਆਪ, ਲਵਲੀ ਸਿੰਗਲਾ ਜ਼ਿਲ੍ਹਾ ਸੈਕਟਰੀ ਵੈਮੈਨ ਵਿੰਗ ਮੋਗਾ, ਰਮੇਸ਼ ਸਿੰਘ ਖੋਖਰ ਹਲਕਾ ਵਾਈਜ ਕੋਆਰਡੀਨੇਟਰ ਮੋਗਾ, ਰੌਸ਼ਨ ਲਾਲ ਐਸੋਸੀਏਸ਼ਨ ਪ੍ਰਧਾਨ, ਹਰਜਿੰਦਰ ਸਿੰਘ ਬਘੇਲਾ ਜ਼ਿਲ੍ਹਾ ਵਾਈਸ ਕੋਆਰਡੀਨੇਟਰ, ਦਰਸ਼ਨ ਕੌਰ ਬਰਾੜ ਵੋਮੈਨ ਹਲਕਾ ਪ੍ਰਧਾਨ, ਡਾ. ਰਕੇਸ਼ ਅਰੋੜਾ, ਸੰਦੀਪ ਸਿੰਘ ਆਦਿ ਹਾਜਰ ਸਨ।
ਇਸ ਪ੍ਰੋਗਰਾਮ ਵਿੱਚ ਮੇਅਰ ਨਗਰ ਨਿਗਮ ਬਲਜੀਤ ਸਿੰਘ ਚਾਨੀ ਤੇ ਹੋਰ ਰਾਜਨੀਤਿਕ ਨੁਮਾਇੰਦਿਆਂ ਨੇ ਸਾਂਝੇ ਤੌਰ ਤੇ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਨਸ਼ਿਆਂ ਨੂੰ ਬਹੁਤ ਹੱਦ ਤੱਕ ਲਗਾਮ ਲੱਗੀ ਹੈ। ਇਸ ਨੂੰ ਪੂਰਨ ਤੌਰ ਤੇ ਖਤਮ ਕਰਨ ਲਈ ਬਣਾਈਆਂ ਗਈਆਂ ਪਿੰਡ ਤੇ ਵਾਰਡ ਡਿਫੈਂਸ ਕਮੇਟੀਆਂ ਪੂਰੀ ਤਨਦੇਹੀ ਨਾਲ ਕੰਮ ਕਰਨ। ਉਹਨਾਂ ਸਮੂਹ ਵਾਰਡ ਡਿਫੈਂਸ ਕਮੇਟੀ ਮੈਂਬਰਾਂ ਅਤੇ ਵਿਲੇਜ ਡਿਫੈਂਸ ਕਮੇਟੀ ਮੈਂਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਸਮੁੱਚੇ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਲਈ ਲਗਾਤਾਰ ਵੱਡੇ ਉਪਰਾਲੇ ਕਰ ਰਹੀ ਹੈ। ਨਸ਼ਿਆ ਦੇ ਸੋਦਾਗਰਾਂ ਦਾ ਸਮਾਜ ਵਿੱਚੋ ਖਾਤਮਾ ਕਰਨ ਲਈ ਨਸ਼ਾ ਤਸਕਰਾਂ ਨੂੰ ਸਮਾਜ ਵਿਚੋ ਬਾਹਰ ਕਰਨਾ ਬਹੁਤ ਜਰੂਰੀ ਹੈ। ਇਸ ਪ੍ਰੋਗਰਾਮ ਵਿੱਚ ਨਸ਼ਾ ਮੁਕਤੀ ਐਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ ਔਜਲਾ ਨੇ ਕਿਹਾ ਕਿ ਬਿਨਾ ਡਰ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ ਜੋ ਗੁਪਤ ਰੱਖੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕਦੇ ਵੀ ਨਸ਼ਾ ਕਰਨ ਵਾਲੇ ਵਿਅਕਤੀ ਨਾਲ ਦੁਰਵਿਵਹਾਰ ਨਾ ਕੀਤਾ ਜਾਵੇ, ਉਸ ਦੀ ਮਾਨਸਿਕ ਸਥਿਤੀ ਨੂੰ ਧਿਆਨ ਵਿਚ ਰੱਖਦੇ ਹੋਏ ਉਸ ਵਿਅਕਤੀ ਨਾਲ ਸੁਹਿਰਦ ਗੱਲਬਾਤ ਕੀਤੀ ਜਾਵੇ, ਕਿਉਕਿ ਅਜਿਹੇ ਮੌਕੇ ਉਸ ਵਿਅਕਤੀ ਨੂੰ ਸਭ ਤੋ ਵੱਧ ਜਰੂਰਤ ਮੇਲ ਜੋਲ ਦੀ ਹੈ।
ਐਸ.ਡੀ.ਐਮ. ਸਾਰੰਗ੍ਰਪੀਤ ਸਿੰਘ ਔਜਲਾ ਨੇ ਦੱਸਿਆ ਕਿ ਮੋਗਾ ਹਲਕੇ ਅਧੀਨ ਲਗਭਗ 96 ਵਿਲੇਜ ਤੇ ਵਾਰਡ ਡਿਫੈਂਸ ਕਮੇਟੀਆਂ ਗਠਿਤ ਕੀਤੀਆਂ ਗਈਆਂ ਹਨ ਜਿਸ ਅਧੀਨ ਲਗਭਗ 1010 ਮੈਂਬਰ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇਹਨਾਂ ਸਮੂਹ ਮੈਂਬਰਾਂ ਨੂੰ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵਿਸ਼ੇਸ਼ ਸਿਖਲਾਈ ਦੇ ਨਾਲ ਨਾਲ ਬੁਕਲਿਟਸ ਤੇ ਆਈ.ਡੀ. ਕਾਰਡਾਂ ਦੀ ਵੰਡ ਵੀ ਕੀਤੀ ਗਈ। ਉਹਨਾਂ ਕਿਹਾ ਕਿ ਇਹਨਾਂ ਆਈ.ਡੀ. ਕਾਰਡਾਂ ਨਾਲ ਇਹ ਮੈਂਬਰ ਪੂਰਨ ਨਿੱਡਰਤਾ ਨਾਲ ਨਸ਼ਿਆਂ ਦੇ ਸੌਦਾਗਰਾਂ ਜਾਂ ਨਸ਼ਿਆਂ ਦੀ ਜਾਣਕਾਰੀ ਸਬੰਧਤ ਪੁਲਿਸ ਅਧਿਕਾਰੀਆਂ ਤੱਕ ਪਹੁੰਚਾ ਸਕਣਗੇ। ਉਹਨਾਂ ਕਿਹਾ ਕਿ ਪ੍ਰਸ਼ਾਸ਼ਨ, ਡਿਫੈਂਸ ਕਮੇਟੀਆਂ ਤੇ ਆਮ ਲੋਕਾਂ ਦੇ ਸਾਂਝੇ ਸਹਿਯੋਗ ਨਾਲ ਨਸ਼ਿਆਂ ਦਾ ਪੂਰਨ ਖਾਤਮਾ ਹੋਵੇਗਾ।
ਪ੍ਰੋਗਰਾਮ ਵਿੱਚ ਮੌਜੂਦ ਮੁਹਿੰਮ ਦੇ ਜ਼ਿਲ੍ਹਾ ਕੋਆਰਡੀਨੇਟਰ ਦੀਪ ਦਾਰਾਪੁਰ ਨੇ ਕਿਹਾ ਕਿ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਨਸ਼ਿਆਂ ਦੇ ਖਾਤਮੇ, ਸੰਗਠਿਤ ਅਪਰਾਧ, ਸਟਰੀਟ ਕ੍ਰਾਈਮ ਅਤੇ ਸਮਾਜ ਵਿਰੋਧੀ ਤੱਤਾਂ ਦੇ ਖਿਲਾਫ਼ ਇੱਕ ਸਥਾਈ ਯੁੱਧ ਹੈ ਜਿਸ ਵਿੱਚ ਹੁਣ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਆਮ ਲੋਕ ਵੀ ਆਪਣਾ ਸਹਿਯੋਗ ਦੇ ਰਹੇ ਹਨ ਇਸ ਨਾਲ ਵੱਡੇ ਪੱਧਰ ਉੱਤੇ ਨਸ਼ਾ ਤਸਕਰਾਂ ਉੱਤੇ ਕਾਰਵਾਈ ਸੰਭਵ ਹੋ ਪਾਈ ਹੈ।
Leave a Reply