ਪਠਾਨਕੋਟ ( ਪੱਤਰ ਪ੍ਰੇਰਕ )
ਪੀਸੀਟੀ ਹਿਊਮਨਟੀ ਦੇ ਬਾਨੀ ਸ. ਜੋਗਿੰਦਰ ਸਿੰਘ ਸਲਾਰੀਆ ਨੇ ਬ੍ਰਿਟਿਸ਼ ਪਾਸਪੋਰਟ ਰੱਖਣ ਦੇ ਵਿਵਾਦਾਂ ਵਿਚ ਘਿਰੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਇਸ ਮਾਮਲੇ ਵਿਚ ਆਪਣੀ ਸਥਿਤੀ ਸਪਸ਼ਟ ਕਰਨ ਲਈ ਖ਼ੁਦ ਅੱਗੇ ਆਉਣ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਿਆਸਤਦਾਨਾਂ ਵੱਲੋਂ ਰਾਹੁਲ ਗਾਂਧੀ ਕੋਲ ਬ੍ਰਿਟਿਸ਼ ਪਾਸਪੋਰਟ ਦੀ ਮੌਜੂਦਗੀ ਦੇ ਦਾਅਵੇ ਕੀਤੇ ਜਾ ਰਹੇ ਹਨ, ਅਜਿਹੀ ਸਥਿਤੀ ਵਿਚ ਲੋਕ ਸਚਾਈ ਜਾਣਨਾ ਚਾਹੁੰਦੇ ਹਨ।
ਸ. ਸਲਾਰੀਆ ਨੇ ਕਿਹਾ ਕਿ ਭਾਰਤੀ ਨਾਗਰਿਕ ਕਾਨੂੰਨ ਦੇ ਪਾਸਪੋਰਟ ਐਕਟ, 1967 ਅਨੁਸਾਰ ਇੱਕ ਵਿਅਕਤੀ ਇੱਕੋ ਸਮੇਂ ਸਿਰਫ਼ ਇੱਕ ਭਾਰਤੀ ਪਾਸਪੋਰਟ ਰੱਖ ਸਕਦਾ ਹੈ। ਦੂਜੇ ਦੇਸ਼ ਦਾ ਪਾਸਪੋਰਟ ਰੱਖਣਾ ਭਾਰਤ ਵਿੱਚ ਗ਼ੈਰਕਨੂੰਨੀ ਹੈ। ਜੇ ਕਿਸੇ ਨੇ ਦੂਸਰੇ ਦੇਸ਼ ਦਾ ਪਾਸਪੋਰਟ ਰੱਖਦੇ ਹੋਏ ਭਾਰਤ ਵਿੱਚ ਪਾਰਲੀਮੈਂਟ ਮੈਂਬਰਸ਼ਿਪ ਲਈ ਦਾਖ਼ਲਾ ਦਿੱਤਾ, ਤਾਂ ਇਹ ਨਾਗਰਿਕਤਾ ਅਤੇ ਲੀਡਰਸ਼ਿਪ ਦੀ ਅਸਲੀਅਤ ‘ਤੇ ਸਵਾਲ ਖੜ੍ਹਾ ਕਰਦਾ ਹੈ। ਭਾਰਤ ਦੇ ਕਾਨੂੰਨ ਮੁਤਾਬਕ, ਦੂਸਰੇ ਦੇਸ਼ ਦੇ ਪਾਸਪੋਰਟ ਰੱਖ ਕੇ ਪਾਰਲੀਮੈਂਟ ਵਿੱਚ ਪਹੁੰਚਣਾ ਅਸੰਵਿਧਾਨਿਕ ਹੈ, ਅਤੇ ਇਸ ਨਾਲ ਨਾਗਰਿਕਤਾ, ਚੋਣ ਅਤੇ ਲੋਕਤੰਤਰ ‘ਤੇ ਸਵਾਲ ਉੱਠ ਸਕਦੇ ਹਨ। ਉਨ੍ਹਾਂ ਕਿਹਾ ਕਿ ਬਿਨਾ ਠੋਸ ਤੇ ਪੁਖ਼ਤਾ ਸਰਕਾਰੀ ਸਬੂਤਾਂ ਦੇ ਕਿਸੇ ਵੀ ਵਿਅਕਤੀ ‘ਤੇ ਦੋਸ਼ ਲਗਾਉਣਾ ਵੀ ਗ਼ਲਤ ਹੋਵੇਗਾ। ਭਾਰਤ ਦੇ ਨਾਗਰਿਕਾਂ ਅਤੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਇਮਾਨਦਾਰੀ ਅਤੇ ਪਾਰਦਰਸ਼ਤਾ ਜ਼ਰੂਰੀ ਹੈ। ਜੇ ਕੋਈ ਰਾਜਨੀਤਿਕ ਆਗੂ ਕਾਨੂੰਨ ਦਾ ਉਲੰਘਣ ਕਰਦਾ ਹੈ ਤਾਂ ਇਹ ਭਾਰਤ ਦੀ ਲੋਕਤੰਤਰਿਕ ਪ੍ਰਕਿਰਿਆ ਲਈ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਕੀ ਅਸਲ ਵਿਚ ਰਾਹੁਲ ਗਾਂਧੀ ਕੋਲ ਦਾਅਵੇ ਅਨੁਸਾਰ ਤਿੰਨ ਪਾਸਪੋਰਟ ਹਨ? ਕੀ ਲੰਡਨ ਵਿੱਚ ਇੱਕ ਪਾਸਪੋਰਟ ਜਿਸ ਦਾ ਨਾਮ “ਰਾਹੁਲ ਵਿਨਸੀ” ਦੱਸਿਆ ਜਾ ਰਿਹਾ ਹੈ, ਉਨ੍ਹਾਂ ਦਾ ਹੀ ਹੈ? ਕੀ ਰਾਹੁਲ ਗਾਂਧੀ ਨੇ ਵਾਕਿਆ ਹੀ ਭਾਰਤ ਵਿੱਚ ਨਾਮ ਬਦਲ ਕੇ ਪਾਸਪੋਰਟ ਬਣਾ ਰਖਿਆ ਹੈ।
ਕੀ ਉਨ੍ਹਾਂ ਦਾ ਇਟਲੀ ਵਿੱਚ ਵੀ ਕਥਿਤ ਇੱਕ ਹੋਰ ਪਾਸਪੋਰਟ ਹੈ? ਸ. ਸਲਾਰੀਆ ਨੇ ਕਿਹਾ ਕਿ ਇਨ੍ਹਾਂ ਵਿਚ ਰੱਤੀ ਜਿੰਨੀ ਵੀ ਸਚਾਈ ਹੈ ਤਾਂ ਇਹ ਸਪਸ਼ਟ ਤੌਰ ਤੇ ਕਾਨੂੰਨ ਦਾ ਉਲੰਘਣ ਹੈ। ਭਾਰਤ ਵਿੱਚ ਦੂਸਰੇ ਦੇਸ਼ ਦਾ ਪਾਸਪੋਰਟ ਰੱਖਣ ਵਾਲਾ ਵਿਅਕਤੀ ਸਿੱਧੇ ਤੌਰ ‘ਤੇ ਲੋਕ ਸਭਾ ਜਾਂ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਦਾ। ਅਜਿਹੇ ਇਲਜ਼ਾਮ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ’ਤੇ ਲਗਦੇ ਹਨ ਤਾਂ ਇਕ ਗੰਭੀਰ ਮਾਮਲਾ ਹੈ। ਇਹ ਭਰੋਸੇਯੋਗਤਾ ਦਾ ਘਾਣ ਹੈ ਅਤੇ ਦੇਸ਼ ਨਾਲ ਧੋਖਾ ਹੈ। ਉਨ੍ਹਾਂ ਸਿਆਸੀ ਆਗੂਆਂ ਨੂੰ ਬਿਨਾ ਕਿਸੇ ਸਬੂਤ ’ਤੇ ਕਿਸੇ ਨੂੰ ਬਦਨਾਮ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜੇਕਰ ਉਹਨਾਂ ਕੋਲ ਸਬੂਤ ਹਨ ਤਾਂ ਉਹ ਲੋਕਾਂ ਦੀ ਕਚਹਿਰੀ ਵਿਚ ਰੱਖਣਾ ਚਾਹੀਦਾ ਹੈ। ਉਨ੍ਹਾਂ ਸਰਕਾਰ ਨੂੰ ਵੀ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇ ਅਤੇ ਜੇਕਰ ਰਾਹੁਲ ਗਾਂਧੀ ਪਾਸਪੋਰਟ ਅਤੇ ਨਾਗਰਿਕਤਾ ਦੇ ਮਾਮਲੇ ’ਚ ਗ਼ਲਤ ਪਾਇਆ ਜਾਂਦਾ ਹੈ ਤਾਂ ਕਾਨੂੰਨੀ ਤੌਰ ‘ਤੇ ਕਾਰਵਾਈ ਕੀਤੀ ਜਾਵੇ।
Leave a Reply