ਲੁਧਿਆਣਾ ( ਜਸਟਿਸ ਨਿਊਜ਼)
– ਆਬਕਾਰੀ ਤੇ ਕਰ ਵਿਭਾਗ ਵੱਲੋਂ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ ਲੁਧਿਆਣਾ-1, ਪਹਿਲੀ ਮੰਜਿਲ, ਮਿੰਨੀ ਸਕੱਤਰੇਤ, ਫਿਰੋਜ਼ਪੁਰ ਰੋਡ ਵਿਖੇ ਭਲਕੇ 29 ਤੇ 30 ਅਗਸਤ ਨੂੰ ਦੋ-ਰੋਜਾ ਪੀ.ਐੱਸ.ਡੀ.ਟੀ. ਰਜਿਸਟ੍ਰੇਸ਼ਨ ਡਰਾਈਵ ਕੈਂਪ ਲਗਾਇਆ ਜਾ ਰਿਹਾ ਹੈ।
ਸਹਾਇਕ ਕਮਿਸ਼ਨਰ (ਰਾਜ ਕਰ) ਦੀਪਕ ਭਾਟੀਆ ਵੱਲੋਂ ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਵਿੱਤ ਕਰ ਕਮਿਸ਼ਨਰ, ਪੰਜਾਬ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਤਹਿਤ ਆਬਕਾਰੀ ਤੇ ਕਰ ਵਿਭਾਗ ਵੱਲੋਂ ਸੂਬੇ ਦੇ ਮਾਲੀਏ ਵਿੱਚ ਵਾਧਾ ਕਰਨ ਲਈ ਪੀ.ਐੱਸ.ਡੀ.ਟੀ.(ਪੰਜਾਬ ਸਟੇਟ ਡਿਵੈਲਪਮੈਂਟ ਟੈਕਸ),ਐਕਟ 2018 ਅਧੀਨ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੇ ਮੰਤਵ ਨਾਲ ਦੋ-ਰੋਜਾ ਰਜਿਸਟ੍ਰੇਸ਼ਨ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਸਹਾਇਕ ਕਮਿਸ਼ਨਰ ਭਾਟੀਆ ਨੇ ਅੱਗੇ ਦੱਸਿਆ ਕਿ ਇਸ ਕੈਂਪ ਦੌਰਾਨ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪੀ.ਐੱਸ.ਡੀ.ਟੀ. ਐਕਟ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਲਈ ਜਾਣਕਾਰੀ ਦਿੱਤੀ ਜਾਵੇਗੀ ਅਤੇ ਇਸ ਸਬੰਧੀ ਉਨ੍ਹਾਂ ਦਾ ਮਾਰਗਦਰਸ਼ਨ ਕੀਤਾ ਜਾਵੇਗਾ।
ਕਾਬਿਲੇਗੌਰ ਹੈ ਕਿ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ ਲੁਧਿਆਣਾ-1 ਵੱਲੋਂ ਲੁਧਿਆਣਾ ਜਿਲ੍ਹੇ ਦੀਆਂ ਦੋ ਮੰਡੀਆਂ ਸਾਹਨੇਵਾਲ ਅਤੇ ਦੋਰਾਹਾ ਦੇ ਆੜ੍ਹਤੀਆਂ ਨੂੰ ਪੀ.ਐੱਸ.ਡੀ.ਟੀ. ਐਕਟ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਲਈ ਪ੍ਰਮੁੱਖਤਾ ਨਾਲ ਕਵਰ ਕੀਤਾ ਜਾਵੇਗਾ।
ਸਹਾਇਕ ਕਮਿਸ਼ਨਰ (ਰਾਜ ਕਰ) ਦੀਪਕ ਭਾਟੀਆ ਵੱਲੋਂ ਇਹ ਵੀ ਦੱਸਿਆ ਗਿਆ ਕਿ ਇਸ ਕੈਂਪ ਦੌਰਾਨ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਪੀ.ਐੱਸ.ਡੀ.ਟੀ. ਐਕਟ ਬਾਰੇ ਜਾਣੂ ਕਰਵਾਉਂਦੇ ਹੋਏ ਇਸ ਵਿੱਚ ਸਮੇਂ-ਸਮੇਂ ‘ਤੇ ਹੋਈਆਂ ਸੋਧਾਂ ਬਾਰੇ ਵੀ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕਾਰਜ ਲਈ ਦਫਤਰ ਸਹਾਇਕ ਕਮਿਸ਼ਨਰ ਰਾਜ ਕਰ ਲੁਧਿਆਣਾ-1 ਦੇ ਰਾਜ ਕਰ ਅਧਿਕਾਰੀਆਂ ਅਤੇ ਰਾਜ ਕਰ ਨਿਰੀਖਕਾਂ ਦੀ ਵਿਸ਼ੇਸ਼ ਡਿਊਟੀ ਲਗਾਈ ਜਾਵੇਗੀ।
ਉਨ੍ਹਾਂ ਜ਼ਿਲ੍ਹਾ ਲੁਧਿਆਣਾ ਦੇ ਵਪਾਰੀਆਂ ਅਤੇ ਦੁਕਾਨਦਾਰਾਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਕੈਂਪ ਮੌਕੇ ਵਧ ਚੜ੍ਹਕੇ ਸ਼ਮੂਲੀਅਤ ਕੀਤੀ ਜਾਵੇ ਕਿਉਂਕਿ ਸੂਬੇ ਦੀ ਆਰਥਿਕ ਤਰੱਕੀ ਅਤੇ ਕਰ ਦੇ ਵਾਧੇ ਲਈ ਇਹ ਇੱਕ ਸਕਾਰਾਤਮਕ ਕਦਮ ਹੈ।
Leave a Reply