ਡਾ. ਆਨੰਦ ਘਈ ਨੇ ਕਿਹਾ ਕਿ ਅੰਗ ਦਾਨ ਇੱਕ ਮਨੁੱਖਤਾ-ਭਰਿਆ ਪੁੰਨ ਕੰਮ ਹੈ, ਜਿਸ ਨਾਲ ਇੱਕ ਵਿਅਕਤੀ ਆਪਣੀ ਮੌਤ ਤੋਂ ਬਾਅਦ ਕਈ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਦੇ ਸਕਦਾ ਹੈ। ਦਿਲ, ਜਿਗਰ, ਗੁਰਦੇ, ਫੇਫੜੇ, ਅੱਖਾਂ ਅਤੇ ਚਮੜੀ ਵਰਗੇ ਅੰਗਾਂ ਦਾ ਦਾਨ ਕਈ ਗੰਭੀਰ ਬਿਮਾਰੀਆਂ ਨਾਲ ਪੀੜਤ ਲੋਕਾਂ ਲਈ ਜੀਵਨ ਬਚਾਉਣ ਦਾ ਸਾਧਨ ਬਣ ਸਕਦਾ ਹੈ।
ਉਨ੍ਹਾਂ ਨੇ ਵਿਗਿਆਨਕ ਤੌਰ ‘ਤੇ ਸਮਝਾਇਆ ਕਿ ਦਿਮਾਗੀ ਮੌਤ ਇੱਕ ਅਜਿਹੀ ਅਵਸਥਾ ਹੈ ਜਿਸ ਵਿੱਚ ਮਰੀਜ਼ ਦਾ ਦਿਮਾਗ ਸਦਾ ਲਈ ਕੰਮ ਕਰਨਾ ਬੰਦ ਕਰ ਦਿੰਦਾ ਹੈ, ਪਰ ਦਿਲ ਦੀ ਧੜਕਨ ਕੁਝ ਸਮੇਂ ਤੱਕ ਜਾਰੀ ਰਹਿੰਦੀ ਹੈ। ਇਸ ਹਾਲਤ ਵਿੱਚ ਪਰਿਵਾਰ ਦੀ ਸਹਿਮਤੀ ਨਾਲ, ਨਿਯਮਾਂ ਅਨੁਸਾਰ, ਅੰਗ ਦਾਨ ਕੀਤਾ ਜਾ ਸਕਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅੰਗ ਦਾਨ ਦੀ ਪੂਰੀ ਪ੍ਰਕਿਰਿਆ ਕਾਨੂੰਨੀ ਨਿਯਮਾਂ ਅਨੁਸਾਰ ਹੁੰਦੀ ਹੈ ਅਤੇ ਇਸ ਵਿੱਚ ਪਾਰਦਰਸ਼ਤਾ ਬਣਾਈ ਰੱਖੀ ਜਾਂਦੀ ਹੈ।
ਡਾ. ਘਈ ਨੇ ਦੱਸਿਆ ਕਿ ਹਰ ਵਿਅਕਤੀ ਆਪਣੇ ਜੀਵਨ ਦੌਰਾਨ ਹੀ ਅੰਗ ਦਾਨ ਲਈ ਸੰਕਲਪ ਕਰ ਸਕਦਾ ਹੈ, ਜਿਸ ਨਾਲ ਉਸਦੀ ਇੱਛਾ ਸਰਕਾਰੀ ਰਿਕਾਰਡ ਵਿੱਚ ਦਰਜ ਹੋ ਜਾਂਦੀ ਹੈ। ਇਹ ਸੰਕਲਪ ਰਾਸ਼ਟਰੀ ਅੰਗ ਅਤੇ ਟਿਸ਼ੂ ਪ੍ਰਤਿਆਰੋਪਣ ਸੰਗਠਨ ਦੇ ਪੋਰਟਲ ‘ਤੇ ਕੀਤਾ ਜਾ ਸਕਦਾ ਹੈ। ਕਮਿਊਨਿਟੀ ਸਿਹਤ ਕੇਂਦਰ ਭਰਤਗੜ੍ਹ ਦੇ ਸਾਰੇ ਕਰਮਚਾਰੀਆਂ ਨੇ ਇਹ ਸੰਕਲਪ ਲਿਆ ਹੈ ਕਿ ਉਹ ਅੰਗ ਦਾਨ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਗੇ।
ਡਾ. ਆਨੰਦ ਘਈ ਨੇ ਜਨਤਾ ਨੂੰ ਅਪੀਲ ਕੀਤੀ ਕਿ ਉਹ ਅੰਗ ਦਾਨ ਬਾਰੇ ਆਪਣੇ ਪਰਿਵਾਰ ਨਾਲ ਖੁੱਲ੍ਹ ਕੇ ਗੱਲ ਕਰਨ ਅਤੇ ਆਪਣੀ ਇੱਛਾ ਸਪੱਸ਼ਟ ਤੌਰ ‘ਤੇ ਦਰਜ ਕਰਨ, ਤਾਂ ਜੋ ਜ਼ਰੂਰਤ ਦੇ ਸਮੇਂ ਉਹਨਾਂ ਦੇ ਅੰਗ ਹੋਰਾਂ ਲਈ ਜੀਵਨ ਬਚਾਉਣ ਦਾ ਕਾਰਨ ਬਣ ਸਕਣ।
Leave a Reply