ਸਮਾਂ ਕਦੇ ਕਿਸੇ ਲਈ ਨਹੀਂ ਠਹਿਰਦਾ। ਹਰੇਕ ਯੁੱਗ, ਹਰੇਕ ਪੀੜ੍ਹੀ ਆਪਣੀ ਛਾਪ ਛੱਡਦੀ ਹੈ। ਜੱਗ ਜੰਕਸਨ ਰੇਲਾਂ ਦਾ ਹੈ ।ਲੋਕ ਆਉਂਦੇ ਨੇ ਆਪਣੇ ਹਿੱਸੇ ਦਾ ਰੋਲ ਨਿਭਾ ਚੱਲੇ ਜਾਂਦੇ ਨੇ।ਬਚਪਨ , ਜਵਾਨੀ ਤੇ ਬੁਢਾਪਾ ਬੀਤਦੇ ਜਾਂਦੇ ਹਨ। ਬੰਦਾ ਰੋਜ਼ੀ ਰੋਟੀ ਨਾਲ ਜੁੜਦਾ ਹੈ । ਆਪਣੇ ਸਭਿਆਚਾਰ , ਲੋਕਾਂ ਨਾਲ ਕੰਮਕਾਜ ਨਾਲ, ਪਹਿਰਾਵੇ ਨਾਲ ਡੂੰਘੀ ਸਾਂਝ ਪਾਈ ਲੈਂਦਾ ਹੈ। ਪਰ ਕਹਿੰਦੇ ਨੇ ਕਿ ਸਮੇਂ ਕਦੇ ਨੀ ਰੁਕਦਾ। ਸਮੇਂ ਨਾਲ ਖਾਣਪੀਣ,ਪਹਿਰਾਵਾ ਤੇ ਕੰਮ ਬਹੁਤ ਕੁਝ ਨਵਾਂ ਆ ਜਾਂਦਾ ਹੈ। ਨਵੀਂ ਪੀੜ੍ਹੀ ਪੁਰਾਣੀ ਰਵਾਇਤ ਨੂੰ ਛੱਡਦੀ ਜਾਂਦੀ ਹੈ।ਪਰ ਕੁਝ ਅਜਿਹੇ ਕੰਮ, ਰੀਤੀ-ਰਿਵਾਜ, ਤੇ ਲੋਕ ਰਵਾਇਤਾਂ ਹੁੰਦੀਆਂ ਹਨ ਜੋ ਕੇਵਲ ਆਪਣੇ ਸਮੇਂ ਦੀ ਨਹੀਂ, ਸਗੋਂ ਪੂਰੇ ਸੱਭਿਆਚਾਰ ਦੀ ਪਹਿਚਾਣ ਹੁੰਦੀਆਂ ਹਨ। ਪਿਛਲੀਆਂ ਪੀੜ੍ਹੀਆਂ ਉਹਨਾਂ ਨੂੰ ਸੰਭਾਲ ਕੇ ਰੱਖਿਆ ਸੀ।ਪਰ ਹੁਣ ਦੁੱਖ ਦੀ ਗੱਲ ਇਹ ਹੈ ਕਿ ਜਿਵੇਂ ਜਿਵੇਂ ਅਸੀਂ ਆਧੁਨਿਕਤਾ ਵੱਲ ਵਧੇ ਹਾਂ, ਇਨ੍ਹਾਂ ਵਿੱਚੋਂ ਕਈ ਕਿੱਤੇ ਤੇ ਰਿਵਾਜ ਪੁਰਾਣੀਆਂ ਪੀੜ੍ਹੀਆਂ ਦੇ ਨਾਲ ਹੀ ਖਤਮ ਹੋ ਗਏ ਹਨ।
ਜਿਵੇਂ ਕਹਿੰਦੇ ਨੇ ਕਿ
ਪਿੱਪਲ ਦਿਆ ਪੱਤਿਆ ਕਿਉਂ ਖੜ ਖੜ ਲਾਈ ਹੈ
ਪੱਤ ਝੜੇਪੁਰਾਣੇ , ਰੁੱਤ ਨਵਿਆਂ ਦੀ ਆਈ ਹੈ।
ਇੱਥੇ ਅਸੀਂ ਉਨ੍ਹਾਂ ਵਿਸ਼ਿਆਂ ਦੀ ਯਾਦ ਕਰਾਂਗੇ ਜੋ ਹੁਣ ਸਿਰਫ਼ ਕਹਾਣੀਆਂ, ਯਾਦਾਂ ਜਾਂ ਕਦੇ-ਕਦੇ ਕਿਸੇ ਸਭਿਆਚਾਰਿਕ ਸੰਸਥਾਵਾਂ ਦੀਆਂ ਗੈਲਰੀਆਂ ਤੱਕ ਸੀਮਤ ਹੋ ਗਏ ਹਨ।
ਘਰੇਲੂ ਹੁਨਰ ਤੇ ਹੱਥਕਲਾਵਾਂ ਦੀ ਗੱਲ ਕਰੀਏ ਤਾਂ ਦੁਨੀਆਂ ਬਦਲ ਗਈ ਹੈ।
ਚਰਖਾ ਤੇ ਸੂਤ ਕੱਤਣਾ
ਪਹਿਲਾਂ ਹਰ ਘਰ ਵਿੱਚ ਚਰਖਾ ਹੁੰਦਾ ਸੀ। ਰਾਤ ਵੇਲੇ ਔਰਤਾਂ ਗੀਤ ਗਾਉਂਦੀਆਂ ਹੋਈਆਂ ਸੂਤ ਕੱਤਦੀਆਂ।ਹੁਣ ਤ੍ਰਿਝੰਣ ਨਹੀਂ ਜੁੜਦੇ।ਇਹ ਨਾਂ ਕੇਵਲ ਕਲਾ ਸੀ, ਸਗੋਂ ਇੱਕ ਰੂਹਾਨੀ ਅਨੁਭਵ ਵੀ। ਅੱਜ ਇਹ ਕਲਾ ਗਿਣਤੀ ਦੇ ਲੋਕਾਂ ਤੱਕ ਸੀਮਿਤ ਹੋ ਚੁੱਕੀ ਹੈ। ਕਿਤੇ ਸ਼ਹਿਰ ਤੋਂ ਦੂਰ ਦਰਾਡੇ ਦੇ ਪਿੰਡ ਵਿੱਚ ਭਾਵੇਂ ਜਿਉਂਦੀ ਹੋਵੇ ਨਹੀਂ ਤਾਂ ਇਸ ਦਾ ਅੰਤ ਹੀ ਹੋ ਗਿਆ ਹੈ।
ਕਢਾਈ ਤੇ ਰੰਗਾਈ
ਪਹਿਲਾਂ ਕੱਪੜੇ ਘਰ ਵਿੱਚ ਕੱਢੇ ਜਾਂਦੇ, ਰੰਗੇ ਜਾਂਦੇ। ਹੱਥੀਂ ਰੰਗੀ ਚਾਦਰਾਂ, ਦੁਪੱਟੇ, ਸੂਟ ਪੰਜਾਬੀ ਪਹਿਰਾਵੇ ਦੀ ਖਾਸੀਅਤ ਸਨ। ਆਧੁਨਿਕ ਫੈਕਟਰੀ ਕੰਮ ਨੇ ਇਹ ਸਭ ਘਰੋਂ ਖਤਮ ਕਰ ਦਿੱਤਾ।ਔਰਤ ਲੰਮੇ ਸਮੇਂ ਤੱਕ ਕੰਮ ਕਰਦੀਆਂ ਰਹਿੰਦੀਆਂ ਸੀ ਮਨਪਸੰਦ ਦੇ ਰੰਗ ਪਾਉਂਦੀਆਂ ਸਨ।
ਘਰੇਲੂ ਸਾਜ-ਸਜਾਵਟ
,ਕੰਡਿਆਂ ਵਾਲੀਆਂ ਰੱਖੜੀਆਂ, ਹੱਥੀਂ ਬਣਾਈਆਂ ਰੰਗੋਲੀ ਅਤੇ ਘਰ ਦੀ ਕੰਧੋਲੀ ਵਿਹੜਾ ਕੰਧਾਂ ਤੇ ਮੀਨਾਕਾਰੀ ਕਰਦੀਆਂ ਜਾਂਦੀਆਂ ਚਮਕਣ ਲਾ ਦਿੰਦੀਆਂ ਸੀ
। ਬੋਤਲਾਂ ਵਿੱਚ ਫੁੱਲ ਤੇ ਹੋਰ ਸਜਾਵਟੀ ਸਮਾਨ ਕਮਾਲ ਦਾ ਹੁੰਦਾ ਸੀ।ਸੁੰਦਰਤਾ ਵਧਾਉਣ ਵਾਲੀਆਂ ਚੀਜ਼ਾਂ ਹੁਣ ਬਾਜ਼ਾਰ ਦੀ ਤੈਅ ਕੀਤੀ “ਡਿਜ਼ਾਈਨ” ਅਨੁਸਾਰ ਬਣ ਰਹੀਆਂ ਹਨ। ਰੇਡਮੇਡ ਨੇ ਢਾਅ ਲਾ ਦਿੱਤੀ ਹੈ।
ਖੇਤੀਬਾੜੀ ਦੇ ਪੁਰਾਤਨ ਢੰਗ ਦੀ ਗੱਲ ਤੋਰੀਏ ਤਾਂ ਪਹਿਲਾਂ ਢੰਗ ਹੋਰ ਵਰਤੇ ਜਾਂਦੇ ਸੀ । ਜਦੋਂ ਦਾ ਮੰਡੀ ਲਈ ਅਨਾਜ ਪੈਦਾ ਹੋਣ ਲੱਗਿਆ ਹੈ।ਸਭ ਕੁਝ ਬਦਲ ਗਿਆ ਹੈ।
ਬਲਦਾਂ ਨਾਲ ਹਲ ਚਲਾਉਣਾ
ਬਲਦਾਂ ਨਾਲ ਹਲ਼ ਵਾਹੁਣਾ– ਇਹ ਦ੍ਰਿਸ਼ ਪੰਜਾਬੀ ਪਿੰਡਾਂ ਦੀ ਰੂਹ ਸੀ। ਕਿਸਾਨ ਖੇਤਾਂ ‘ਚ ਬੈਲ ਜੋੜ ਕੇ ਦਿਨ ਲੰਘਾ ਦਿੰਦੇ ਸਨ। ਹੁਣ ਇਹ ਤਸਵੀਰਾਂ ਸਿਰਫ ਪੋਸਟਰਾਂ ਜਾਂ ਕਵਿਤਾਵਾਂ ਵਿੱਚ ਹੀ ਰਹਿ ਗਈ ਹੈ।
ਮਿੱਟੀ ਨਾਲ ਸੰਬੰਧ
ਕਣਕੈ ਵੱਢਣੀਆਂ, ਕੱਢਣੀਆਂ – ਇਹ ਸਭ ਰਸਮਾਂ ਇੱਕ ਖੇਤੀ ਵਾਲੀ ਜ਼ਿੰਦਗੀ ਦਾ ਹਿੱਸਾ ਸਨ। ਹੁਣ ਇਹ ਤਕਨੀਕ ਤੇ ਮਸ਼ੀਨਾਂ ਨੇ ਪੂਰੇ ਤਰੀਕੇ ਨਾਲ ਬਦਲ ਦਿੱਤਾ ਹੈ।
ਰੀਤੀ-ਰਿਵਾਜ ਜੋ ਹੁਣ ਨਹੀਂ ਰਹੇ
ਲੋਰੀਆਂ, ਸੁਹਾਗ ਅਤੇ ਵਿਆਹ ਗੀਤ
ਪਹਿਲਾਂ ਮਾਵਾਂ ਆਪਣੇ ਬੱਚਿਆਂ ਨੂੰ ਲੋਰੀ ਗਾ ਕੇ ਸੁਤਾਉਂਦੀਆਂ। ਵਿਆਹਾਂ ‘ਚ ਮਹਿਲਾਵਾਂ ਸੁਹਾਗ, ਟੱਪੇ, ਵੱਖ ਵੱਖ ਤਰ੍ਹਾਂ ਦੇ ਗੀਤ ਗਾਉਂਦੀਆਂ।ਸੁਹਾਗ
ਸਿੱਠਣੀਆਂ
ਛੰਦ ਪਰਾਗਾ
ਹੇਰੇ/ਹੇਅਰੇ
ਜਨਮ ਗੀਤ
ਛੱਲਾ
ਬੋਲੀਆਂ
ਲੋਰੀਆਂ
ਲੋਹੜੀ ਦੇ ਗੀਤ
ਹੁੱਲੇ-ਹੁਲਾਰੇ ਖਤਮ ਹੋ ਗਏ ਨੇ।ਨਾਨਕੇ ਦਾਦਕੇ ਦੇ ਗਿੱਧੇ ਹੁਣ ਨੀ ਪੈਂਦੇ। ਲੰਮੀਆਂ ਹੇਕਾਂ ਦੇ ਗੀਤ
ਹਰੀਏ ਨੀ ਰਸ ਭਰੀਏ ਖਜੂਰੇ,
ਕਿਨ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ,
ਓਸ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ,
ਦਾਜ ਦਿੱਤਾ ਗੱਡ ਪੂਰੇ।
ਨਹੀਂ ਗੂੰਜਦੇ ਹੁਣ।ਅੱਜ ਇਹ ਸਭ ਕੁਝ ਬੈਂਡ ਅਤੇ ਡੀਜੇ ਦੇ ਸ਼ੋਰ ਵਿੱਚ ਗੁੰਮ ਹੋ ਗਿਆ।
ਰਿਸ਼ਤਿਆਂ ਦੀ ਰਸਮਾਂ
ਸਾਉਣ ਵਿਚ ਰੱਖੜੀਆਂ ਪਾਈ ਜਾਂਦੀਆਂ, ਭੈਣਾਂ ਆਪਣੇ ਭਰਾ ਲਈ ਰੱਖੜੀਆਂ ਲਿਆਉਂਦੀਆਂ। ਹੁਣ ਰੱਖੜੀ ਵੀ ਬੋਝ ਮੰਨਣ ਲੱਗ ਪਏ ਨੇ ਲੋਕ।ਇਹ ਵੀ ਪਰੰਪਰਾ ਆਧੁਨਿਕ ਉਪਹਾਰਾਂ ਅਤੇ ਆਨਲਾਈਨ ਆਰਡਰਾਂ ਨੇ ਖਤਮ ਕਰ ਦਿੱਤੀ।
ਮੌਤ ਦੇ ਸੰਸਕਾਰ
ਚੌਥੀ, ਦਸਵੀਂ, ਤੇ ਅਰਦਾਸ – ਇਹ ਰਵਾਇਤਾਂ ਸਮਾਜਕ ਸਾਂਝ ਨੂੰ ਬੰਨ੍ਹਦੀਆਂ। ਅੱਜ ਇਹ ਵੀ ਹਾਲਾਤ ਅਤੇ ਬਣ ਰਹੇ ਹਨ ਕਿ ਇਹ ਖਰਚਿਆਂ ਕਰਕੇ ਰਸਮਾਂ ਘੱਟ ਹੋ ਰਹੀਆਂ ਹਨ।ਲੰਮੇ ਵੈਣ ਪਾਉਣ ਵਾਲੀਆਂ ਦਾਦੀਆਂ ਜਾ ਚੁੱਕੀਆਂ ਨੇ। ਨਵੀਆਂ ਨੂੰ ਅਫਸੋਸ ਵੀ ਨੀ ਕਰਨਾ ਆਉਂਦਾ।
ਲੋਕ-ਕਲਾ, ਲੋਕ-ਰਸਮ ਤੇ ਮੇਲੇ
ਗਿੱਧਾ, ਭੰਗੜਾ, ਧਮਾਲ
ਤੂੜੀ ਤੰਦ ਸਾਂਭ ਹਾੜੀ ਵੇਚ ਵੱਟ ਕੇ
ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ।
ਹੁਣ ਬੀਤੇ ਦੀ ਗੱਲ ਬਣ ਗਏ ਨੇ।
ਇਹ ਨਾਚ ਪੰਜਾਬੀ ਸੱਭਿਆਚਾਰ ਦੀ ਰਗ ਰਗ ਵਿੱਚ ਵੱਸਦੇ ਸਨ। ਹੁਣ ਇਹ ਪ੍ਰਦਰਸ਼ਨਕਾਰੀ ਹੋ ਗਏ ਹਨ। ਆਮ ਜੀਵਨ ਦੀ ਧੂੜ ਵਿੱਚ ਇਹ ਰਲ ਗਏ ਹਨ।ਨਾ ਤੀਆਂ ਦਾ ਕੋਈ ਤਿਉਹਾਰ ਮਨਾਇਆ ਜਾਂਦਾ ਹੈ। ਕਦੇ ਕਦੇ ਕਲੱਬਾਂ ਵਿੱਚ ਇਸ ਨੂੰ ਲਾਇਆ ਜਾਂਦਾ ਹੈ।ਹੁਣ ਬੋਹੜਾਂ ਹੇਠ ਨਾ ਪੀਂਘਾਂ ਪੈਂਦੀਆਂ ਨੇ ਨਾ ਤੀਆਂ ਲੱਗਦੀਆਂ ਨੇ।
ਪਿੰਡ ਦੇ ਮੇਲੇ
ਜਿੱਥੇ ਕਲਾਵਾਂ, ਨਟ-ਨਟਣੀਆਂ, ਨਾਟਕ, ਜੋਗੀ ਆਉਂਦੇ, ਬੱਚਿਆਂ ਨੂੰ ਅਕਸਰ ਚੱਕਰਾਂ, ਰਬੜ ਦੇ ਗੁਬਾਰੇ ਤੇ ਚਟਪਟੇ ਆਲੂ ਪਕੌੜੇ ਖਵਾਏ ਜਾਂਦੇਸਨ। ਮੇਲਿਆਂ ਵਿੱਚ ਲੱਡੂ ਜਲੇਬੀਆਂ ਹੁੰਦੀਆਂ ਸਨ।ਲੋਕ ਨਵੇਂ ਕੱਪੜੇ ਪਾਕੇ ਜਾਂਦੇ ਸਨ।– ਉਹ ਮੇਲੇ ਹੁਣ ਕਮਰਸ਼ੀਅਲ ਹੋ ਗਏ ਹਨ। ਸਭ ਕੁਝ ਡੁਪਲੀਕੇਟ ਜਿਹਾ ਲੱਗਦਾ ਹੈ
ਨਾਟਕ ਤੇ ਭੰਡ, ਬਾਜ਼ੀਆਂ
ਪਹਿਲਾਂ ਨਕਲਾਂ, ਭੰਡ ਅਤੇ ਲੋਕ ਨਾਟਕਾਂ ਰਾਹੀਂ ਲੋਕ ਮਸਲਿਆਂ ਨੂੰ ਚੁੱਕਿਆ ਜਾਂਦਾ। ਪਿੰਡ ਵਿੱਚ ਸਟੇਜਾਂ ਤੇ ਨਾਟਕ ,ਡਰਾਮੇ ਖੇਡੇ ਜਾਂਦੇ ਸੀ। ਪਿੰਡ ਵਿੱਚ ਬਾਜ਼ੀਆਂ ਪੈਂਦੀਆਂ । ਲੋਕ ਉਹਨਾਂ ਘਿਓ,ਕਣਕ ਦਿੰਦੇ।ਲੋਕਾਂ ਦੇ ਹਜ਼ੂਮ ਇਹਨਾਂ ਨੂੰ ਦੇਖਣ ਪਹੁੰਚਦੇ ਸਨ। ਮੌਬਾਇਲ ਨੇ ਸਭ ਕੁਝ ਖਾ ਲਿਆ ਹੈ।ਅੱਜ ਇਹ ਸਿਰਫ ਕਾਲਜੀ ਸਟੇਜ ਜਾਂ ਵਿਰਾਸਤ ਮੇਲਿਆਂ ਵਿੱਚ ਹੀ ਇਹ ਗੱਲਾਂ ਨਜ਼ਰ ਆਉਂਦੀਆਂ ਹਨ।
ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਉਂਦੇ ਰਿਵਾਜਾਂ ਦੀ ਗੱਲ ਕਰੀਏ ਤਾਂ ਸਭ ਕੁਝ ਬਦਲ ਗਿਆ ਹੈ।
ਮੁਹੱਲੇ ਦੀ ਸਾਂਝ
ਪਹਿਲਾਂ ਪਿੰਡ ਦੇ ਲੋਕ ਇਕੱਠੇ ਬੈਠਦੇ, ਚਾਹ ਪੀਂਦੇ, ਰਸਤੇ ‘ਚ ਮਿਲਦੇ। ਲੋਕ ਇੱਕ ਦੂਜੇ ਦੇ ਦੁੱਖ ਵੰਡਾਉਣ ਜਾਂਦੇ ਸਨ ਵਿਆਹ ਦੀ ਵੀ ਆਪਣੀ ਵੱਖਰੀ ਪਛਾਣ ਸੀ। ਵਿਆਹ ਤੇ ਮੰਜੇ ਇਕੱਠੇ ਕਰਨੇ।ਆਂਢ ਗੁਆਂਢ ਵਿਆਹ ਵਿੱਚ ਬਣਦਾ ਰੋਲ ਨਿਭਾਉਂਦੇ ਸਨ। ਹੁਣ ਖਾ ਪੀ ਕੇ ਪਾਰ ।ਅੱਜ ਹਰ ਕੋਈ ਆਪਣੇ-ਆਪਣੇ ਫੋਨ ਤੇ ਚਿਪਕਿਆ ਹੋਇਆ ਹੈ। ਨਾ ਕੋਈ ਕਿਸੇ ਨਾਲ ਦੁੱਖ ਨਾ ਸੁੱਖ ਕੋਈ ਗੱਲ ਨਹੀਂ ਕਰਦੇ।
ਰਾਤਾਂ ਨੂੰ ਦਾਦੇ ਦਾਦੀਆਂ ਦੀਆਂ ਕਹਾਣੀਆਂ ਸੁਣਨਾ। ਰੋਜ਼ਾਨਾ ਨਵੀਆਂ ਕਹਾਣੀਆਂ ਸੁਣਨਾ – ਇਹ ਹੌਲੀ ਹੌਲੀ ਸਿਰਫ ਯਾਦ ਬਣ ਗਈਆਂ ਹਨ। ਸਭ ਕੋਲ ਆਪਣੇ ਕਮਰੇ ਨੇ ਸਭ ਅੱਡ ਹੋ ਕੇ ਸੌਂ ਜਾਂਦੇ ਹਨ।
ਮਹਿਮਾਨ ਨਿਵਾਜੀ
ਪੰਜਾਬੀ ਖਾਣ ਪੀਣ ਦੇ ਸ਼ੁਕੀਨ ਨੇ ਮਹਿਮਾਨ ਨਿਵਾਜੀ ਵਿਚ ਵੀ ਪਹਿਲਾਂ ਵਾਲੀ ਗੱਲ ਨੀ ਰਹੀ ਹੁਣ।ਇੰਝ ਲੱਗਦਾ ਖਰਚਿਆਂ ਨੂੰ ਦੇਖ ਲੋਕ ਸੋਚਦੇ ਕਿ ਕੋਈ ਨਾ ਆਵੇ।
ਆਧਿਆਤਮਿਕ ਪਰੰਪਰਾਵਾਂ ਅਤੇ ਮਾਨਤਾ ਵੀ ਬਹੁਤ ਸਨ।
ਬੋਹੜ, ਪੀਪਲ, ਮੱਥਾ ਟੇਕਣਾ
ਪਹਿਲਾਂ ਬੋਹੜ ਹੇਠ ਬੈਠ ਕੇ ਬਜ਼ੁਰਗ ਗੱਲਾਂ ਕਰਦੇ। ਪਿੱਪਲ ਨੂੰ ਪਾਣੀ ਦਿੰਦੇ, ਰੁੱਖਾਂ ਦੇ ਚਾਰੇ ਪੱਖਾਂ ਨੂੰ ਸਿਰ ਝੁਕਾਉਂਦੇ। ਹੁਣ ਇਹ ਪ੍ਰਕਿਰਤਿਕ ਨਿਸ਼ਾਨੀਆ ਨੂੰ ਵੀ ਅਣਡਿੱਠਾ ਕਰ ਦਿੱਤਾ ਗਿਆ ਹੈ।ਹੁਣ ਕੁਦਰਤ ਦਾ ਕੋਈ ਸਤਿਕਾਰ ਨਹੀਂ ਕਰਦਾ।
ਸੰਤਾਂ ਦੀ ਸੰਗਤ, ਪਾਠ, ਸਤਸੰਗ
ਸਾਧੂ-ਸੰਤਾਂ ਦੇ ਲੰਗਰ, ਕੀਰਤਨ, ਆਖੰਡ ਪਾਠ – ਲੋਕ ਇਕੱਠ ਹੋ ਕੇ ਸੁਣਦੇ। ਅੱਜ ਇਹ ਸਾਰੀ ਸੰਗਤ ਵੀ “ਲਾਈਵ ਸਟਰੀਮ” ਤੇ ਆ ਗਈ ਹੈ।
ਜੇਕਰ ਨਤੀਜੇ ਦੀ ਗੱਲ ਕਰੀਏ ਤਾਂ
ਪੁਰਾਣੀਆਂ ਪੀੜ੍ਹੀਆਂ ਦੇ ਰੀਤੀ-ਰਿਵਾਜ ਤੇ ਕਿੱਤੇ ਸਿਰਫ਼ ਵਿਅਕਤੀਕਤ ਨਹੀਂ, ਸਗੋਂ ਸਮੂਹਕ ਸਮਾਜਿਕ ਪਹਿਚਾਣ ਸਨ। ਇਨ੍ਹਾਂ ਦੀ ਖਤਮ ਹੋ ਰਹੀ ਦੁਨੀਆਂ ਸਾਨੂੰ ਚੇਤਾਵਨੀ ਦੇ ਰਹੀ ਹੈ ਕਿ ਜੇਕਰ ਅਸੀਂ ਆਪਣੀ ਮੂਲ ਜੜ੍ਹਾਂ ਨੂੰ ਨਹੀਂ ਸਾਂਭਾਂਗੇ, ਤਾਂ ਸਾਡੀ ਅਸਲ ਪਛਾਣ ਵੀ ਕਿਤਾਬਾਂ ਦੇ ਸਫ਼ਿਆਂ ਜਾਂ ਇੰਟਰਨੈੱਟ ਦੇ ਲਿੰਕਾਂ ਵਿੱਚ ਹੀ ਰਹਿ ਜਾਏਗੀ। ਇਹ ਵੀ ਸੱਚ ਹੈ ਕਿ ਅਸੀਂ ਸਾਡੇ ਬਜ਼ੁਰਗ ਤੋਂ ਉਹ ਗਿਆਨ ਲੈਣ ਨੀ ਸਕੇ ਜੋਂ ਉਹਨਾਂ ਨੇ ਆਪਣੇ ਬਜ਼ੁਰਗਾਂ ਤੋਂ ਲਿਆ ਸੀ। ਅਸੀਂ ਉਹਨਾਂ ਨੂੰ ਰੂੜੀਵਾਦੀ ਮੰਨਣ ਲੱਗ ਪਏ ਹਨ।ਜਦ ਸਬਰ ,ਸੰਜਮ,ਸੰਤੋਖ, ਨਿਮਰਤਾ , ਮਿਹਨਤ,ਸਾਦਗੀ ਅਸੀਂ ਹੋਰ ਬਹੁਤ ਗੱਲਾਂ ਛੱਡ ਦਿੱਤੀਆਂ ਹਨ।
ਸੰਸਕਾਰ ਤੇ ਰੀਤਾਂ ਨੂੰ ਮੰਨਣਾ ਸਿਰਫ ਪਿਛੜਾਪਣ ਦੀ ਨਿਸ਼ਾਨੀ ਨਹੀਂ, ਸਗੋਂ ਉਹ ਅਜਿਹੀ ਲਕੀਰ ਹਨ ਜੋ ਸਮਾਜ ਨੂੰ ਕਾਇਮ ਰੱਖਦੀਆਂ ਹਨ। ਪੁਰਾਣੀਆਂ ਪੀੜ੍ਹੀਆਂ ਨੇ ਜਿਹੜਾ ਸਭਿਆਚਾਰ ਸਾਡੇ ਲਈ ਛੱਡਿਆ ਹੈ। ਸਾਨੂੰ ਉਸਨੂੰ ਸੰਭਾਲ ਕਿ ਅਗਲੀ ਪੀੜ੍ਹੀ ਤੱਕ ਲਿਜਾਣਾ ਚਾਹੀਦਾ ਹੈ।ਪਰ ਅਸੀਂ ਆਧੁਨਿਕਤਾ ਦੀ ਅੰਨ੍ਹੀ ਦੌੜ ਵਿਚ ਸ਼ਾਮਿਲ ਹੋ ਸਭ ਕੁਝ ਗਵਾ ਲਿਆ ਹੈ।ਅਸੀਂ ਉਹਨਾਂ ਦੇ ਗੁਣਾ ਨੂੰ ਸਿਰਫ ਯਾਦ ਨਾ ਬਣਾਈਏ ਸਗੋਂ ਇਸ ਨੂੰ ਅਸਲ ਵਿੱਚ ਅਮਲ ਵਿਚ ਲਿਆਉਣ ਦੀ ਲੋੜ ਹੈ।
ਸਕੂਲ ਅਤੇ ਕਾਲਜਾਂ ਵਿੱਚ ਲੋਕ ਰਸਮਾਂ ਤੇ ਕਿੱਤਿਆਂ ਬਾਰੇ ਪਾਠਕ੍ਰਮ ਬਣਾਇਆ ਜਾਵੇ।
ਪਰਿਵਾਰ ਵਿੱਚ ਬਜ਼ੁਰਗਾਂ ਨੂੰ ਸਮੇਂ ਦੇਣਾ ਅਤੇ ਉਨ੍ਹਾਂ ਤੋਂ ਪਰੰਪਰਾਵਾਂ ਦੀ ਸਿੱਖ ਲੈਣੀ ਚਾਹੀਦੀ ਹੈ।
ਪਿੰਡ ਪੱਧਰੀ ਮੇਲੇ, ਰਾਗੀਆਂ ਦੀ ਸੰਗਤ ਅਤੇ ਰਵਾਇਤੀ ਸੰਸਥਾਵਾਂ ਨੂੰ ਮਜਬੂਤ ਕੀਤਾ ਜਾਵੇ। ਨਹੀਂ ਫਿਰ ਸਾਡਾ ਕੋਈ ਵਜੂਦ ਨਹੀਂ ਰਹਿਣਾ।
ਜਗਤਾਰ ਲਾਡੀ ਮਾਨਸਾ
9463603061
Leave a Reply