ਲੁਧਿਆਣਾ:( ਵਿਜੇ ਭਾਂਬਰੀ ) –
ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਤਿੰਦਰ ਖੰਗੂੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੀਆਂ ਰਿਵਾਇਤੀ ਪੇਂਡੂ ਖੇਡਾਂ ਨੂੰ ਮੁੜ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਦੇ ਪ੍ਰਚਾਰ-ਪ੍ਰਸਾਰ ਲਈ ਉਠਾਏ ਕਦਮ ਦੀ ਤਾਰੀਫ਼ ਕਰਦਿਆਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
ਉਨ੍ਹਾਂ ਕਿਹਾ ਕਿ ਬਲਦਾਂ ਦੀ ਰੇਸ, ਕੁੱਕੜਾਂ ਦੀ ਲੜਾਈ, ਕੁੱਤਿਆਂ ਦੀ ਦੌੜ, ਮੱਝਾਂ ਦੇ ਮੁਕਾਬਲੇ, ਉੱਠਾਂ ਦੀ ਰੇਸ, ਕਈ ਹੋਰ ਖੇਡਾਂ ਆਦਿ ਸਿਰਫ ਮਨੋਰੰਜਨ ਨਹੀਂ, ਸਗੋਂ ਸਾਡੀ ਧਰਤੀ, ਸੱਭਿਆਚਾਰ ਅਤੇ ਪੇਂਡੂ ਜੀਵਨ ਦੀ ਗੂੜ੍ਹੀ ਪਛਾਣ ਹਨ।
ਉਨ੍ਹਾਂ ਖਾਸ ਤੌਰ ‘ਤੇ ਇਹ ਵੀ ਉਚਾਰਣ ਕੀਤਾ ਕਿ ਪੰਜਾਬ ਦੇ ਜ਼ਮੀਨਦਾਰ ਬਲਦਾਂ ਨੂੰ “ਪੁੱਤਾਂ ਵਾਂਗ ਪਾਲਦੇ ਹਨ”। ਇਹ ਬਲਦ ਸਿਰਫ ਖੇਤਾਂ ਦੀ ਮਦਦ ਨਹੀਂ ਕਰਦੇ, ਸਗੋਂ ਪਰਿਵਾਰ ਦਾ ਹਿੱਸਾ ਹੁੰਦੇ ਹਨ। ਉਹਨਾਂ ਦੀ ਸੰਭਾਲ, ਉਨ੍ਹਾਂ ਲਈ ਖੁਰਾਕ, ਮਾਲਿਸ਼, ਤੇ ਰੋਜ਼ਾਨਾ ਦੀ ਸੇਵਾ, ਇੱਕ ਸਨਮਾਨਯੋਗ ਰਿਸ਼ਤੇ ਦੀ ਮਿਸਾਲ ਹੈ ਜੋ ਮਨੁੱਖ ਤੇ ਪਸ਼ੂ ਵਿਚਲੇ ਭਾਵਨਾਤਮਕ ਨਾਤੇ ਨੂੰ ਦਰਸਾਉਂਦਾ ਹੈ।
ਕਿਲਾ ਰਾਏਪੁਰ ਦੀਆਂ ਮਸ਼ਹੂਰ ਖੇਡਾਂ, ਜਿਨ੍ਹਾਂ ਨੂੰ “ਮਿਨੀ ਓਲੰਪਿਕਸ” ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਵਿੱਚ ਇਨ੍ਹਾਂ ਬਲਦਾਂ ਦੀ ਰੇਸ ਇਕ ਮੂਲ ਆਕਰਸ਼ਣ ਹੁੰਦੀ ਹੈ। ਇਨ੍ਹਾਂ ਖੇਡਾਂ ਵਿੱਚ ਹੋਰ ਵੀ ਬਹੁਤ ਸਾਰੇ ਵਿਲੱਖਣ ਮੁਕਾਬਲੇ ਹੁੰਦੇ ਹਨ, ਜਿਵੇਂ ਕਿ: ਬਲਦਾਂ ਦੀ ਰੇਸ, ਉੱਠਾਂ ਦੀ ਦੌੜ, ਕੁੱਤਿਆਂ ਦੀ ਦੌੜ (ਖ਼ਾਸ ਕਰਕੇ ਨਸਲੀ ਕੁੱਤੇ), ਕੁੱਕੜਾਂ ਦੀ ਲੜਾਈ, ਮੱਝਾਂ ਦੇ ਜ਼ੋਰ ਅਜ਼ਮਾਇਸ਼ ਮੁਕਾਬਲੇ, ਘੋੜਸਵਾਰੀ, ਕਬੂਤਰਾਂ ਦੀ ਉਡਾਰੀ ਅਤੇ ਲੋਕ ਰੰਗ-ਤਮਾਸ਼ੇ ਆਦਿ ਇਹ ਸਮਾਰੋਹ ਸਿਰਫ਼ ਖੇਡਾਂ ਹੀ ਨਹੀਂ, ਸਗੋਂ ਪੰਜਾਬੀ ਪਿੰਡਾਂ ਦੀ ਲਗਨ, ਮਿਹਨਤ, ਤੇ ਰਵਾਇਤੀ ਜੀਵਨ ਦੀ ਸ਼ਾਨ ਵੀ ਹਨ।
ਜਤਿੰਦਰ ਖੰਗੂੜਾ ਨੇ ਭਗਵੰਤ ਮਾਨ ਨੂੰ ਅਪੀਲ ਕੀਤੀ ਕਿ ਇਹ ਰਿਵਾਇਤੀ ਖੇਡਾਂ ਕੇਵਲ ਤਿਉਹਾਰ ਜਾਂ ਮੇਲਿਆਂ ਤੱਕ ਸੀਮਤ ਨਾ ਰਹਿਣ, ਸਗੋਂ ਸਰਕਾਰੀ ਮਦਦ, ਇਨਾਮ ਯੋਜਨਾਵਾਂ, ਅਤੇ ਪ੍ਰਚਾਰ ਰਾਹੀਂ ਨਵੀਂ ਪੀੜ੍ਹੀ ਤੱਕ ਪਹੁੰਚਨ। ਇਸ ਨਾਲ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਆਪਣੇ ਸੱਭਿਆਚਾਰ ਨਾਲ ਜੋੜੇ ਰਹਿਣਗੇ।
Leave a Reply