ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ
ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਸਾਬਕਾ ਮੰਤਰੀ ਡਾ.ਰਾਜ ਕੁਮਾਰ ਨਾਲ ਲੋਹਾਰਕਾ ਫਲਾਈਓਵਰ ਦੇ ਨਿਰਮਾਣ ਕਾਰਜ ਦਾ ਨਿਰੀਖਣ ਕਰਨ ਪਹੁੰਚੇ। ਔਜਲਾ ਨੇ ਕਿਹਾ ਕਿ ਇਹ ਸਿਰਫ਼ ਇੱਕ ਪੁਲ ਨਹੀਂ, ਸਗੋਂ ਇੱਕ ਵਿਜ਼ਨ ਹੈ ਜੋ ਅਗਲੇ 50 ਸਾਲਾਂ ਤੱਕ ਦੀ ਟ੍ਰੈਫ਼ਿਕ ਅਤੇ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਸ ਫਲਾਈਓਵਰ ਦੇ ਡਿਜ਼ਾਈਨ ‘ਚ ਤਬਦੀਲੀ ਲਿਆਉਣ ਲਈ ਉਹ ਕਈ ਵਾਰ ਦਿੱਲੀ ਗਏ, ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨਾਲ ਮਿਲੇ, ਅਤੇ ਲੰਬੀ ਮਿਹਨਤ ਕੀਤੀ। ਇਹੀ ਕਾਰਨ ਹੈ ਕਿ ਇਸ ਪ੍ਰੋਜੈਕਟ ਵਿੱਚ ਸਮਾਂ ਲੱਗਿਆ, ਪਰ ਅੱਜ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਇਹ ਮਿਹਨਤ ਰੰਗ ਲਿਆ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਪੁਲ ਦੇ ਇੱਕ ਪਾਸੇ ਰਣਜੀਤ ਐਵੀਨਿਊ ਅਤੇ ਦੂਜੇ ਪਾਸੇ ਲੋਹਾਰਕਾ ਵਰਗਾ ਗਾਂਢੀ ਇਲਾਕਾ ਹੈ, ਜਿੱਥੇ ਲੱਖਾਂ ਦੀ ਅਬਾਦੀ ਰਹਿੰਦੀ ਹੈ ਅਤੇ 5 ਤੋਂ ਵੱਧ ਸਕੂਲ ਹਨ। ਪਹਿਲਾਂ ਇਸ ਪੁਲ ਨੂੰ ਸਿੱਧਾ ਬਣਾਇਆ ਜਾ ਰਿਹਾ ਸੀ, ਪਰ ਲੋਕਾਂ ਦੀ ਸੁਰੱਖਿਆ ਅਤੇ ਲੰਬੇ ਸਮੇਂ ਦੀ ਯਾਤਰਾ ਨੂੰ ਧਿਆਨ ਵਿੱਚ ਰੱਖਦਿਆਂ ਔਜਲਾ ਨੇ ਥੰਮ੍ਹਾਂ ਵਾਲਾ ਡਿਜ਼ਾਈਨ ਮਨਜ਼ੂਰ ਕਰਵਾਇਆ। ਉਨ੍ਹਾਂ ਟਰਾਂਸਪੋਰਟ ਮੰਤਰੀ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਥੰਮ੍ਹਾਂ ਵਾਲੀ ਬਣਤਰ ਨੂੰ ਮਨਜ਼ੂਰੀ ਦਿੱਤੀ ਅਤੇ ਹੁਣ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਉਮੀਦ ਹੈ ਕਿ ਇਹ ਪੁਲ ਅਗਲੇ ਇੱਕ ਸਾਲ ਵਿੱਚ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਦੀ ਜਨਤਾ ਲਈ ਵਚਨਬੱਧ ਹਨ ਅਤੇ ਗੁਰੂ ਨਗਰੀ ਦਾ ਵਿਕਾਸ ਉਨ੍ਹਾਂ ਦੀ ਪਹਿਲੀ ਤਰਜ਼ੀਹ ਹੈ। ਉਹ ਚਾਹੁੰਦੇ ਹਨ ਕਿ ਅਜਿਹੇ ਵਿਕਾਸ ਪ੍ਰੋਜੈਕਟਾਂ ਰਾਹੀਂ ਅੰਮ੍ਰਿਤਸਰ ਨੂੰ ਭਵਿੱਖ ਵਿੱਚ ਮਾਡਲ ਸ਼ਹਿਰ ਬਣਾਇਆ ਜਾ ਸਕੇ।
Leave a Reply