ਲੁਧਿਆਣਾ ( ਜਸਟਿਸ ਨਿਊਜ਼ ) ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਲੁਧਿਆਣਾ ਪੱਛਮੀ ਹਲਕੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਤਾਂ ਜੋ ਪੰਜਾਬ ਦੇ ਸਰਵ ਪੱਖੀ ਵਿਕਾਸ, ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦਾ ਰਾਹ ਪੱਧਰਾ ਹੋਵੇਗਾ।
ਲੁਧਿਆਣਾ ਪੱਛਮੀ ਹਲਕੇ ਵਿਚ ਪਾਰਟੀ ਉਮੀਦਵਾਰ ਸਰਦਾਰ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿਚ ਚੋਣ ਪ੍ਰਚਾਰ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿਰਫ ਇਕ ਖੇਤਰੀ ਪਾਰਟੀ ਪੰਜਾਬੀਆਂ ਦੀਆਂ ਆਸਾਂ ਪੂਰੀਆਂ ਕਰ ਸਕਦੀ ਹੈ, ਲਟਕਦੇ ਮਸਲੇ ਹੱਲ ਕਰ ਸਕਦੀ ਹੈ ਅਤੇ ਲੋਕ ਪੱਖੀ ਪ੍ਰਸ਼ਾਸਨ ਦੇ ਸਕਦੀ ਹੈ ਜਦੋਂ ਕਿ ਦਿੱਲੀ ਦੀਆਂ ਪਾਰਟੀਆਂ ਤਾਂ ਸਿਰਫ ਪੰਜਾਬ ਨੂੰ ਲੁੱਟਣ ’ਤੇ ਲੱਗੀਆਂ ਹਨ।
ਆਮ ਆਦਮੀ ਪਾਰਟੀ ਸਰਕਾਰ ਤੇ ਪਿਛਲੀ ਕਾਂਗਰਸ ਸਰਕਾਰ ਦੀ ਗੱਲ ਕਰਦਿਆਂ ਸਰਦਾਰ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਰਕਾਰਾਂ ਈਸਟ ਇੰਡੀਆ ਕੰਪਨੀ ਵਾਂਗ ਕੰਮ ਕਰ ਰਹੀਆਂ ਹਨ। ਇਹਨਾਂ ਨੇ ਆਪਣੀ ਦਿੱਲੀ ਲੀਡਰਸ਼ਿਪ ਦੇ ਖ਼ਜ਼ਾਨੇ ਭਰਨ ਵਾਸਤੇ ਪੰਜਾਬ ਨੂੰ ਲੁੱਟਿਆ।
ਸਰਦਾਰ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀਆਂ ਨੇ ਪਹਿਲਾਂ ਹੀ 8 ਸਾਲ ਖਰਾਬ ਕਰ ਲਏ ਹਨ। ਉਹਨਾਂ ਕਿਹਾ ਕਿ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਨੇ ਇਕ ਮੌਕਾ ਦਿੱਤਾ ਹੈ ਕਿ ਆਪ ਸਰਕਾਰ ਤੋਂ ਜਵਾਬ ਤਲਬੀ ਕੀਤੀ ਜਾਵੇ ਤੇ ਇਸਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਉਹਨਾਂ ਕਿਹਾ ਕਿ ਪੰਜਾਬ ਨੇ ਕਦੇ ਵੀ ਇੰਨਾ ਨੁਕਸਾਨ ਨਹੀਂ ਝੱਲਿਆ ਜਿੰਨਾ ਆਪ ਸਰਕਾਰ ਦੇ ਰਾਜ ਵਿਚ ਝੱਲਿਆ ਹੈ।
ਉਹਨਾਂ ਕਿਹਾ ਕਿ ਕਾਨੂੰਨ ਵਿਵਸਥਾ ਅਜਿਹੀ ਹੈ ਕਿ ਵਪਾਰੀ ਲੋਕ ਹੁਣ ਹੋਰ ਰਾਜਾਂ ਵਿਚ ਨਿਵੇਸ਼ ਕਰਨ ਨੂੰ ਪਹਿਲ ਦੇ ਰਹੇ ਹਨ। ਉਹਨਾਂ ਕਿਹਾ ਕਿ ਫਿਰੌਤੀਆਂ ਤੇ ਕਤਲ ਨਿੱਤ ਦਾ ਕੰਮ ਹੋ ਗਿਆ ਹੈ। ਆਪ ਵਿਧਾਇਕ ਨਸ਼ਾ ਤਸਕਰਾਂ ਨਾਲ ਰਲ ਕੇ ਕੰਮ ਕਰ ਰਹੇ ਹਨ ਜਿਸ ਕਾਰਣ ਨਸ਼ਾ ਤਸਕਰੀ ਅਤੇ ਨਸ਼ਿਆਂ ਦੀ ਓਵਰਡੋਜ਼ ਨਾਲ ਮੌਤਾਂ ਵੱਧ ਰਹੀਆਂ ਹਨ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸਦੀ ਤੁਲਨਾ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਨਾਲ ਕਰਨ। ਉਹਨਾਂ ਕਿਹਾ ਕਿ ਅਸੀਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਸਰਬੱਤ ਦੇ ਭਲੇ ਦੇ ਸਿਧਾਂਤ ’ਤੇ ਚਲਦੇ ਹਾਂ। ਅਸੀਂ ਸਾਰੇ ਭਾਈਚਾਰਿਆਂ ਦੀ ਕਦਰ ਤੇ ਸਤਿਕਾਰ ਕਰਦੇ ਹਾਂ। ਸਾਰੇ ਭਾਈਚਾਰਿਆਂ ਦੇ ਲੋਕਾਂ ਨੇ ਮੰਨਿਆ ਹੈ ਕਿ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਵਿਚੋਂ ਹੀ ਸਨ। ਸਾਰੇ ਭਾਈਚਾਰਿਆਂ ਨੂੰ ਸਰਦਾਰ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ’ਤੇ ਵਿਸ਼ਵਾਸ ਸੀ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਅਕਾਲੀ ਦਲ ਦਾ ਰਿਕਾਰਡ ਵਿਕਾਸ ਕਾਰਜ ਕਰਨ ਦਾ ਇਕ ਸਥਾਪਿਤ ਟਰੈਕ ਰਿਕਾਰਡ ਹੈ। ਉਹਨਾਂ ਕਿਹਾ ਕਿ ਤੁਸੀਂ ਆਪਣੇ ਆਲੇ ਦੁਆਲੇ ਵੇਖੋ..ਸਾਰੇ ਵਿਕਾਸ ਪ੍ਰਾਜੈਕਟ ਭਾਵੇਂ ਉਹ ਥਰਮਲ ਪਲਾਂਟ ਹੋਣ, ਹਵਾਈ ਅੱਡੇ ਜਾਂ ਐਕਸਪ੍ਰੈਸਵੇਅ, ਸਾਰੇ ਹੀ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਬਣਾਏ ਗਏ ਹਨ। ਉਹਨਾਂ ਕਿਹਾ ਕਿ ਲੁਧਿਆਣਾ ਵਿਚ ਸਾਰੇ ਪ੍ਰਮੁੱਖ ਬੁਨਿਆਦੀ ਢਾਂਚਾ ਪ੍ਰਾਜੈਕਟ ਭਾਵੇਂ ਉਹ ਐਲੀਵੇਟਡ ਰੋਡ ਹੋਵੇ ਜਾਂ ਫਿਰ ਦੱਖਣੀ ਬਾਈਪਾਸ ਸਭ ਅਕਾਲੀ ਦਲ ਦੀ ਸਰਕਾਰ ਨੇ ਬਣਾਏ।
ਸਰਦਾਰ ਬਾਦਲ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਪਾਉਣ ਤੋਂ ਪਹਿਲਾਂ ਚੋਣ ਮੈਦਾਨ ਵਿਚ ਨਿੱਤਰੇ ਸਾਰੇ ਉਮੀਦਵਾਰਾਂ ਦੀ ਤੁਲਨਾ ਕਰਕੇ ਵੇਖ ਲੈਣ। ਉਹਨਾਂ ਕਿਹਾ ਕਿ ਸਰਦਾਰ ਪਰਉਪਕਾਰ ਸਿੰਘ ਘੁੰਮਣ ਇਕ ਪ੍ਰਮੁੱਖ ਵਕੀਲ ਹਨ ਜੋ ਅਨੇਕਾਂ ਸਮਾਜਿਕ ਪਹਿਲਕਦਮੀਆਂ ਲਈ ਜਾਣੇ ਜਾਂਦੇ ਹਨ। ਉਹ ਹੀ ਤੁਹਾਡੀਆਂ ਵੋਟਾਂ ਦੇ ਅਸਲ ਹੱਕਦਾਰ ਹਨ। ਉਹਨਾਂ ਕਿਹਾ ਕਿ ਦੂਜੇ ਪਾਸੇ ਸੰਜੀਵ ਅਰੋੜਾ ਗੁੜਗਾਓਂ ਰਹਿੰਦੇ ਹਨ ਤੇ ਸਿਰਫ ਇਸ ਕਰ ਕੇ ਚੋਣਾਂ ਲੜ ਰਹੇ ਹਨ ਤਾਂ ਜੋ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਵਿਚ ਭੇਜਣ ਦਾ ਰਾਹ ਪੱਧਰਾ ਹੋ ਸਕੇ।
Leave a Reply