ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ //////////////ਪ੍ਰਸ਼ਾਸਨਿਕ ਸੁਧਾਰਾਂ ਬਾਰੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਅੱਜ ਪੰਜਾਬ ਸਰਕਾਰ ਵੱਲੋਂ ਲਾਂਚ ਕੀਤੀਆਂ ਗਈਆਂ ਮਾਲ ਵਿਭਾਗ ਦੀਆਂ ਸੇਵਾਵਾਂ ਦੀ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਰਾਜ ਵਿੱਚੋਂ ਭ੍ਰਿਸ਼ਟਾਚਾਰ ਦੇ ਖ਼ਾਤਮੇ ਲਈ ਇਹ ਕ੍ਰਾਂਤੀਕਾਰੀ ਕਦਮ ਸਿੱਧ ਹੋਵੇਗਾ। ਇੱਥੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆਂ ਕਿ ਹੁਣ ਜ਼ਮੀਨ ਜ਼ਾਇਦਾਦ ਦੀ ਜਮਾਂਬੰਦੀ, ਇੰਤਕਾਲ, ਫ਼ਰਦ ਬਦਰ ਆਦਿ ਲਈ ਲੋਕਾਂ ਨੂੰ ਦਫਤਰਾਂ ਦੇ ਗੇੜੇ ਨਹੀਂ ਲਾਉਣੇ ਪੈਣਗੇ, ਸਗੋਂ ਉਹ ਇੱਕ ਕਲਿੱਕ ਉੱਤੇ ਹੀ ਇਹ ਕੰਮ ਆਪਣੇ ਮੋਬਾਈਲ ਤੋਂ ਕਰ ਸਕਣਗੇ। ਉਹਨਾਂ ਕਿਹਾ ਕਿ ਅੱਜ ਆਮ ਲੋਕਾਂ ਨਾਲ ਜੁੜੀਆਂ ਸੇਵਾਵਾਂ ਨੂੰ ਆਨਲਾਈਨ ਕੀਤਾ ਗਿਆ ਹੈ ਅਤੇ ਇਹ ਸਾਰੀਆਂ ਸੇਵਾਵਾਂ ਇਜ਼ੀ ਜਮਾਬੰਦੀ ਦੀ ਵੈਬਸਾਈਟ ਤੋਂ ਪ੍ਰਾਪਤ ਕੀਤੀਆਂ ਜਾ ਸਕਣਗੀਆਂ ਜਾਂ 1076 ਫ਼ੋਨ ਨੰਬਰ ਡਾਇਲ ਕਰਕੇ ਤੁਸੀਂ ਘਰ ਬੈਠੇ ਇਹ ਸੇਵਾ ਪ੍ਰਾਪਤ ਕਰ ਸਕਦੇ ਹੋ।
ਉਹਨਾਂ ਕਿਹਾ ਕਿ ਇਸ ਵੇਲੇ ਪੰਜਾਬ ਵਿੱਚ ਤਕਰੀਬਨ 40 ਲੱਖ ਲੋਕ ਫ਼ਰਦ ਦੀ ਕਾਪੀ ਲੈਣ ਲਈ ਫ਼ਰਦ ਕੇਂਦਰਾਂ ਵਿੱਚ ਜਾਂਦੇ ਹਨ ਅਤੇ ਇਸ ਲਈ 45 ਕਰੋੜ ਰੁਪਏ ਫ਼ੀਸ ਵਜੋਂ ਦਿੰਦੇ ਹਨ, ਜਦ ਕਿ ਹੁਣ ਇਹ ਕੰਮ ਮੋਬਾਇਲ ਫ਼ੋਨ ਰਾਹੀਂ ਹੋ ਸਕੇਗਾ ਅਤੇ ਇਸ ਨਾਲ ਪੰਜਾਬੀਆਂ ਦੇ ਲਗਭਗ 22 ਕਰੋੜ ਤੋਂ ਵੱਧ ਦੇ ਪੈਸੇ ਬਚਣਗੇ। ਇਸ ਤੋਂ ਇਲਾਵਾ ਨਾ ਪਟਵਾਰੀ ਕੋਲ ਜਾਣ ਦੀ ਲੋੜ ਪਵੇਗੀ, ਨਾ ਲਾਈਨ ਵਿੱਚ ਲੱਗਣ ਦੀ ਅਤੇ ਨਾ ਹੀ ਰਿਸ਼ਵਤ ਦੇਣ ਦੀ।
ਉਹਨਾਂ ਦੱਸਿਆ ਕਿ ਇਸੇ ਤਰ੍ਹਾਂ ਹਰ ਸਾਲ ਪੰਜਾਬ ਵਿੱਚ 8 ਲੱਖ ਦੇ ਕਰੀਬ ਇੰਤਕਾਲ ਹੁੰਦੇ ਹਨ, ਜਿੰਨਾਂ ਵਿੱਚੋਂ 6 ਲੱਖ ਇੰਤਕਾਲ ਰਜਿਸਟਰੀਆਂ ਦੇ ਅਤੇ 2 ਲੱਖ ਵਿਰਾਸਤੀ ਇੰਤਕਾਲ ਹੋ ਜਾਂਦੇ ਹਨ। ਇਹ ਇੰਤਕਾਲ ਕਰਵਾਉਣ ਲਈ ਅਕਸਰ ਲੋਕ ਕਈ ਮਹੀਨੇ ਧੱਕੇ ਖਾਂਦੇ ਸਨ ਪਰ ਹੁਣ ਨਾ ਇੰਤਕਾਲ ਵਿੱਚ ਪਟਵਾਰੀ ਅੜਿਕਾ ਖੜਾਂ ਕਰ ਸਕੇਗਾ ਅਤੇ ਨਾ ਹੀ ਰਿਸ਼ਵਤ ਦੇਣੀ ਪਵੇਗੀ। ਇੰਤਕਾਲ ਦਾ ਸਾਰਾ ਕੰਮ ਪਾਰਦਰਸ਼ੀ ਹੋਵੇਗਾ ਅਤੇ ਇਸ ਨੂੰ 30 ਦਿਨਾਂ ਵਿੱਚ ਪੂਰਾ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਰਪਟ ਐਂਟਰੀ ਲਈ ਹੁਣ ਕੋਈ ਕਾਗਜ਼ੀ ਕਾਰਵਾਈ ਕਰਨ ਜਾਂ ਦਫ਼ਤਰਾਂ ਦੇ ਧੱਕੇ ਖਾਣ ਦੀ ਲੋੜ ਨਹੀ। ਤੁਹਾਡਾ ਕੇਸ ਡਿਜ਼ੀਟਲ ਤੌਰ ਤੇ ਪਟਵਾਰੀ ਤੋਂ ਲੈ ਕੇ ਤਹਿਸੀਲਦਾਰ ਕੋਲ ਜਾਵੇਗਾ ਅਤੇ ਤੁਹਾਨੂੰ ਵੱਟਸਐਪ ਉੱਤੇ ਪਲ-ਪਲ ਦੀ ਜਾਣਕਾਰੀ ਮਿਲੇਗੀ। ਇਸੇ ਤਰ੍ਹਾਂ ਫ਼ਰਦ ਬਦਰ ਦੀ ਸੇਵਾ ਆਨਲਾਈਨ ਕਰ ਦਿੱਤੀ ਗਈ ਹੈ ਅਤੇ ਮਾਲ ਰਿਕਾਰਡ ਵਿੱਚ ਤਰੁਟੀਆਂ ਅਸਾਨੀ ਨਾਲ ਦੂਰ ਹੋਣਗੀਆਂ। ਉਹਨਾਂ ਦੱਸਿਆ ਕਿ ਇਸ ਤੋਂ ਇਲਾਵਾ ਕੋਈ ਵੀ ਨਾਗਰਿਕ ਸਾਲ ਦੇ 500 ਰੁਪਏ ਫ਼ੀਸ ਦੇ ਕੇ ਆਪਣੀ ਖੇਵਟ ਦੀ ਰਿਕਾਰਡ ਲਈ ਸਬਸਕ੍ਰਿਪਸ਼ਨ ਲੈ ਸਕਦਾ ਹੈ ਅਤੇ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਹੋਵੇ, ਜਦੋਂ ਵੀ ਉਸਦੀ ਖੇਵਟ ਨਾਲ ਕੋਈ ਛੇੜ ਛਾੜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਉਸਨੂੰ ਵਟਸਐਪ ਨੰਬਰ ਜਾਂ ਈਮੇਲ ਉੱਤੇ ਅਲਰਟ ਜਾਵੇਗਾ।
ਇਸ ਮੌਕੇ ਮਾਲ ਵਿਭਾਗ ਦੇ ਮੰਤਰੀ ਹਰਦੀਪ ਸਿੰਘ ਮੁੰਡੀਆ ਨੇ ਇਨਾਂ ਕਦਮਾਂ ਨੂੰ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ ਪੱਖੀ ਸੋਚ ਦਾ ਨਤੀਜ਼ਾ ਦੱਸਦੇ ਇਸ ਇਤਿਹਾਸਿਕ ਮੌਕੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨਾਂ ਕਿਹਾ ਕਿ ਸੁਧਾਰਾਂ ਦੇ ਇਹ ਦੌਰ ਅਜੇ ਜਾਰੀ ਹੈ ਅਤੇ ਭਵਿੱਖ ਵਿੱਚ ਹੋਰ ਵੀ ਲੋਕ ਪੱਖੀ ਸੁਧਾਰ ਕੀਤੇ ਜਾਣਗੇ।
ਪ੍ਰੈੱਸ ਕਾਨਫਰੰਸ ਵਿੱਚ ਇਸ ਮੌਕੇ ਉਹਨਾਂ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ, ਸਕੱਤਰ ਮਾਲ ਵਿਭਾਗ ਸ੍ਰੀਮਤੀ ਸੋਨਾਲੀ ਗਿਰੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Leave a Reply