ਜੰਗ ਕੋਈ ਖੇਡ ਨਹੀਂ: ਸੋਸ਼ਲ ਮੀਡੀਆ ਅਤੇ ਟੀਵੀ ‘ਤੇ ਭੜਕਾਊ ਰੁਝਾਨ ਕਿਉਂ?

  ਪਿਛਲੇ ਦਿਨੀਂ ਪਹਿਲਗਾਮ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਤਣਾਅ ਕਾਫ਼ੀ ਵੱਧ ਗਿਆ ਹੈ। ਸਰਹੱਦਾਂ ‘ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਦੋਵੇਂ ਦੇਸ਼ ਇੱਕ ਦੂਜੇ ‘ਤੇ ਦੋਸ਼ ਲਗਾ ਰਹੇ ਹਨ। ਅਜਿਹੇ ਸੰਵੇਦਨਸ਼ੀਲ ਸਮੇਂ ਵਿੱਚ, ਜਦੋਂ ਜੰਗ ਵਰਗਾ ਮਾਹੌਲ ਬਣਿਆ ਹੋਇਆ ਹੈ, ਇਹ ਵੇਖ ਕੇ ਹੈਰਾਨੀ ਹੁੰਦੀ ਹੈ ਕਿ ਸੋਸ਼ਲ ਮੀਡੀਆ ‘ਤੇ ਦੋਵਾਂ ਦੇਸ਼ਾਂ ਦੇ ਕੁਝ ਲੋਕ ਇਸ ਸਥਿਤੀ ਨੂੰ ਮਜ਼ਾਕ ਬਣਾ ਰਹੇ ਹਨ। ਇਸ ਤੋਂ ਵੀ ਵੱਧ ਚਿੰਤਾ ਦੀ ਗੱਲ ਇਹ ਹੈ ਕਿ ਕੁਝ ਟੀ ਵੀ ਨਿਊਜ਼ ਚੈਨਲ ਵੀ ਭੜਕਾਊ ਅਤੇ ਡਰਾਊਣ ਵਾਲੀਆਂ ਖਬਰਾਂ ਦਿਖਾ ਰਹੇ ਹਨ, ਜਿਸ ਨਾਲ ਲੋਕਾਂ ਵਿੱਚ ਹੋਰ ਵੀ ਡਰ ਅਤੇ ਗੁੱਸੇ ਦਾ ਮਾਹੌਲ ਪੈਦਾ ਹੋ ਰਿਹਾ ਹੈ।
   ਇਹ ਸੱਚਮੁੱਚ ਹੀ ਦੁਖਦਾਈ ਗੱਲ ਹੈ ਕਿ ਕੁਝ ਲੋਕ ਜੰਗ ਵਰਗੀ ਗੰਭੀਰ ਸਥਿਤੀ ਦੀ ਸੰਵੇਦਨਸ਼ੀਲਤਾ ਨੂੰ ਨਹੀਂ ਸਮਝ ਰਹੇ। ਉਨ੍ਹਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਹੈ ਕਿ ਜੰਗ ਕੋਈ ਹਾਸੀ ਖੇਡ ਨਹੀਂ ਹੈ। ਜੰਗ ਆਪਣੇ ਨਾਲ ਤਬਾਹੀ, ਮੌਤਾਂ ਅਤੇ ਬੇਘਰ ਹੋਣ ਵਰਗੇ ਭਿਆਨਕ ਨਤੀਜੇ ਲੈ ਕੇ ਆਉਂਦੀ ਹੈ। ਇਸ ਦਾ ਸਭ ਤੋਂ ਵੱਧ ਨੁਕਸਾਨ ਦੋਵਾਂ ਦੇਸ਼ਾਂ ਦੇ ਆਮ ਨਾਗਰਿਕਾਂ ਨੂੰ ਝੱਲਣਾ ਪੈਂਦਾ ਹੈ।
   ਜੰਗ ਵਿੱਚ ਸਿਰਫ਼ ਸਰਹੱਦਾਂ ‘ਤੇ ਲੜ ਰਹੇ ਸੈਨਿਕ ਹੀ ਨਹੀਂ ਮਰਦੇ, ਸਗੋਂ ਬੇਕਸੂਰ ਲੋਕ ਵੀ ਇਸ ਦੀ ਭੇਟ ਚੜ੍ਹਦੇ ਹਨ। ਪਰਿਵਾਰ ਉੱਜੜ ਜਾਂਦੇ ਹਨ, ਬੱਚੇ ਯਤੀਮ ਹੋ ਜਾਂਦੇ ਹਨ ਅਤੇ ਬਜ਼ੁਰਗ ਬੇਸਹਾਰਾ ਹੋ ਜਾਂਦੇ ਹਨ। ਜੰਗ ਨਾਲ ਦੇਸ਼ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਵਿਕਾਸ ਦੇ ਕੰਮ ਰੁਕ ਜਾਂਦੇ ਹਨ ਅਤੇ ਗਰੀਬੀ ਹੋਰ ਵਧ ਜਾਂਦੀ ਹੈ।
   ਸੋਸ਼ਲ ਮੀਡੀਆ ਇੱਕ ਅਜਿਹਾ ਪਲੇਟਫਾਰਮ ਹੈ ਜਿੱਥੇ ਲੋਕ ਆਪਣੀ ਰਾਏ ਜ਼ਾਹਰ ਕਰ ਸਕਦੇ ਹਨ। ਪਰ ਇਸ ਦਾ ਇਹ ਮਤਲਬ ਨਹੀਂ ਕਿ ਕਿਸੇ ਵੀ ਗੰਭੀਰ ਮੁੱਦੇ ਦਾ ਮਜ਼ਾਕ ਉਡਾਇਆ ਜਾਵੇ। ਖਾਸ ਕਰਕੇ ਜਦੋਂ ਗੱਲ ਦੋ ਦੇਸ਼ਾਂ ਦੇ ਸੰਬੰਧਾਂ ਅਤੇ ਸੰਭਾਵਿਤ ਜੰਗ ਦੀ ਹੋਵੇ, ਤਾਂ ਸਾਨੂੰ ਬਹੁਤ ਜ਼ਿਆਦਾ ਜ਼ਿੰਮੇਵਾਰੀ ਨਾਲ ਆਪਣੀ ਗੱਲ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ, ਟੀ ਵੀ ਚੈਨਲਾਂ ਨੂੰ ਵੀ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਅਜਿਹੀਆਂ ਖਬਰਾਂ ਦਿਖਾਉਣ ਤੋਂ ਬਚਣਾ ਚਾਹੀਦਾ ਹੈ ਜੋ ਲੋਕਾਂ ਵਿੱਚ ਡਰ ਅਤੇ ਭੜਕਾਹਟ ਪੈਦਾ ਕਰਨ। ਉਨ੍ਹਾਂ ਨੂੰ ਸਹੀ ਅਤੇ ਸੰਤੁਲਿਤ ਜਾਣਕਾਰੀ ਦੇਣ ‘ਤੇ ਧਿਆਨ ਦੇਣਾ ਚਾਹੀਦਾ ਹੈ।
   ਸਾਨੂੰ ਇਹ ਸਮਝਣਾ ਹੋਵੇਗਾ ਕਿ ਭਾਰਤ ਅਤੇ ਪਾਕਿਸਤਾਨ ਦੋਵੇਂ ਹੀ ਗੁਆਂਢੀ ਦੇਸ਼ ਹਨ। ਸਾਨੂੰ ਆਪਸੀ ਸਹਿਯੋਗ ਅਤੇ ਸ਼ਾਂਤੀ ਨਾਲ ਰਹਿਣ ਦੀ ਲੋੜ ਹੈ। ਜੰਗ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਇਸ ਨਾਲ ਸਿਰਫ਼ ਦੁੱਖ ਅਤੇ ਤਬਾਹੀ ਹੀ ਆਉਂਦੀ ਹੈ।
   ਸੋਸ਼ਲ ਮੀਡੀਆ ‘ਤੇ ਮਜ਼ਾਕ ਉਡਾਉਣ ਵਾਲੇ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਇਸ ਬੇਸਮਝੀ ਭਰੀ ਹਰਕਤ ਨਾਲ ਦੋਵਾਂ ਦੇਸ਼ਾਂ ਦੇ ਉਨ੍ਹਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਹੈ ਜੋ ਪਹਿਲਾਂ ਹੀ ਤਣਾਅ ਅਤੇ ਡਰ ਦੇ ਮਾਹੌਲ ਵਿੱਚ ਜੀ ਰਹੇ ਹਨ।
   ਇਸ ਲਈ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਵਿਵਹਾਰ ਕਰੀਏ ਅਤੇ ਅਜਿਹੇ ਕਿਸੇ ਵੀ ਕੰਮ ਤੋਂ ਬਚੀਏ ਜੋ ਦੋਵਾਂ ਦੇਸ਼ਾਂ ਦੇ ਵਿਚਕਾਰ ਤਣਾਅ ਨੂੰ ਹੋਰ ਵਧਾ ਸਕਦਾ ਹੈ। ਸਾਨੂੰ ਸ਼ਾਂਤੀ ਅਤੇ ਸਦਭਾਵਨਾ ਨੂੰ ਬਣਾਈ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਯਾਦ ਰੱਖੋ, ਜੰਗ ਕਿਸੇ ਲਈ ਵੀ ਲਾਭਦਾਇਕ ਨਹੀਂ ਹੁੰਦੀ, ਇਸ ਨਾਲ ਸਿਰਫ਼ ਤੇ ਸਿਰਫ਼ ਨੁਕਸਾਨ ਹੀ ਹੁੰਦਾ ਹੈ।
ਚਾਨਣਦੀਪ ਸਿੰਘ ਔਲਖ, ਪਿੰਡ ਗੁਰਨੇ ਖ਼ੁਰਦ (ਮਾਨਸਾ), ਸੰਪਰਕ 9876888177

Leave a Reply

Your email address will not be published.


*


hi88 new88 789bet 777PUB Даркнет alibaba66 1xbet 1xbet plinko Tigrinho Interwin