ਭਵਾਨੀਗੜ੍ਹ ( ਹੈਪੀ ਸ਼ਰਮਾ )। ਬੀਤੀ ਰਾਤ ਸਥਾਨਕ ਮਹਾਂਵੀਰ ਬਸਤੀ ਵਿਖੇ ਰਹਿੰਦੇ ਕਾਲਜ ਦੇ ਇਕ ਪ੍ਰੋਫੈਸਰ ਦੀ ਪਤਨੀ ਨੇ ਆਪਣੀ 9 ਸਾਲਾ ਮਾਸੂਮ ਬੱਚੀ ਸਮੇਤ ਜ਼ਹਿਰ ਨਿਗਲ ਕੇ ਜੀਵਨ ਲੀਲਾ ਸਮਾਪਤ ਕਰ ਲਈ। ਪੁਲਸ ਨੇ ਮ੍ਰਿਤਕਾ ਦੀ ਮਾਂ ਦੇ ਬਿਆਨਾਂ ‘ਤੇ ਪ੍ਰੋਫੈਸਰ ਪਤੀ, ਉਸਦੀ ਮਾਂ ਤੇ ਭੈਣ ਖਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਸਬੰਧੀ ਜਾਂਚ ਅਧਿਕਾਰੀ ਏ. ਐੱਸ. ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਨਜੀਤ ਕੌਰ ਵਾਸੀ ਪਿੰਡ ਰਣੋ ਕਲਾਂ (ਪਟਿਆਲਾ) ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ ਸੁਖਵਿੰਦਰ ਕੌਰ ਉਰਫ ਰਾਣੀ (30) ਜਿਸਦਾ ਕਰੀਬ 11 ਸਾਲ ਪਹਿਲਾਂ ਸੰਦੀਪ ਸਿੰਘ ਵਾਸੀ ਭਵਾਨੀਗੜ੍ਹ ਨਾਲ ਵਿਆਹ ਹੋਇਆ ਸੀ।
ਜਵਾਈ ਸੰਦੀਪ ਸਿੰਘ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਖੇ ਪ੍ਰੋਫੈਸਰ ਦੀ ਨੌਕਰੀ ਕਰਦਾ ਹੈ ਜਿਨ੍ਹਾਂ ਕੋਲ 9 ਸਾਲ ਦੀ ਇਕ ਬੱਚੀ ਸੀ। ਸ਼ਿਕਾਇਤ ‘ਚ ਮਨਜੀਤ ਕੌਰ ਨੇ ਦੋਸ਼ ਲਗਾਇਆ ਕਿ ਜਵਾਈ ਸੰਦੀਪ ਦੀ ਭੈਣ ਹਰਪ੍ਰੀਤ ਕੌਰ ਜੋ ਛੰਨਾ ਨੱਥੂਵਾਲ (ਪਟਿਆਲਾ) ਵਿਖੇ ਵਿਆਹੀ ਹੋਈ ਸੀ ਸੁਖਵਿੰਦਰ ਕੌਰ ਦੀ ਜ਼ਿੰਦਗੀ ‘ਚ ਦਖਲ ਅੰਦਾਜ਼ੀ ਕਰਕੇ ਆਪਣੀ ਮਾਂ ਗੁਰਮੇਲ ਕੌਰ ਅਤੇ ਭਰਾ ਸੰਦੀਪ ਸਿੰਘ ਨਾਲ ਮਿਲ ਕੇ ਉਸਦੀ ਲੜਕੀ ਸੁਖਵਿੰਦਰ ਕੌਰ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਜਿਸ ਸਬੰਧੀ ਉਹ ਅਕਸਰ ਦੱਸਦੀ ਹੁੰਦੀ ਸੀ। ਨਾਲ ਹੀ ਇਹ ਵੀ ਕਹਿੰਦੀ ਸੀ ਕਿ ਉਸਦਾ ਪਤੀ ਸੰਦੀਪ ਸਿੰਘ ਅਕਸਰ ਕਹਿੰਦਾ ਹੈ ਕਿ ਤੇਰੀ ਮਾਂ ਨੇ ਤੇਰੀ ਭੈਣ ਅਮਨਦੀਪ ਕੌਰ ਨੂੰ ਵਿਦੇਸ਼ ਭੇਜਣ ਲਈ 22 ਲੱਖ ਖਰਚੇ ਹਨ, ਇਸ ਲਈ ਇੰਨ੍ਹੇ ਹੀ ਪੈਸੇ ਉਹ ਸਾਨੂੰ ਦੇਵੇ।
ਮਨਜੀਤ ਕੌਰ ਨੇ ਕਿਹਾ ਕਿ ਇਸ ਗੱਲ ਨੂੰ ਲੈ ਕੇ ਸੁਖਵਿੰਦਰ ਕੌਰ ਬਹੁਤ ਦੁਖੀ ਰਹਿੰਦੀ ਸੀ ਤੇ ਮਰ ਜਾਣ ਦੀ ਗੱਲ ਕਰਦੀ ਸੀ। ਮਨਜੀਤ ਕੌਰ ਨੇ ਦੱਸਿਆ ਕਿ ਇਸ ਦੌਰਾਨ ਐਤਵਾਰ ਸ਼ਾਮ 7 ਕੁ ਵਜੇ ਉਸਦੀ ਲੜਕੀ ਸੁਖਵਿੰਦਰ ਕੌਰ ਦਾ ਫੋਨ ਆਇਆ ਕਿ ਉਸਦੀ ਸੱਸ, ਪਤੀ ਤੇ ਨਨਾਣ ਦੀ ਸ਼ਹਿ ‘ਤੇ ਉਸਨੂੰ ਬਹੁਤ ਤੰਗ ਪ੍ਰੇਸ਼ਾਨ ਅਤੇ ਲੜਾਈ ਝਗੜਾ ਕਰ ਰਹੀ ਹੈ ਜਿਸ ਕਰਕੇ ਉਹ ਆਪਣੀ ਧੀ ਸਮੇਤ ਜੀਵਨ ਲੀਲਾ ਖ਼ਤਮ ਕਰ ਲਵੇਗੀ। ਇਸ ਮਗਰੋਂ ਸੁਖਵਿੰਦਰ ਕੌਰ ਨੇ ਖੁਦ ਅਤੇ ਅਪਣੀ ਬੇਟੀ ਰਸਮਪ੍ਰੀਤ ਕੌਰ ਨੂੰ ਵੀ ਜ਼ਹਿਰੀਲੀ ਦਵਾਈ ਪਿਆ ਦਿੱਤੀ। ਜਿਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇਕ ਨਿੱਜੀ ਹਸਪਤਾਲ ਅਤੇ ਫਿਰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾਇਆ ਜਿੱਥੇ ਸੋਮਵਾਰ ਨੂੰ ਇਲਾਜ ਦੌਰਾਨ ਸੁਖਵਿੰਦਰ ਕੌਰ ਅਤੇ ਉਸਦੀ ਧੀ ਦੀ ਮੌਤ ਹੋ ਗਈ।
ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਕਿ ਉਸਦੀ ਲੜਕੀ ਨੇ ਆਪਣੇ ਪਤੀ, ਸੱਸ ਤੇ ਨਨਾਣ ਤੋਂ ਤੰਗ ਆ ਕੇ ਮਜਬੂਰਨ ਇਹ ਖੌਫਨਾਕ ਕਦਮ ਚੁੱਕਿਆ ਹੈ। ਜਾਂਚ ਅਧਿਕਾਰੀ ਏ.ਐੱਸ.ਆਈ. ਸੁਰੇਸ਼ ਕੁਮਾਰ ਨੇ ਦੱਸਿਆ ਕਿ ਮਨਜੀਤ ਕੌਰ ਦੇ ਬਿਆਨਾਂ ‘ਤੇ ਪੁਲਸ ਨੇ ਮ੍ਰਿਤਕਾ ਦੇ ਪਤੀ ਸੰਦੀਪ ਸਿੰਘ, ਉਸਦੀ ਮਾਂ ਗੁਰਮੇਲ ਕੌਰ ਤੇ ਨਨਾਣ ਹਰਪ੍ਰੀਤ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲੇ ‘ਚ ਨਾਮਜ਼ਦ ਸਾਰੇ ਮੁਲਜ਼ਮ ਫਿਲਹਾਲ ਪੁਲਸ ਦੀ ਗ੍ਰਿਫ਼ਤ ‘ਚੋਂ ਬਾਹਰ ਹਨ, ਜਿਨ੍ਹਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Leave a Reply