ਭਵਾਨੀਗੜ੍ਹ (ਮਨਦੀਪ ਕੌਰ ਮਾਝੀ) ਪੁਲਸ ਨੇ ਰੌਹੜ ਜਾਗੀਰ ਵਿਖੇ ਨਾਈ ਦੀ ਦੁਕਾਨ ਕਰਦੇ ਪਿੰਡ ਮਾਲੀਮਾਜਰਾ ਦੇ ਇਕ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝਾ ਕੇ ਤਿੰਨ ਮੁਲਜ਼ਮਾਂ ਨੂੰ ਕਾਰ ਸਮੇਤ ਗ੍ਰਿਫਤਾਰ ਕਰ ਲਿਆ ਹੈ। ਥਾਣਾ ਜੁਲਕਾਂ ਦੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਭਿੰਡਰ ਨੇ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਮਾਲੀਮਾਜਰਾ ਰੋਜ਼ਾਨਾ ਦੀ ਤਰ੍ਹਾਂ ਆਪਣੀ ਰੌਹੜ ਜਾਗੀਰ ਵਿਖੇ ਨਾਈ ਦੀ ਦੁਕਾਨ ਤੋਂ ਸ਼ਾਮ 8 ਕੁ ਵਜੇ ਘਰ ਆਉਂਦਾ ਸੀ ਪਰ 12 ਮਾਰਚ ਦੀ ਸ਼ਾਮ ਨੂੰ ਉਹ ਘਰ ਵਾਪਸ ਨਹੀਂ ਆਇਆ, ਜਿਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ ਇਸ ਸਬੰਧ ਪੁਲਸ ਨੇ ਅਗਵਾ ਦਾ ਪਰਚਾ ਦਰਜ ਕੀਤਾ ਸੀ। ਨੌਜਵਾਨ ਦੇ ਗੁੰਮ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਐੱਸ.ਐੱਸ.ਪੀ. ਪਟਿਆਲਾ ਡਾ. ਨਾਨਕ ਸਿੰਘ ਤੇ ਐੱਸ.ਪੀ. ਸਿਟੀ ਵੈਭਵ ਚੌਧਰੀ, ਡੀ.ਐੱਸ.ਪੀ. ਦਿਹਾਤੀ ਰਾਜੇਸ਼ ਕੁਮਾਰ ਛਿੱਬੜ, ਥਾਣਾ ਮੁਖੀ ਜੁਲਕਾਂ ਗੁਰਪ੍ਰੀਤ ਸਿੰਘ ਭਿੰਡਰ ਤੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਦੀ ਅਗਵਾਈ ’ਚ ਇਕ ਟੀਮ ਬਣਾਈ।ਇਸ ਟੀਮ ਨੇ ਇਸ ਮੁਕੱਦਮੇ ਦੀ ਗੰਭੀਰਤਾ ਨਾਲ ਛਾਣਬੀਣ ਕਰ ਕੇ ਮੁਲਜ਼ਮਾਂ ਖਿਲਾਫ ਲੋੜੀਂਦੇ ਗਵਾਹ, ਸਬੂਤ ਅਤੇ ਸਹਾਦਤ ਇਕੱਠੇ ਕੀਤੇ ਅਤੇ ਮਿਤੀ 21 ਮਾਰਚ ਨੂੰ ਮੁਲਜ਼ਮ ਸੰਜੂ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਮਾਲੀਮਾਜਰਾ, ਗੁਰਵਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਮੰਡੇਰਾ ਮੰਡ (ਨਵਾਂ ਸ਼ਹਿਰ) ਅਤੇ ਸਾਜਨ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਹਸਨਪੁਰ ਕਲਾਂ (ਨਵਾਂਸ਼ਹਿਰ) ਨੂੰ ਗ੍ਰਿਫਤਾਰ ਕਰ ਲਿਆ ਹੈ
ਇਸ ਦੌਰਾਨ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਦੱਸਿਆ ਕਿ 12 ਮਾਰਚ 2025 ਨੂੰ ਸ਼ਾਮ ਕਰੀਬ 8.30 ਵਜੇ ਅਮਨਦੀਪ ਸਿੰਘ ਜਦੋਂ ਆਪਣੀ ਨਾਈ ਦੀ ਦੁਕਾਨ ਬੰਦ ਕਰ ਕੇ ਘਰ ਨੂੰ ਜਾ ਰਿਹਾ ਸੀ ਤਾਂ ਗੁਰਵਿੰਦਰ ਸਿੰਘ ਅਤੇ ਸਾਜਨ ਨੇ ਕਾਰ ਨੰਬਰ ਪੀ.ਬੀ. 32-ਏ.ਸੀ.-8200 ਮਾਰਕਾ ਗਲੇਂਜਾ ’ਚ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰ ਲਿਆ ਅਤੇ ਰੋਪੜ ਨੇੜੇ ਭਾਖੜਾ ਨਹਿਰ ’ਚ 13 ਮਾਰਚ ਨੂੰ ਸਵੇਰੇ 5.45 ਵਜੇ ਮਾਰ ਕੇ ਸੁੱਟ ਦਿੱਤਾ ਤਾਂ ਜੋ ਲਾਸ਼ ਪਾਣੀ ’ਚ ਖੁਰਦ ਬੁਰਦ ਹੋ ਜਾਵੇ। ਇਹ ਸਾਰਾ ਕੰਮ ਸੰਜੂ ਪੁੱਤਰ ਬਲਜੀਤ ਸਿੰਘ ਵਾਸੀ ਮਾਲੀਮਾਜਰਾ ਨੇ ਇਨ੍ਹਾਂ ਤੋਂ ਕਰਵਾਇਆ ਕਿਉਂਕਿ ਇਸ ਕਤਲ ਦਾ ਮੁੱਖ ਕਾਰਨ ਮ੍ਰਿਤਕ ਅਮਨਦੀਪ ਸਿੰਘ ਦੇ ਮੁਲਜ਼ਮ ਸੰਜੂ ਦੀ ਲੜਕੀ ਨਾਲ ਨਾਜਾਇਜ਼ ਸਬੰਧ ਹੋਣਾ ਦੱਸਿਆ ਜਾ ਰਿਹਾ ਹੈ ਇਸ ਸਬੰਧੀ ਥਾਣਾ ਜੁਲਕਾਂ ਪੁਲਸ ਨੇ ਇਨ੍ਹਾਂ ਮੁਲਜ਼ਮਾਂ ਖਿਲਾਫ ਦਰਜ ਕੇਸ ’ਚ ਕਤਲ ਅਤੇ ਅਗਵਾ ਦੀਆਂ ਧਾਰਾਵਾਂ ਦਾ ਵਾਧਾ ਕਰ ਕੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਅਤੇ ਰਿਮਾਂਡ ਦੀ ਮੰਗ ਕੀਤੀ ਹੈ।
Leave a Reply