ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ 180 ਦੇਸ਼ਾਂ ਵਿਚੋ 150 ਨੰਬਰ ਤੇ ਹੈ। ਕੀ ਇਹ ਚਿੰਤਾ ਦਾ ਵਿਸ਼ਾ ਕਿਸ ਲਈ ਹੈ?

ਪ੍ਰੈੱਸ ਦੀ ਆਜ਼ਾਦੀ ਦੇ ਮਾਮਲੇ ਵਿਚ ਭਾਰਤ 180 ਦੇਸ਼ਾਂ ਵਿਚੋ 150 ਨੰਬਰ ਤੇ ਹੈ। ਕੀ ਇਹ ਚਿੰਤਾ ਦਾ ਵਿਸ਼ਾ ਕਿਸ ਲਈ ਹੈ?

ਭਾਰਤ ਵਿਚ ਪ੍ਰੈੱਸ ਨੂੰ ਲੋਕਤੰਤਰ ਦਾ ਚੌਥਾ ਪਾਵਾ ਮੰਨਿਆ ਜਾਂਦਾ ਹੈ ਜਾਂ ਸੀ ਇਸ ਦਾ ਹੁਣ ਨਿਵਾਰਨ ਕਰਨਾ ਔਖਾ ਹੈ ? ਕਿਉਂਕਿ ਕਿਤੇ ਤਾਂ ਪ੍ਰੈੱਸ ਦਾ ਰਵੱਈਆ ਗੋਦੀ ਮੀਡੀਆ ਵਾਲਾ ਹੋ ਗਿਆ ਹੈ ਅਤੇ ਕਿਤੇ ਇਸ ਨੂੰ ਦਬਾਇਆ ਜਾ ਰਿਹਾ ਹੈ, ਬੀਤੇ ਸਮੇਂ ਦੀਆਂ ਘਟਨਾਵਾਂ ਤੋਂ ਸਾਫ ਜਾਹਿਰ ਹੋ ਗਿਆ ਸੀ ਕਿ ਪ੍ਰੈੱਸ ਇਸ ਸਮੇਂ ਸੰਪੂਰਨ ਆਜ਼ਾਦੀ ਵਿਚ ਨਹੀਂ ਹੈ ਅਤੇ ਇਸ ਨੂੰ ਹੁਣ ਚੰਦ ਲੋਕ ਵਧੇਰੇ ਤੌਰ ਤੇ ਵਰਤਨ ਲੱਗ ਪਏ ਹਨ। ਜਦਕਿ ਅਸਲ ਸੱਚ ਤਾਂ ਇਹ ਸੀ ਕਿ ਲੋਕਾਂ ਅਤੇ ਸਰਕਾਰਾਂ ਵਿਚ ਜੇ ਕਰ ਕੋਈ ਗੂੜਾ ਰਾਫਤਾ ਹੁੰਦਾ ਸੀ ਤਾਂ ਉਹ ਪ੍ਰੈੱਸ ਦਾ ਹੁੰਦਾ ਸੀ ।

ਜਿੱਥੇ ਚੰਗਿਆਈਆਂ ਬੁਰਿਆਈਆਂ ਦਾ ਸੰਦੇਸ਼ ਜਨਤਾ ਵਿਚ ਸਰਕਾਰ ਪੱਖੀ ਜਾਂਦਾ ਸੀ ਉਥੇ ਹੀ ਜਨਤਾ ਨਾਲ ਹੋ ਰਹੀ ਧੱਕੇਸ਼ਾਹੀ ਦਾ ਖੁਲਾਸਾ ਵੀ ਅਖਬਾਰ ਹੀ ਕਰਦਾ ਸੀ । ਹੁਣ ਜਦੋਂ ਕਲਮ ਵਿੱਚ ਸਿਆਹੀ ਹੀ ਕਿਸੇ ਦੀ ਖਰੀਦੋ-ਫਰੌਖਤ ਨਾ ਪੈਣ ਲੱਗੇ ਤਾਂ ੳੇੁਸ ਸਮੇਂ ਤਾਂ ਸਿਆਹੀ ਉੇਹ ਹੀ ਲਫਜ਼ ਛੱਡੇਗੀ ਜੋ ਕਿ ਉਸ ਨੂੰ ਭਰਵਾਉਣ ਵਾਲੇ ਦੇ ਹੱਕ ਵਿਚ ਹੋਣਗੇ। ਜਿਸ ਸਦਕਾ ਚੰਗੀ ਮਾੜੀ ਕਾਰਗੁਜ਼ਾਰੀ ਨੂੰ ਇੱਕ ਗ੍ਰਹਿਣ ਲੱਗ ਗਿਆ ਤੇ ਪ੍ਰੈੱਸ ਦੀ ਆਜ਼ਾਦੀ ਵੀ ਕਈ ਤਰ੍ਹਾਂ ਦੀਆਂ ਗੁਲਾਮੀਆਂ ਨੂੰ ਝੱਲਣ ਦੀ ਆਦੀ ਹੋ ਗਈ ਹੈ।

3 ਮਈ, 2022 ਨੂੰ ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ ਮੌਕੇ ‘ਰਿਪੋਰਟਜ਼ ਵਿਦਾਊਟ ਬਾਰਡਰਜ਼’ ਨੇ ਵਿਸ਼ਵ ਪ੍ਰੈੱਸ ਆਜ਼ਾਦੀ ਸੂਚਕ ਅੰਕ ਦਾ 20ਵਾਂ ਐਡੀਸ਼ਨ ਪ੍ਰਕਾਸ਼ਿਤ ਕੀਤਾ। ਇਸ ਵਿਚ ਦੁਨੀਆ ਦੇ 180 ਦੇਸ਼ਾਂ ਵਿਚੋਂ ਭਾਰਤ 150ਵੇਂ ਸਥਾਨ ‘ਤੇ ਰਿਹਾ।

ਇਹ ਸੂਚੀ ਹਰੇਕ ਸਾਲ ‘ਰਿਪੋਰਟਜ਼ ਵਿਦਾਊਟ ਬਾਰਡਰਜ਼’ ਨਾਂਅ ਦੇ ਇਕ ਆਜ਼ਾਦ ਗ਼ੈਰ-ਸਰਕਾਰੀ ਸੰਗਠਨ ਵਲੋਂ ਤਿਆਰ ਕੀਤੀ ਜਾਂਦੀ ਹੈ। ਕਿਸੇ ਦੇਸ਼ ਦੀ ਰੈਂਕਿੰਗ ਸਿਫ਼ਰ ਤੋਂ 100 ਨੰਬਰਾਂ ਦੇ ਸਕੋਰ ‘ਤੇ ਆਧਾਰਿਤ ਹੁੰਦੀ ਹੈ। ਦਰਜਾਬੰਦੀ ਵਿਚ ਕੋਈ ਦੇਸ਼ ਪਿੱਛੇ ਜਾ ਪੈਂਦਾ ਹੈ, ਉਥੇ ਦੀ ਆਜ਼ਾਦੀ ਦਾ ਮਿਆਰ ਓਨਾ ਹੇਠਾਂ ਅਤੇ ਜਿੰਨਾ ਦਰਜਾ ਅੱਗੇ ਰਹਿੰਦਾ ਹੈ ਉਥੇ ਓਨਾ ਮਿਆਰ ਉੱਚਾ ਹੁੰਦਾ ਹੈ। ਨੰਬਰਾਂ ਦਾ ਮੁਲਾਂਕਣ ਪੰਜ ਮਾਪਦੰਡਾਂ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਰਾਜਨੀਤਕ ਸੰਦਰਭ, ਕਾਨੂੰਨੀ ਢਾਂਚਾ, ਆਰਥਿਕ ਸਥਿਤੀ, ਸਮਾਜਿਕ ਸੱਭਿਆਚਾਰਕ ਸੰਦਰਭ ਅਤੇ ਸੁਰੱਖਿਆ ਪ੍ਰਸੰਗ ਸ਼ਾਮਿਲ ਹੈ।

ਇਨ੍ਹਾਂ ਪੱਖਾਂ ਤੋਂ ਮੁਲਾਂਕਣ ਕਰਨ ਉਪਰੰਤ ਜਦ ਮਈ 2022 ਦੇ ਆਰੰਭ ਵਿਚ ਸੂਚੀ ਤਿਆਰ ਕੀਤੀ ਗਈ ਤਾਂ ਪਹਿਲੇ ਪੰਜ ਸਥਾਨ ਨਾਰਵੇ, ਡੈਨਮਾਰਕ, ਸਵੀਡਨ, ਐਸਟੋਨੀਆ ਅਤੇ ਫਿਨਲੈਂਡ ਨੂੰ ਹਾਸਲ ਹੋਏ। ਉੱਤਰੀ ਕੋਰੀਆ 180 ਦੇਸ਼ਾਂ ਵਿਚੋਂ ਸਭ ਤੋਂ ਅਖੀਰ ਵਿਚ ਰਿਹਾ। ਭਾਰਤ ਦੇ ਗੁਆਂਢੀ ਮੁਲਕਾਂ ਵਿਚੋਂ ਨਿਪਾਲ 76ਵੇਂ ਸਥਾਨ ਨਾਲ ਕਾਫੀ ਬਿਹਤਰ ਸਥਿਤੀ ਵਿਚ ਹੈ। ਭੂਟਾਨ ਨੇ 33ਵਾਂ ਅਤੇ ਸ੍ਰੀਲੰਕਾ ਨੇ 146ਵੇਂ ਸਥਾਨ ਹਾਸਲ ਕੀਤਾ ਹੈ। ਭਾਰਤ 2021 ਵਿਚ 142ਵਾਂ ਸਥਾਨ ‘ਤੇ ਸੀ, ਜਿਹੜਾ 2022 ਵਿਚ ਖਿਸਕ ਕੇ 150ਵੇਂ ਸਥਾਨ ‘ਤੇ ਪਹੁੰਚ ਗਿਆ ਹੈ।

ਭਾਰਤ ਦੀ ਰੈਂਕਿੰਗ ਵਿਚ ਲਗਾਤਾਰ ਹੋ ਰਹੀ ਗਿਰਾਵਟ ਦਾ ਮੁੱਖ ਕਾਰਨ ਸਰਕਾਰ ਦਾ ਮੀਡੀਏ ‘ਤੇ ਦਬਾਅ ਮੰਨਿਆ ਜਾ ਰਿਹਾ ਹੈ। ਨੀਤੀਗਤ ਢਾਂਚਾ ਦੋਸ਼ ਭਰਿਆ ਹੈ। ਸਰਕਾਰ ਦੀ ਆਲੋਚਨਾ ਕਰਨ ਵਾਲੇ ਪੱਤਰਕਾਰਾਂ ਵਿਰੁੱਧ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣ ਦਾ ਦੋਸ਼ ਲਗਾ ਕੇ ਉਨ੍ਹਾਂ ਨੂੰ ਰਾਸ਼ਟਰ ਵਿਰੋਧੀ ਕਰਾਰ ਦੇ ਦਿੱਤਾ ਜਾਂਦਾ ਹੈ। ਰਿਪੋਰਟ ਅਨੁਸਾਰ ਭਾਰਤ ਮੀਡੀਆ ਕਰਮੀਆਂ ਲਈ ਖ਼ਤਰਨਾਕ ਦੇਸ਼ਾਂ ਵਿਚੋਂ ਇਕ ਹੈ। ਪੱਤਰਕਾਰਾਂ ਨੂੰ ਤਰ੍ਹਾਂ-ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਰਤ ਦੇ ਕਈ ਇਲਾਕਿਆਂ ਵਿਚ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਉਥੇ ਪੱਤਰਕਾਰਾਂ ਨੂੰ ਕਈ ਤਰ੍ਹਾਂ ਨਾਲ ਪ੍ਰੇਸ਼ਾਨ ਕੀਤਾ ਜਾਂਦਾ ਹੈ।

ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਨੂੰ ਯਕੀਨੀ ਬਣਾਉਣ ਲਈ ਸੰਵਿਧਾਨ ਦੀ ਧਾਰਾ 19ਤਹਿਤ ਭਾਸ਼ਨ ਅਤੇ ਅਭਿਿਵਅਕਤੀ ਦੀ ਸਵਤੰਤਰਤਾ ਦਿੱਤੀ ਗਈ ਹੈ। ਸੁਪਰੀਮ ਕੋਰਟ ਨੇ ਵੀ ਇਕ ਤੋਂ ਵੱਧ ਵਾਰ ਕਿਹਾ ਹੈ ਕਿ ਪ੍ਰੈੱਸ ਦੀ ਆਜ਼ਾਦੀ ਲੋਕਤੰਤਰ ਦੀ ਨੀਂਹ ਹੈ। ਪਰ ਧਾਰਾ 19 (1) (ਏ) ਦੇ ਨਾਲ ਧਾਰਾ 19 (2) ਤਹਿਤ ਬੋਲਣ ਅਤੇ ਅਭਿਿਵਅਕਤੀ ਦੀ ਆਜ਼ਾਦੀ ਦੀਆਂ ਸੀਮਾਵਾਂ ਵੀ ਨਿਸਚਿਤ ਕੀਤੀਆਂ ਗਈਆਂ ਹਨ। ਭਾਰਤ ਸਰਕਾਰ ਦਾ ਸੂਚਨਾ ਤੇ ਪ੍ਰਸਾਰਨ ਮਹਿਕਮਾ ਇਸ ਵਿਸ਼ਵ ਵਿਆਪੀ ਰਿਪੋਰਟ ਨੂੰ ਨਹੀਂ ਮੰਨਦਾ। ਉਸ ਦਾ ਕਹਿਣਾ ਹੈ ਕਿ ਭਾਰਤ ਵਿਚ ਪ੍ਰੈੱਸ ਦੀ ਆਜ਼ਾਦੀ ਦੀ ਗ਼ਲਤ ਤਸਵੀਰ ਪੇਸ਼ ਕੀਤੀ ਗਈ ਹੈ। ਪ੍ਰੰਤੂ ਦੂਸਰੇ ਪਾਸੇ ‘ਰਿਪੋਰਟਰਸ ਵਿਦਾਊਟ ਬਾਰਡਰਜ਼’ ਪ੍ਰੈੱਸ ਦੀ ਇਕ ਅਜਿਹੀ ਅੰਤਰਰਾਸ਼ਟਰੀ ਗ਼ੈਰ-ਸਰਕਾਰੀ ਸੰਸਥਾ ਹੈ, ਜਿਸ ਨੂੰ ਪੂਰੀ ਦੁਨੀਆ ਮਾਨਤਾ ਦਿੰਦੀ ਹੈ।

ਸਾਲ 2022 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਭਾਰਤ ਵਿਚ 9 ਪੱਤਰਕਾਰਾਂ ਨੂੰ ਜੇਲ੍ਹ ਭੇਜਿਆ ਗਿਆ। ਸੱਚ ਕਹਿਣਾ, ਸੱਚ ਵਿਖਾਉਣਾ ਚੁਣੌਤੀ ਭਰਿਆ ਹੋ ਗਿਆ ਹੈ। ਮੀਡੀਆ ਕਈ ਤਰ੍ਹਾਂ ਦਬਾਅ ਹੇਠ ਕੰਮ ਕਰ ਰਿਹਾ ਹੈ। ਇਕ ਪਾਸੇ ਹਕੂਮਤ ਅਤੇ ਤਾਕਤਵਰ ਲੋਕਾਂ ਦਾ ਡਰ ਹੈ, ਦੂਸਰੇ ਪਾਸੇ ਆਮ ਲੋਕਾਂ ਵਿਚ ਮੀਡੀਆ ਦਾ ਅਕਸ ਖਰਾਬ ਹੋ ਰਿਹਾ ਹੈ। ਅਜਿਹੇ ਮਾਹੌਲ ਵਿਚ ਪੱਤਰਕਾਰੀ ਕਰਨਾ ਮੁਸ਼ਕਿਲ ਹੁੰਦਾ ਜਾ ਰਿਹਾ ਹੈ।

ਭਾਰਤ ਵਿਚ ਮੀਡੀਆ ਦ੍ਰਿਸ਼ ਇਕਦਮ ਬਦਲ ਗਿਆ ਹੈ ਜਾਂ ਬਦਲ ਦਿੱਤਾ ਗਿਆ ਹੈ। ਰਹਿੰਦੀ ਕਸਰ ਡਿਜੀਟਲ ਕ੍ਰਾਂਤੀ ਨੇ ਕੱਢ ਦਿੱਤੀ ਹੈ। ਗ਼ਰੀਬ ਦਾ ਦੁੱਖ-ਸੁੱਖ ਅਤੇ ਜ਼ਿੰਦਗੀ ਹਾਸ਼ੀਏ ‘ਤੇ ਚਲੀ ਗਈ ਹੈ। ਸਿਆਸਤ ਅਤੇ ਕਾਰਪੋਰੇਟ ਸੈਕਟਰ ਮੀਡੀਆ ‘ਤੇ ਹਾਵੀ ਹੋ ਗਏ ਹਨ। ਹੈਰਾਨੀ ਦੀ ਗੱਲ ਹੈ ਕਿ ਸਾਡੇ ਗੁਆਂਢੀ ਛੋਟੇ-ਛੋਟੇ ਮੁਲਕ ਜਿਨ੍ਹਾਂ ਨੂੰ ਅਸੀਂ ਹਰੇਕ ਪੱਖੋਂ ਆਪਣੇ ਤੋਂ ਬਹੁਤ ਪਿੱਛੇ ਮੰਨਦੇ ਸਮਝਦੇ ਹਾਂ ਉਹ ਵੀ ਮੀਡੀਆ ਦੀ ਆਜ਼ਾਦੀ ਪੱਖੋਂ ਸਾਡੇ ਤੋਂ ਬਹੁਤ ਬਿਹਤਰ ਸਥਿਤੀ ਵਿਚ ਹਨ। ਸਾਡੇ ਤੋਂ ਪਿੱਛੇ ਰੂਸ, ਪਾਕਿਸਤਾਨ, ਬੰਗਲਾਦੇਸ਼, ਚੀਨ ਵਰਗੇ ਮੁਲਕ ਹਨ। ਚੀਨ 175ਵੇਂ ਸਥਾਨ ‘ਤੇ ਹੈ। ਉਥੇ ਮੀਡੀਆ ਦਾ ਕੀ ਹਾਲ ਹੈ, ਸਾਰੀ ਦੁਨੀਆ ਜਾਣਦੀ ਹੈ। ਕੋਵਿਡ-19 ਦੌਰਾਨ ਦੇਸ਼ ਦੀ ਨਾਜ਼ੁਕ ਸਥਿਤੀ ਸੰਸਾਰ ਸਾਹਮਣੇ ਲਿਆਉਣ ਦੀ ਬਿਲਕੁਲ ਆਗਿਆ ਨਹੀਂ ਸੀ। ਜਿਹੜਾ ਡਾਕਟਰ, ਜਿਹੜਾ ਸਿਹਤ ਵਿਿਗਆਨੀ, ਜਿਹੜਾ ਪੱਤਰਕਾਰ, ਜਿਹੜਾ ਵਿਅਕਤੀ ਅਜਿਹੀ ਕੋਸ਼ਿਸ਼ ਕਰਦਾ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਂਦਾ ਸੀ।

ਹੁਣ ਸੱਚ ਦਾ ਗਲਾ ਦਬਾਉਂਦਾ ਵੇਖਦਾ ਤਾਂ ਹਰ ਇੱਕ ਮੀਡੀਆ ਹੈ ਪਰ ਉਸ ਨੂੰ ਪ੍ਰਚਾਰ ਕੇ ਰੋਕਣਾ ਕਿਸੇ ਕਿਸੇ ਦਾ ਕੰਮ ਹੈ ਉਹ ਵੀ ਜੋਖਮ ਭਰਿਆ । ਜਿਸ ਦੇ ਸਿੱਟੇ ਵਜੋਂ ਉਪਰੋਕਤ ਆਂਕੜਾ ਪ੍ਰੈੱਸ ਦੀ ਆਜ਼ਾਦੀ ਲਈ ਵਿਸ਼ਵਵਿਆਪੀ ਕਲੰਕ ਹੈ।

-ਬਲਵੀਰ ਸਿੰਘ ਸਿੱਧੂ

Leave a Reply

Your email address will not be published.


*