ਘੋੜੀਆਂ ਤੇ ਸੁਹਾਗ : ਮੱਧਕਾਲ ਤੋਂ ਸਮਕਾਲ ਤੱਕ ਦਾ ਸਫ਼ਰ
ਡਾ. ਨਿਸ਼ਾਨ ਸਿੰਘ
ਮਨੁੱਖ ਦੀ ਜ਼ਿੰਦਗੀ ਵਿਚ ਤਿੰਨ ਸੰਸਕਾਰ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ। ਜਨਮ ਸੰਸਕਾਰ, ਅਨੰਦ ਸੰਸਕਾਰ ਅਤੇ ਅੰਤਿਮ ਸੰਸਕਾਰ। ਧਾਰਮਕ ਦ੍ਰਿਸ਼ਟੀ ਤੋਂ ਕੁਝ ਹੋਰ ਰਹੁ- ਰੀਤਾਂ ਵੀ ਹੁੰਦੀਆਂ ਹਨ ਪ੍ਰੰਤੂ ਲੋਕਧਾਰਾਈ ਪਰਿਪੇਖ ਦੇ ਅੰਤਰਗਤ ਉਪਰੋਕਤ ਤਿੰਨ ਸੰਸਕਾਰ ਲਾਜ਼ਮੀ ਅਤੇ ਵਿਸ਼ੇਸ਼ ਅਹਿਮੀਅਤ ਰੱਖਦੇ ਹਨ। ਜਨਮ ਵੇਲੇ ਵੀ ਕਈ ਪ੍ਰਕਾਰ ਦੇ ਸੰਸਕਾਰ ਅਤੇ ਕਾਰ— ਵਿਹਾਰ ਕੀਤੇ ਜਾਂਦੇ ਹਨ। ਜਿਵੇਂ ਨਵ- ਜੰਮੇ ਬਾਲ ਨੂੰ ਗੁੜ੍ਹਤੀ ਦੇਣ ਦਾ ਸੰਸਕਾਰ ਅਤੇ ਨਾਮ ਰੱਖਣ ਦਾ ਸੰਸਕਾਰ ਆਦਿਕ।
ਮੌਤ ਵੇਲੇ ਤਤਕਾਲੀਨ ਪ੍ਰਸਥਿਤੀਆਂ ਮੁਤਾਬਕ ਅਗਨ ਭੇਟ ਜਾਂ ਜਲ ਪ੍ਰਵਾਹ ਕਰਨ ਦਾ ਵਿਥਾਨ ਹੈ। ਵੈਣ ਅਤੇ ਕੀਰਨੇ ਆਦਿਕ ਪਾ ਕੇ ਦੁੱਖ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ। ਖ਼ੈਰ, ਇਹ ਵੱਖਰਾ ਵਿਸ਼ਾ ਹੈ। ਸਾਡੇ ਹੱਥਲੇ ਲੇਖ ਦਾ ਮੂਲ ਮਨੋਰਥ ਅਨੰਦ (ਵਿਆਹ) ਸੰਸਕਾਰ ਦੀ ਲੋਕਧਾਰਾਈ ਪਰਿਪੇਖ ਵਿਚ ਚਰਚਾ ਕਰਨਾ ਹੈ। ਅਨੰਦ (ਵਿਆਹ) ਸੰਸਕਾਰ ਮਨੁੱਖੀ ਜੀਵਨ ਦਾ ਅਹਿਮ ਸੰਸਕਾਰ ਮੰਨਿਆ ਜਾਂਦਾ ਹੈ। ਇਸ ਮੌਕੇ ਜਿੱਥੇ ਸਮਾਜਕ ਸੰਦਰਭ ਮੁਤਾਬਕ ਕਾਰਜ ਕੀਤੇ ਜਾਂਦੇ ਹਨ ਉੱਥੇ ਹੀ ਧਾਰਮਕ ਦ੍ਰਿਸ਼ਟੀਕੋਣ ਮੁਤਾਬਕ ਵੀ ਕਈ ਪ੍ਰਕਾਰ ਦੇ ਰੀਤੀ— ਰਿਵਾਜ਼ ਨੇਪਰੇ ਚਾੜੇ ਜਾਂਦੇ ਹਨ।
ਵਿਆਹ ਦਾ ਸਮਾਂ ਹਰ ਮਨੁੱਖ ਦੇ ਜੀਵਨ ਦਾ ਅਹਿਮ ਸਮਾਂ ਹੁੰਦਾ ਹੈ। ਪੰਜਾਬੀ ਲੋਕਧਾਰਾ ਦੇ ਅੰਤਰਗਤ ਮੁੰਡੇ ਦੇ ਵਿਆਹ ਤੇ ਘੋੜੀਆਂ ਅਤੇ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਣ ਦਾ ਵਿਧਾਨ ਪ੍ਰਚਲਤ ਹੈ;
“ਵਿਆਹ ਦੇ ਗੀਤਾਂ ਨੂੰ ਅਸੀਂ ਚਾਰ ਰੂਪਾਂ ਵਿੱਚ ਵੰਡਦੇ ਹਾਂ — ਘੋੜੀਆਂ, ਸੁਹਾਗ, ਸਿੱਠਣੀਆਂ ਤੇ ਹੇਰੇ। ਘੋੜੀਆਂ ਮੁੰਡੇ ਦੇ ਵਿਆਹ ਤੇ ਗਾਈਆਂ ਜਾਂਦੀਆਂ ਹਨ, ਕੁੜੀ ਦੇ ਵਿਆਹ ਸਮੇਂ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਆਖਦੇ ਹਨ। ਹੇਰੇ ਅਤੇ ਸਿੱਠਣੀਆਂ ਮੁੰਡੇ- ਕੁੜੀ ਦੇ ਵਿਆਹ ਸਮੇਂ ਇਕੱਠੇ ਹੀ ਗਾਏ ਜਾਂਦੇ ਹਨ।” (ਪੰਜਾਬੀ ਸਭਿਆਚਾਰ ਦਾ ਆਰਸੀ, ਪੰਨਾ— 48)
ਇੱਥੇ ਖ਼ਾਸ ਗੱਲ ਇਹ ਹੈ ਕਿ ਇਹ ਲੋਕਗੀਤ ਕਿਸੇ ਖ਼ਾਸ ਧਰਮ, ਫਿਰਕੇ ਜਾਂ ਮਜ਼ਹਬ ਲਈ ਰਾਖਵੇਂ ਨਹੀਂ ਹਨ ਬਲਕਿ ਇਲਾਕੇ, ਖਿੱਤੇ ਦੇ ਮੁਤਾਬਕ ਹਰ ਧਰਮ, ਫਿਰਕੇ ਤੇ ਮਜ਼ਹਬ ਵਿਚ ਗਾਏ ਜਾਂਦੇ ਹਨ। ਮਸਲਨ, ਜਿਹੜੇ ਲੋਕਗੀਤ ਚੜ੍ਹਦੇ ਪੰਜਾਬ ’ਚ ਕੁੜੀਆਂ ਤੇ ਔਰਤਾਂ ਮੁੰਡੇ ਦੇ ਵਿਆਹ ’ਤੇ ਗਾਉਂਦੀਆਂ ਹਨ ਉਹੀ ਲੋਕਗੀਤ ਲਹਿੰਦੇ ਪੰਜਾਬ ਵਿਚ ਵੀ ਗਾਏ ਜਾਂਦੇ ਹਨ। ਇੰਝ ਹੀ ਕੁੜੀ ਦੇ ਵਿਆਹ ਤੇ ਸੁਹਾਗ ਵੀ ਦੋਹੀਂ ਪਾਸੇ ਇੱਕੋ ਜਿਹੇ ਹੀ ਗਾਏ ਜਾਂਦੇ ਹਨ। ਇਹ ਖ਼ਿੱਤੇ ਦਾ ਪ੍ਰਭਾਵ ਕਿਹਾ ਜਾਂਦਾ ਹੈ ਅਤੇ ਇਹੋ ਲੋਕਧਾਰਾ ਦੀ ਵਿਲੱਖਣਤਾ ਅਤੇ ਖ਼ੂਬਸੂਰਤੀ ਹੈ;
“ਹੇਰੇ, ਸਿੱਠਣੀਆਂ, ਸੁਹਾਗ ਅਤੇ ਘੋੜੀਆਂ ਮੰਗਣੇ ਅਤੇ ਵਿਆਹ ਦੀਆਂ ਰਸਮਾਂ ਨਾਲ ਸੰਬੰਧ ਰੱਖਦੇ ਗੀਤ ਹਨ। ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਤੇ ਕੁੜੀ ਵਾਲੇ ਘਰ ਸੁਹਾਗ ਗਾਉਣ ਦੀ ਪਰੰਪਰਾ ਹੈ। ਇਹ ਦੋਨੋਂ ਸ਼ਗਨਾਂ ਦੇ ਗੀਤ ਹਨ।” (ਲੋਕ ਗੀਤਾਂ ਦੀ ਸਮਾਜਿਕ ਵਿਆਖਿਆ, ਪੰਨਾ— 15)
ਮੁੰਡੇ ਦੇ ਵਿਆਹ ਤੇ ਗਾਏ ਜਾਂਦੇ ਗੀਤਾਂ ਨੂੰ ਘੋੜੀਆਂ ਅਤੇ ਕੁੜੀ ਦੇ ਵਿਆਹ ਤੇ ਗਾਏ ਜਾਂਦੇ ਗੀਤਾਂ ਨੂੰ ਸੁਹਾਗ ਕਿਉਂ ਕਿਹਾ ਜਾਂਦਾ ਹੈ? ਇਸ ਸੰਬੰਧੀ ਚਰਚਾ ਕਰਦਿਆਂ ‘ਸੁਖਦੇਵ ਮਾਦਪੁਰੀ’ ਆਪਣੇ ਲੇਖ ਵਿਚ ਜ਼ਿਕਰ ਕਰਦਿਆਂ ਲਿਖਦੇ ਹਨ;
“ਮੱਧਕਾਲੀਨ ਸਮਿਆਂ ਵਿਚ ਪੰਜਾਬ ਵਿਚ ਆਉਣ ਜਾਣ ਦੇ ਸਾਧਨ ਜੋਖ਼ਮ ਭਰੇ ਸਨ। ਕੱਚੇ ਤੇ ਉਭੜੇ— ਖੁਭੜੇ ਰਾਹ, ਕੋਈ ਸੜਕ ਨਹੀਂ, ਨਦੀਆਂ ਨਾਲ਼ੇ ਬਿਨਾਂ ਪੁਲ਼ ਤੋਂ— ਰਾਹੀਂ ਜੰਗਲ ਬੀਆਬਾਨਾਂ ਚੋਂ ਲੰਘਦੇ ਡਰਦੇ ਸਨ— ਲੋਕ ਪੈਦਲ ਸਫਰ ਕਰਦੇ ਸਨ ਜਾਂ ਘੋੜੀਆਂ— ਊਠਾਂ ਦੀ ਸਵਾਰੀ ਕਰਦੇ ਸਨ। ਉਨ੍ਹਾਂ ਦਿਨਾਂ ਵਿਚ ਬਰਾਤਾਂ ਸੱਜ— ਧੱਜ ਕੇ ਘੋੜੀਆਂ, ਊਠਾਂ ਤੇ ਬੈਲ ਗੱਡੀਆਂ ਤੇ ਸਵਾਰ ਹੋ ਕੇ ਮੁੰਡੇ ਨੂੰ ਵਿਆਹੁਣ ਜਾਂਦੀਆਂ ਸਨ। ਲਾੜੇ ਨੂੰ ਘੋੜੀ ਚੜ੍ਹਾਉਣ ਦੀ ਕੇਂਦਰੀ ਰਸਮ ਹੁੰਦੀ ਸੀ। ਇਸ ਰਸਮ ਸਮੇਂ ਜਿਹੜੇ ਗੀਤ ਗਾਏ ਜਾਂਦੇ ਸਨ ਉਨ੍ਹਾਂ ਦਾ ਨਾਂ ਘੋੜੀ ਦੇ ਨਾਂ ਤੇ ਘੋੜੀਆਂ ਪ੍ਰਚਲਿਤ ਹੋ ਗਿਆ। ਲਾੜੇ ਦੀ ਜੰਨ ਦੀ ਤਿਆਰੀ ਅਤੇ ਜੰਨ ਚੜ੍ਹਨ ਸਮੇਂ ਦੇ ਸ਼ਗਨਾਂ ਵੇਲੇ ਗਾਏ ਜਾਣ ਵਾਲੇ ਗੀਤਾਂ ਨੂੰ ਵੀ ਘੋੜੀਆਂ ਹੀ ਆਖਦੇ ਹਨ।” (ਲੇਖਕ— ਸੁਖਦੇਵ ਮਾਦਪੁਰੀ, ਲੇਖ— ਵਿਆਹ ਦੇ ਗੀਤ)
ਇਸੇ ਤਰ੍ਹਾਂ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਂਦੇ ਹਨ। ਸੁਹਾਗ ਦਾ ਸ਼ਾਬਦਿਕ ਅਰਥ ਹੁੰਦਾ ਹੈ— ਸਿਰ ਦਾ ਸਾਈਂ, ਮਾਲਕ, ਪਤੀ, ਕੰਤ। ਕੁੜੀ ਨੂੰ ਇਹਨਾਂ ਗੀਤਾਂ ਦਾ ਮਾਧਿਅਮ ਦੁਆਰਾ ਬੁੱਢ— ਸੁਹਾਗਣ ਹੋਣ ਦੀ ਅਸੀਸ ਦਿੱਤੀ ਜਾਂਦੀ ਹੈ ਭਾਵ ਇਹਨਾਂ ਸੁਹਾਗਾਂ ਰਾਹੀਂ ਵਿਆਹ ਵਾਲੀ ਕੁੜੀ ਨੂੰ ਅਸੀਸ ਦਿੱਤੀ ਜਾਂਦੀ ਹੈ ਕਿ ਉਸਦਾ ਆਉਣ ਵਾਲਾ ਵਿਆਹੁਤਾ ਜੀਵਨ ਖੁਸ਼ੀਆਂ ਭਰਿਆ ਹੋਵੇ; ਉਹ ਆਪਣੇ ਸਹੁਰੇ ਘਰ ਸੁਖੀ ਵਸੇ ਅਤੇ ਖੁਸ਼ ਰਹੇ।
ਵਿਆਹ ਮੌਕੇ ਮੁੰਡੇ ਦੀਆਂ ਭੈਣਾਂ (ਕੁੜੀਆਂ) ਆਪਣੇ ਭਰਾ ਦੇ ਪ੍ਰਤੀ ਪ੍ਰੇਮ ਅਤੇ ਅਪੱਣਤ ਨੂੰ ਪ੍ਰਗਟਾਉਣ ਲਈ ਘੋੜੀਆਂ ਗਾਉਂਦੀਆਂ ਹਨ। ਇਹਨਾਂ ਘੋੜੀਆਂ ਵਿਚ ਜਿੱਥੇ ਮੋਹ— ਮੁਹੱਬਤ ਦਾ ਪ੍ਰਗਟਾਵਾ ਹੁੰਦਾ ਹੈ ਉੱਥੇ ਹੀ ਸਖ਼ਤ ਤਾੜਨਾ ਵੀ ਕੀਤੀ ਜਾਂਦੀ ਹੈ ਕਿ ਉਹ (ਵਿਆਹ ਵਾਲਾ ਮੁੰਡਾ) ਵਿਆਹ ਤੋਂ ਬਾਅਦ ਵੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਂਦਾ ਰਹੇਗਾ। ਉਹ ਕਦੇ ਵੀ ਆਪਣੀ ਜ਼ਿੰਮੇਵਾਰੀਆਂ ਤੋਂ ਬੇਮੁਖ ਨਹੀਂ ਹੋਵੇਗਾ। ਵਿਆਹ ਵਾਲੇ ਦਿਨ ਘੋੜੀ ਚੜੇ ਆਪਣੇ ਵੀਰ ਨੂੰ ਸੰਬੋਧਨ ਕਰਦਿਆਂ ਭੈਣਾਂ ਕਹਿੰਦੀਆਂ ਹਨ;
“ਘੋੜੀ ਅਟਕ ਚਲੇ, ਘੋੜੀ ਮਟਕ ਚਲੇ
ਮੇਰੇ ਲਾਡਲੇ ਦੇ ਮਾਮੇ
ਵੇ ਤੂੰ ਨਾ ਡੋਲੀਂ, ਮਾਂ ਦੇ ਲਾਡਲਿਆ, ਦਮ ਖਰਚਣਗੇ ਤੇਰੇ ਮਾਮੇ
ਸ਼ੋਭਾ ਖੱਟਣਗੇ, ਘੋੜਾ ਬੀੜਣਗੇ, ਵਾਗਾਂ ਮੋੜਨਗੇ
ਡੋਲਾ ਲਈ ਵੇ ਘਰਾਂ ਨੂੰ ਆਏ।” (ਲੋਕਗੀਤ)
ਵਿਆਹੁਣ ਗਏ ਵੀਰ ਦੀ ਉਡੀਕ ਕਰਦੀਆਂ ਭੈਣਾਂ ਲੋਕਗੀਤਾਂ ਰਾਹੀਂ ਆਪਣੇ ਮਨ ਦੇ ਭਾਵਾਂ ਨੂੰ ਪ੍ਰਗਟ ਕਰਦੀਆਂ ਹਨ ਅਤੇ ਚੰਨ ਜਿਹੀ ਸੋਹਣੀ ਭਾਬੀ ਦੀ ਉਡੀਕ ਕਰਦੀਆਂ ਹਨ ਜਿਸ ਦੇ ਆਉਣ ਨਾਲ ਉਹਨਾਂ ਦੇ ਬਾਬਲ ਦਾ ਵਿਹੜਾ ਖੁਸ਼ੀਆਂ ਨਾਲ ਭਰ ਜਾਣਾ ਹੁੰਦਾ ਹੈ;
“ਲਾਲ ਵੇ, ਮੈਂ ਖੜੀ ਹਵੇਲੀ ਵੇ
ਲਾਲ ਵੇ, ਤੇਰੇ ਸਾਥੀ ਤੇ ਬੇਲੀ ਵੇ
ਜੇ ਟੁਰ ਚੱਲਿਆ ਉਏ
ਲਾਲ ਵੇ ਮੈਂ ਪਾਈ ਮਧਾਣੀ ਉਏ
ਪੀਣੀ ਸੀ ਲੱਸੀ ਉਏ
ਪੀ ਚੱਲਿਆਂ ਏਂ ਪਾਣੀ ਉਏ।
ਜੇ ਟੁਰ ਚੱਲਿਆ ਉਏ
ਲਾਲ ਵੇ ਮੈਂ ਚੜੀ ਚੁਬਾਰੇ ਵੇ
ਨਰਮੇ ਦਾ ਲੀੜਾ ਉਏ, ਸੋਹਣਿਆ
ਘੁੰਡ ਲੈਂਦਾ ਹੁਲਾਰੇ ਉਏ
ਜੇ ਟੁਰ ਚੱਲਿਆਂ ਵੇ
ਲਾਲ ਵੇ ਮੈਂ ਚੜੀ ਚੁਬਾਰੇ ਵੇ
ਮੁੜ ਕੇ ਨਾ ਵੇਖੀਂ
ਸੋਹਣਿਆ ਗੁਠ ਲਿੰਬਣੀ ਬਨ੍ਹੇਰੇ ਉਏ
ਲਾਲ ਗੁਠ ਲਿਬਣੀ ਬਨ੍ਹੇਰੇ ਉਏ।” (ਲੋਕਗੀਤ)
ਦੂਜੇ ਪਾਸੇ, ਸੁਹਾਗ ਗਾਉਂਦਿਆਂ ਕੁੜੀਆਂ ਆਪਣੇ ਬਾਬਲ ਦੇ ਵਿਹੜੇ ਨੂੰ ਛੱਡ ਜਾਣ ਦੇ ਦੁੱਖ ਨੂੰ ਬਿਆਨ ਕਰਦੀਆਂ ਹਨ। ਜਿਸ ਘਰ ਵਿਚ ਜੰਮੀਆਂ ਅਤੇ ਜੁਆਨ ਹੋਈਆਂ ਹੁਣ ਉਹ ਬਾਬਲ ਦਾ ਵਿਹੜਾ ਛੱਡ ਕੇ ਸਹੁਰੇ ਘਰ ਜਾਣ ਦਾ ਗ਼ਮ ਸੁਹਾਗ ਦਾ ਮੁੱਖ ਵਿਸ਼ਾ ਹੁੰਦਾ ਹੈ;
“ਹਰੀਏ ਨੀਂ ਰਸ ਭਰੀਏ ਖਜੂਰੇ, ਕਿਨ ਦਿੱਤਾ ਐਡੀ ਦੂਰੇ।
ਬਾਬਲ ਮੇਰਾ ਦੇਸਾਂ ਦਾ ਰਾਜਾ, ਓਸ ਦਿੱਤਾ ਐਡੀ ਦੂਰੇ।
ਮਾਤਾ ਮੇਰੀ ਮਹਿਲਾਂ ਦੀ ਰਾਣੀ, ਦਾਜ ਦਿੱਤਾ ਗੱਡ ਪੂਰੇ।”
ਜਿਸ ਵੇਲੇ ਵਿਆਹ ਦੀ ਤਾਰੀਕ ਮਿਥ (ਤੈਅ) ਕਰ ਲਈ ਜਾਂਦੀ ਹੈ ਤਾਂ ਧੀ ਦੇ ਕਾਲਜੇ ’ਚ ਧੂਹ ਪੈਂਦੀ ਹੈ ਅਤੇ ਉਹ ਆਪਣੇ ਬਾਬਲ ਨੂੰ ਸੰਬੋਧਨ ਹੁੰਦਿਆਂ ਆਖਦੀ ਹੈ;
“ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਵੇ ਜਾਣਾ।
ਸਾਡੀ ਲੰਮੀ ਉਡਾਰੀ ਵੇ, ਬਾਬਲ ਕਿਹੜੇ ਦੇਸ ਵੇ ਜਾਣਾ।
ਤੇਰੇ ਮਹਿਲਾਂ ਦੇ ਵਿੱਚ ਵਿੱਚ ਵੇ
ਬਾਬਲ ਡੋਲਾ ਨਹੀਂ ਲੰਘਦਾ।
ਇੱਕ ਇੱਟ ਪੁਟਾ ਦੇਵਾਂ, ਧੀਏ ਘਰ ਜਾ ਆਪਣੇ।” (ਸੁਹਾਗ)
ਸੁਹਾਗ ਅਤੇ ਘੋੜੀਆਂ ਵਿਆਹ ਤੋਂ ਇੱਕੀ ਦਿਨ ਪਹਿਲਾਂ, ਗਿਆਰਾਂ ਦਿਨ ਜਾਂ ਫਿਰ ਸੱਤ ਦਿਨ ਪਹਿਲਾਂ ਕੁੜੀਆਂ ਅਤੇ ਔਰਤਾਂ ਰਲ਼ ਕੇ ਗਾਉਂਦੀਆਂ ਹਨ। ਇਹਨਾਂ ਲੋਕਗੀਤਾਂ ਵਿਚ ਲੰਮੀ ਹੇਕ ਅਤੇ ਸ਼ਬਦਾਂ ਦਾ ਦੁਰਹਾਉ ਹੁੰਦਾ ਹੈ। ਕਈ ਵਾਰ ਕੁਝ ਸ਼ਬਦ ਉਚਾਰਨ ਪੱਖੋਂ ਬਦਲ ਵੀ ਜਾਂਦੇ ਹਨ। ਜਿਵੇਂ— ਨਿਵਿਆਂ ਤੋਂ ਨਿਮਿਆਂ, ਸਾਡੜੇ (ਸਾਡੇ) ਹੁੰਦੜੀ (ਹੁੰਦੀ) ਆਦਿਕ ਸ਼ਬਦ ਵੀ ਵਰਤ ਲਏ ਜਾਂਦੇ ਹਨ। ਅਸਲ ਵਿਚ ਇਹ ਲੋਕਗੀਤ (ਘੋੜੀਆਂ ਅਤੇ ਸੁਹਾਗ) ਬਣਤਰ ਅਤੇ ਉਚਾਰਨ ਦੇ ਪੱਖ ਤੋਂ ਸਰਲ ਅਤੇ ਸਹਿਜ ਹੁੰਦੇ ਹਨ ਅਤੇ ਸਹਿਜੇ ਹੀ ਜ਼ੁਬਾਨ ਤੇ ਚੜ੍ਹ ਜਾਂਦੇ ਹਨ।
ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਲੋਕਗੀਤ ਸਾਡੀ ਸੱਭਿਆਚਾਰਕ ਪਰੰਪਰਾ ਦੀ ਸਹੀ ਅਰਥਾਂ ਵਿਚ ਤਰਜ਼ਮਾਨੀ ਕਰਦੇ ਹਨ। ਇਹਨਾਂ ਵਿਚ ਸਾਡੇ ਮਨੋਭਾਵਾਂ ਦੀ ਸਹੀ ਅਤੇ ਦਰੁਸਤ ਬਿਆਨੀ ਹੁੰਦੀ ਰਹੀ ਹੈ। ਮਨੁੱਖ ਦੇ ਜਨਮ ਤੋਂ ਲੈ ਕੇ ਆਖ਼ਰੀ ਸਾਹ ਤੱਕ ਲੋਕਗੀਤ ਨਾਲ- ਨਾਲ ਤੁਰਦੇ ਹਨ। ਜਿੰਨਾ ਚਿਰ ਲੋਕਗੀਤ ਸਾਡੇ ਸਮਾਜ ਵਿਚ ਜਿਉਂਦੇ ਹਨ ਓਨਾ ਚਿਰ ਦੇ ਸੱਭਿਆਚਾਰ ਅਤੇ ਸੰਸਕ੍ਰਿਤੀ ਜਿਉਂਦੀ ਹੈ, ਲੋਕਗੀਤਾਂ ਬਿਨਾਂ ਨਰੋਏ ਸਮਾਜ ਦੀ ਕਲਪਨਾ ਨਿਰੀ ਮੂਰਖ਼ਤਾ ਹੋਵੇਗੀ।
- ••
# 1054/1, ਵਾਰਡ ਨੰ. 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਜ਼ਿਲ੍ਹਾ ਕੁਰੂਕਸ਼ੇਤਰ।
ਸੰਪਰਕ — 90414-98009.
Leave a Reply