ਰਣਜੀਤ ਸਿੰਘ ਮਸੌਣ
ਜੋਗਾ ਸਿੰਘ ਰਾਜਪੂਤ
ਅੰਮ੍ਰਿਤਸਰ, //////ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਵਿੱਢੀ ਗਈ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਦਰਮਿਆਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ 16 ਸਾਲਾ ਨਾਬਾਲਗ ਸਮੇਤ ਚਾਰ ਨਸ਼ਾ ਤਸ਼ਕਰਾਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸ਼ਕਰੀ ਨੈਟਵਰਕ ਦਾ ਪਰਦਾਫਾਸ਼ ਕੀਤਾ ਹੈ ਅਤੇ ਮੁਲਜ਼ਮਾਂ ਦੇ ਕਬਜ਼ੇ ‘ਚੋਂ 4.01 ਕਿੱਲੋ ਹੈਰੋਇਨ, 20,000 ਰੁਪਏ ਦੀ ਡਰੱਗ ਮਨੀ ਅਤੇ ਤਿੰਨ ਮੋਟਰਸਾਈਕਲ ਜ਼ਬਤ ਕੀਤੇ ਹਨ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਦਿੱਤੀ।
ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਤਰਸੇਮ ਸਿੰਘ ਉਰਫ਼ ਸੇਮਾ (23), ਅੰਮ੍ਰਿਤ ਸਿੰਘ ਉਰਫ਼ ਅਭੀ (21), ਦੋਵੇਂ ਵਾਸੀ ਜਲਾਲਾਬਾਦ, ਜ਼ਿਲ੍ਹਾ ਫ਼ਾਜ਼ਿਲਕਾ ਅਤੇ ਰਮਨਜੀਤ ਸਿੰਘ ਉਰਫ਼ ਰਮਨ (19) ਵਾਸੀ ਤਰਨਤਾਰਨ ਵੱਜੋਂ ਹੋਈ ਹੈ ਜਦੋਂ ਕਿ ਗ੍ਰਿਫ਼ਤਾਰ ਕੀਤਾ ਨਾਬਾਲਗ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ।
ਡੀ.ਜੀ.ਪੀ. ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਪਾਕਿਸਤਾਨ-ਅਧਾਰਤ ਤਸ਼ਕਰਾਂ ਨਾਲ ਲਗਾਤਾਰ ਸੰਪਰਕ ਵਿੱਚ ਸਨ, ਜੋ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਈ ਫ਼ਿਰੋਜ਼ਪੁਰ ਸੈਕਟਰ ਦੀ ਵਰਤੋਂ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਾਬਾਲਗ, ਜਿਸਦੀ ਪਛਾਣ ਉਮਰ ਦੇ ਲਿਹਾਜ਼ ਨਾਲ ਗੁਪਤ ਰੱਖੀ ਗਈ ਹੈ, ਸਤਲੁਜ ਦਰਿਆ ਪਾਰ ਕਰਕੇ ਅੰਤਰਰਾਸ਼ਟਰੀ ਸਰਹੱਦ ਨੇੜਲੇ ਖੇਤਰਾਂ ਤੋਂ ਪਾਕਿਸਤਾਨੀ ਤਸ਼ਕਰਾਂ ਦੁਆਰਾ ਸੁੱਟੀਆਂ ਜਾਂਦੀਆਂ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕਰਨ ਲਈ ਕਿਸ਼ਤੀਆਂ ਦੀ ਵਰਤੋਂ ਕਰ ਰਿਹਾ ਸੀ।
ਡੀਜੀਪੀ ਨੇ ਕਿਹਾ ਕਿ ਇਸ ਸਬੰਧ ਵਿੱਚ ਐਨਡੀਪੀਐਸ ਐਕਟ ਤਹਿਤ ਦੋ ਵੱਖ-ਵੱਖ ਐਫਆਈਆਰ ਦਰਜ ਕੀਤੀਆਂ ਗਈਆਂ ਹਨ ਅਤੇ ਦੋਵਾਂ ਮਾਮਲਿਆਂ ਵਿੱਚ ਅਗਲੇ ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਹੋਰ ਜਾਂਚ ਜਾਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਹੋਣ ਦੀ ਸੰਭਾਵਨਾ ਹੈ।
ਹੋਰ ਵੇਰਵੇ ਸਾਂਝੇ ਕਰਦਿਆਂ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਪ੍ਰਾਪਤ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਡੀਸੀਪੀ ਹਰਪ੍ਰੀਤ ਸਿੰਘ ਮੰਡੇਰ, ਏਡੀਸੀਪੀ ਇਨਵੈਸਟੀਗੇਸ਼ਨ ਨਵਜੋਤ ਸਿੰਘ ਅਤੇ ਏਸੀਪੀ ਡਿਟੈਕਟਿਵ ਹਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਨੇ ਸੀਆਈਏ ਸਟਾਫ਼-1 ਦੇ ਇੰਚਾਰਜ਼ ਇੰਸਪੈਕਟਰ ਅਮੋਲਕਦੀਪ ਸਿੰਘ ਅਤੇ ਸੀਆਈਏ ਸਟਾਫ਼-2 ਦੇ ਇੰਚਾਰਜ਼ ਸਬ ਇੰਸਪੈਕਟਰ ਰਵੀ ਕੁਮਾਰ ਦੀ ਅਗਵਾਈ ਹੇਠ ਵਿਸ਼ੇਸ਼ ਆਪ੍ਰੇਸ਼ਨ ਚਲਾਇਆ ਅਤੇ ਛੇਹਰਟਾ ਅਤੇ ਛਾਉਣੀ ਦੇ ਇਲਾਕਿਆਂ ‘ਚੋਂ ਉਕਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਸੀਪੀ ਨੇ ਕਿਹਾ ਕਿ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਦੇ ਪੂਰੇ ਨੈੱਟਵਰਕ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੁਆਰਾ ਹੁਣ ਤੱਕ ਖ਼ਰੀਦੇ ਗਏ ਨਸ਼ਿਆਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਜਾਰੀ ਹਨ।
ਇਸ ਸਬੰਧ ਵਿੱਚ, ਦੋ ਵੱਖ-ਵੱਖ ਮਾਮਲੇ, ਜਿਨ੍ਹਾਂ ਵਿੱਚ ਛੇਹਰਟਾ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ), 23, ਅਤੇ 29 ਅਧੀਨ ਐਫਆਈਆਰ ਨੰਬਰ 40 ਮਿਤੀ 4 ਫ਼ਰਵਰੀ, 2025 ਅਤੇ ਛਾਉਣੀ ਪੁਲਿਸ ਸਟੇਸ਼ਨ, ਅੰਮ੍ਰਿਤਸਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 21(ਸੀ) ਅਤੇ 27-ਏ ਅਧੀਨ ਐਫਆਈਆਰ ਨੰਬਰ 29 ਮਿਤੀ 7 ਫ਼ਰਵਰੀ, 2025 ਦਰਜ ਕੀਤੀ ਗਈ ਹੈ।
Leave a Reply