ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਲਈ ਵੱਡੇ ਤੋਹਫ਼ੇ ਦਾ ਐਲਾਨ- ਡਾ.ਵਿਜੇ ਸਤਬੀਰ ਸਿੰਘ

ਰਣਜੀਤ ਸਿੰਘ ਮਸੌਣ
ਅੰਮ੍ਰਿਤਸਰ ///////ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖਾਂ ਦੀ ਇੱਕ ਚਿਰੋਕਣੀ ਮੰਗ ਪੂਰੀ ਕਰਨ ਦਾ ਇਤਿਹਾਸਕ ਐਲਾਨ ਕੀਤਾ ਗਿਆ ਹੈ। ਜਿਸ ਅਨੁਸਾਰ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਤੇ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਵੱਡਾ ਲਾਭ ਹੋਣ ਜਾ ਰਿਹਾ ਹੈ। ਜਿਸ ਲਈ ਗੁਰਦੁਆਰਾ ਸੱਚਖੰਡ ਬੋਰਡ ਨਾਂਦੇੜ ਦੇ ਮੁੱਖ ਪ੍ਰਬੰਧਕ ਡਾ. ਵਿਜੇ ਸਤਬੀਰ ਸਿੰਘ ਸਾਬਕਾ ਆਈ.ਏ.ਐਸ. ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ, ਸਮੁੱਚੀ ਕੇਂਦਰੀ ਕੈਬਨਿਟ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਦੇਵਿੰਦਰ ਫੜਨਵੀਸ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇੱਥੇ ਇਹ ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਕੇਂਦਰੀ ਕੈਬਨਿਟ ਨੇ ਸ੍ਰੀ ਹੇਮਕੁੰਟ ਸਾਹਿਬ ਰੋਪ ਵੇਅ ਪ੍ਰੋਜੈਕਟ ਜਿਸ ਦੀ ਲੰਬਾਈ 12.4 ਕਿ.ਮੀ. ਹੋਵੇਗੀ, ਬਣਾਉਣ ਦਾ ਐਲਾਨ ਕੀਤਾ ਹੈ।
ਇਸ ਸ਼ੁਭ ਕਾਰਜ ਲਈ 2730 ਕ੍ਰੋੜ ਖ਼ਰਚ ਦੀ ਪ੍ਰਵਾਨਗੀ ਵੀ ਦੇ ਦਿੱਤੀ ਹੈ। ਜਿਵੇਂ ਅਸੀਂ ਜਾਣਦੇ ਹਾਂ ਕਿ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਤੱਕ ਕਰੀਬ 21 ਕਿ.ਮੀ. ਦਾ ਬਿਖੜਾ ਰਸਤਾ ਪੈਦਲ ਜਾਂ ਖੱਚਰਾਂ ਰਾਹੀਂ ਤੈਅ ਕਰਦੀਆਂ ਹਨ। ਨਵਾਂ ਰੋਪ ਵੇਅ ਬਣਨ ਨਾਲ 8-9 ਘੰਟਿਆਂ ਦਾ ਸਫ਼ਰ ਹੁਣ ਕੇਵਲ ਇੱਕ ਘੰਟੇ ਤੋਂ ਵੀ ਘੱਟ ਸਮੇਂ ਵਿੱਚ ਹੋ ਸਕੇਗਾ ਤੇ ਸਿੱਖ ਸ਼ਰਧਾਲੂ ਗੋਬਿੰਦਘਾਟ ਤੋਂ ਸ੍ਰੀ ਹੇਮਕੁੰਟ ਸਾਹਿਬ ਅਤੇ ਫੁੱਲਾਂ ਦੀ ਮਸ਼ਹੂਰ ਵੈਲੀ ਦੇ ਦਰਸ਼ਨ ਵੀ ਆਸਾਨੀ ਨਾਲ ਕਰ ਸਕਣਗੇ। ਬਜ਼ੁਰਗ ਅਤੇ ਬੱਚੇ ਜੋ ਔਖੇ ਸਫ਼ਰ ਕਾਰਨ ਸ੍ਰੀ ਹੇਮਕੁੰਟ ਸਾਹਿਬ ਨਹੀਂ ਜਾ ਸਕੇ, ਉਹ ਵੀ ਹੁਣ ਇਸ ਧਾਰਮਿਕ ਯਾਤਰਾ ਦਾ ਲਾਭ ਲੈ ਕੇ ਆਪਣਾ ਜਨਮ ਸਫ਼ਲ ਕਰ ਸਕਣਗੇ।  ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਨੇ ਕਿਹਾ ਕਿ ਇਹ ਸਮੁੱਚੇ ਸਿੱਖ ਜਗਤ ਲਈ ਬਹੁਤ ਵੱਡੀ ਖੁਸ਼ੀ ਤੇ ਮਾਣ ਵਾਲੀ ਖ਼ਬਰ ਹੈ, ਇਸ ਮਹਾਨ ਸੇਵਾ ਕਾਰਜ ਲਈ ਅਸੀਂ ਜਿੱਥੇ ਮਾਨਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੇ ਉਨ੍ਹਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ, ਉੱਥੇ ਨਾਲ ਹੀ ਆਸ ਕਰਦੇ ਹਾਂ ਕਿ ਸਮੁੱਚੇ ਭਾਰਤ ਦੇਸ਼ ਹੀ ਨਹੀਂ, ਦੁਨੀਆਂ ਭਰ ਦੀਆਂ ਸੰਗਤਾਂ ਇਸ ਵਿਸ਼ੇਸ਼ ਰੋਪ ਵੇਅ ਰਾਹੀਂ ਸੁਖਾਵੀਂ ਯਾਤਰਾ ਦਾ ਲਾਭ ਲੈ ਸਕਣਗੀਆਂ।

Leave a Reply

Your email address will not be published.


*