( ਜਸਟਿਸ ਨਿਊਜ਼ )
ਔਰਤ ਦੇ ਸੰਘਰਸ਼ ਦੀ ਗਾਥਾ ਬਿਆਨ ਕਰੇਗਾ ਨਾਟਕ ‘Forever Queen ਮਹਾਰਾਣੀ ਜਿੰਦਾਂ’
ਅਨਾਮਿਕਾ ਆਰਟਸ ਐਸੋਸੀਏਸ਼ਨ ਅੰਮ੍ਰਿਤਸਰ ਵੱਲੋਂ ਪੰਜਾਬ ਨਾਟਸ਼ਾਲਾ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 8-9 ਮਾਰਚ 2025 ਨੂੰ ਔਰਤ ਦੇ ਸੰਘਰਸ਼ ਦੀ ਕਹਾਣੀ ਬਿਆਨ ਕਰਦੇ ਨਾਟਕ “Forever Queen ਮਹਾਰਾਣੀ ਜਿੰਦਾਂ” ਦਾ ਮੰਚਤ ਕੀਤਾ ਜਾਵੇਗਾ। ਨਾਟਕ ਦੇ ਲੇਖਕ ਡਾ. ਆਤਮਾ ਸਿੰਘ ਗਿੱਲ ਨੇ ਦੱਸਿਆ ਕਿ ਈਮੈਨੂਅਲ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘Forever Queen ਮਹਾਰਾਣੀ ਜਿੰਦਾਂ’ ਦਾ ਮੰਤਵ ਅੱਜ ਦੀ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਉਸ ਸੁਨਹਿਰੀ ਦੌਰ ਨਾਲ ਜਾਣੂ ਕਰਵਾਉਣਾ ਹੈ ਜਿਸ ਨੂੰ ਖਾਲਸਾ ਰਾਜ ਜਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਨਾਟਕ ਵਿੱਚ ਸਿੱਖ ਰਾਜ ਦੀ ਅਧੋਗਤੀ ਦੇ ਨਾਲ ਮਹਾਰਾਣੀ ਜਿੰਦਾਂ ਅਤੇ ਮਹਾਰਾਜਾ ਦਲੀਪ ਸਿੰਘ ਦੇ ਦੁਖਾਂਤ ਨੂੰ ਵਿਭਿੰਨ ਨਾਟਕੀ ਜੁਗਤਾਂ ਰਾਹੀਂ ਪ੍ਰਸਤੁਤ ਕੀਤਾ ਗਿਆ ਹੈ। ਅੰਗਰੇਜ਼ ਜਾਣਦੇ ਸਨ ਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕੇਵਲ ਮਹਾਰਾਣੀ ਜਿੰਦਾਂ ਹੀ ਰਾਜ ਕਰਨ ਦੇ ਸਮਰੱਥ ਹੈ। ਇਸ ਲਈ ਉਹਨਾਂ ਨੇ ਚਲਾਕੀ ਨਾਲ ਮਹਾਰਾਣੀ ਤੇ ਦਲੀਪ ਸਿੰਘ ਨੂੰ ਜਲਾਵਤਨ ਕੀਤਾ।ਨਾਟਕ ਮਹਾਰਾਣੀ ਜਿੰਦਾਂ ਦੇ ਜੀਵਨ ਸੰਘਰਸ਼ ਅਤੇ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਲਈ ਅਤੇ ਬਾਲਕ ਮਹਾਰਾਜੇ ਦਲੀਪ ਸਿੰਘ ਨੂੰ ਉਸਦੇ ਹਕੂਕ ਦਿਵਾਉਣ ਲਈ ਜਦੋ-ਜਹਿਦ ਹੈ।
ਮਹਾਰਾਣੀ ਜਿੰਦਾਂ ਉਹ ਮਹਾਨ ਔਰਤ ਸੀ ਜੋ ਅੰਗਰੇਜ਼ਾਂ ਤੋਂ ਬਾਗੀ ਹੋ ਕੇ ਸਾਰੀ ਉਮਰ ਸ਼ੇਰਨੀ ਵਾਂਗ ਸਿੱਖ ਰਾਜ ਵਾਸਤੇ ਲੜਦੀ ਰਹੀ ਤੇ ਅਖੀਰ ਆਪਣੇ ਪ੍ਰਭਾਵ ਸਦਕਾ ਈਸਾਈ ਬਣੇ ਦਲੀਪ ਸਿੰਘ ਵਿੱਚ ਮੁੜ ਸਿੱਖ ਰਾਜ ਦਾ ਮਹਾਰਾਜਾ ਬਨਣ ਲਈ ਚਿਣਗ ਪੈਦਾ ਕਰਦੀ ਹੈ। ਸ਼ਾਹ ਮੁਹੰਮਦ ਦੀ ਕਵਿਤਾ ਸਿੰਘਾਂ ਤੇ ਫਰੰਗੀਆਂ ਨੂੰ ਅਧਾਰ ਬਣਾ ਕੇ ਤੇ ਇਸ ਦੇ ਲਿਖਤਕਾਰ ਸ਼ਾਹ ਮੁਹੰਮਦ ਨੂੰ ਹੀ ਸੂਤਰਧਾਰ ਬਣਾ ਕੇ, ਨਾਟਕੀ ਪੇਸ਼ਕਾਰੀ ਨੂੰ ਕਿੱਸਾਗੋਈ, ਲੋਕ ਵਾਰ-ਕਵੀਸ਼ਰੀ ਦੀ ਵਿਧਾ ਰਾਹੀਂ ਲੋਕਧਾਰਾਈ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।
ਨਾਟਕ ਡਾਇਰੈਕਟਰ ਈਮੈਨੂਅਲ ਸਿੰਘ ਨੇ ਦੱਸਿਆ ਕਿ ‘forever Queen ਮਹਾਰਾਣੀ ਜਿੰਦਾਂ’ ਦਾ ਮੰਚਨ 8 ਅਤੇ 9 ਮਾਰਚ 2025 ਦਿਨ ਸ਼ਨੀਵਾਰ ਤੇ ਐਤਵਾਰ ਨੂੰ ਸ਼ਾਮ 6:30 ਵਜੇ ਪੰਜਾਬ ਨਾਟਸ਼ਾਲਾ ਅੰਮ੍ਰਿਤਸਰ ਵਿਖੇ ਹੋਵੇਗਾ। ਮਾਸਟਰ ਕੁਲਜੀਤ ਵੇਰਕਾ, ਪ੍ਰੀਤਪਾਲ ਹੁੰਦਲ, ਗੁਰਪਿੰਦਰ ਕੌਰ, ਈਮੈਨੂਅਲ ਸਿੰਘ, ਮਰਕਸਪਾਲ ਗੁਮਟਾਲਾ, ਡਾ. ਆਤਮਾ ਸਿੰਘ ਗਿੱਲ, ਲਖਵਿੰਦਰ ਲੱਕੀ, ਪ੍ਰੋ. ਅਜੈਪਾਲ ਸਿੰਘ ਚਵਿੰਡਾ, ਸਾਰੰਗੀ ਵਾਦਕ ਪ੍ਰੋ. ਸੁਖਵਿੰਦਰ ਸਿੰਘ, ਡਾ. ਕਰਨ ਗੁਲਜ਼ਾਰ ਆਦਿ ਅਦਾਕਾਰ ਨਾਟਕ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
Leave a Reply