ਭਵਾਨੀਗੜ੍ਹ ( ਹੈਪੀ ਸ਼ਰਮਾ ) : ਸ਼੍ਰੀ ਗੁਰੂ ਤੇਗ ਬਹਾਦਰ ਟਰੱਕ ਯੂਨੀਅਨ ਨਾਲ 20 ਤੋਂ 25 ਹਜ਼ਾਰ ਵਿਅਕਤੀਆਂ ਦਾ ਰੁਜਗਾਰ ਜੁੜਿਆ ਹੋਇਆ ਹੈ। ਯੂਨੀਅਨ ਦੇ ਮਾਮਲੇ ਵਿਚ ਕਿਸੇ ਵੀ ਸਿਆਸੀ ਪਾਰਟੀ ਨੂੰ ਆਪਣਾ ਨਿੱਜੀ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਪ੍ਰਧਾਨ ਅਤੇ ਭਾਜਪਾ ਟਰਾਂਸਪੋਰਟ ਸ਼ੈਲ ਦੇ ਸੂਬਾਈ ਆਗੂ ਗੁਰਤੇਜ ਸਿੰਘ ਝਨੇੜੀ, ਸਾਬਕਾ ਪ੍ਰਧਾਨ ਜਗਮੀਤ ਸਿੰਘ ਭੋਲਾ ਬਲਿਆਲ ਨੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤਾ।
ਉਕਤ ਆਗੂਆਂ ਨੇ ਕਿਹਾ ਕਿ ਬੀਤੀ ਕੱਲ ਯੂਨੀਅਨ ਦੇ ਪ੍ਰਧਾਨ ਦੀ ਜਿਸ ਢੰਗ ਨਾਲ ਚੋਣ ਕੀਤੀ ਗਈ, ਉਸ ਤਰ੍ਹਾਂ ਚੋਣ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ। ਹਿਸਾਬ ਕਿਤਾਬ ਹੋਣ ਮਗਰੋਂ ਪ੍ਰਧਾਨ ਦੀ ਚੋਣ ਕੀਤੀ ਜਾਂਦੀ ਹੈ ਹੈ ਪ੍ਰਧਾਨ ਉਹ ਚੁਣਿਆ ਜਾਂਦਾ ਹੈ ਜੋ ਸੱਤਾਧਿਰ ਨਾਲ ਸਬੰਧਤ ਸਰਕਾਰ ਕੋਲ ਯੂਨੀਅਨ ਦੇ ਮਸਲਿਆਂ ਤੇ ਖੁੱਲ੍ਹ ਕੇ ਸਰਕਾਰ ਨਾਲ ਯੂਨੀਅਨ ਦੇ ਮਸਲੇ ਹੱਲ ਕਰਵਾ ਸਕੇ। ਉਨ੍ਹਾਂ ਕਿਹਾ ਕਿ ਕੱਲ ਜਤਿੰਦਰ ਸਿੰਘ ਵਿੱਕੀ ਬਾਜਵਾ ਨੂੰ ਪੂਰੇ ਲੋਕਤੰਤਰ ਢੰਗ ਨਾਲ ਚੁਣਿਆ ਗਿਆ। ਉਸ ਮੌਕੇ ਸਾਡੇ ਇਕ ਓਪਰੇਟਰ ਭਰਾ ਵਲੋਂ ਪ੍ਰਧਾਨਗੀ ਨਾ ਮਿਲਣ ਕਾਰਨ ਜਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਬਹੁਤ ਗਲਤ ਹੈ, ਪਰੰਤੂ ਸਾਨੂੰ ਉਸ ਨਾਲ ਹਮਦਰਦੀ ਵੀ ਹੈ। ਦਵਾਈ ਪੀਣ ਵਾਲੇ ਵਿਅਕਤੀ ਕਾਕਾ ਫੱਗੂਵਾਲਾ ਨੂੰ ਚੋਣ ਮੀਟਿੰਗ ਵਿਚ ਸ਼ਾਮਲ ਹੋਣਾ ਚਾਹੀਦਾ ਸੀ ਅਤੇ ਜੇਕਰ ਉਹ ਚੋਣ ਮੀਟਿੰਗ ਵਿਚ ਹਾਜਰ ਹੁੰਦਾ ਤਾਂ ਉਸਦੀ ਪ੍ਰਧਾਨਗੀ ਬਾਰੇ ਸਮੁੱਚੇ ਭਾਈਚਾਰੇ ਵਲੋਂ ਸੋਚ ਵਿਚਾਰਿਆ ਜਾ ਸਕਦਾ ਸੀ। ਉਕਤ ਪ੍ਰਧਾਨਾਂ ਨੇ ਕਿਹਾ ਕਿ ਮੌਜੂਦਾ ਸਰਕਾਰ ਨਾਲ ਸਬੰਧਤ ਵਿਅਕਤੀਆਂ ਨੂੰ ਸਾਲ-ਸਾਲ ਲਈ ਪ੍ਰਧਾਨ ਚੁਣਿਆ ਜਾਂਦਾ ਹੈ ਕਿਉਂਕਿ ਕਈ ਵਾਰ ਟੈਂਡਰਾਂ ਜਾਂ ਰੇਟਾਂ ਨੂੰ ਲੈ ਕੇ ਕੋਈ ਮਾਮਲਾ ਵਿਗੜਦਾ ਹੈ ਤਾਂ ਸੱਤਾਧਾਰੀ ਧਿਰ ਦਾ ਪ੍ਰਧਾਨ ਹੋਣਾ ਲਾਜਮੀ ਹੈ ਜੋ ਕਿ ਸਰਕਾਰ ਤੱਕ ਗੱਲ ਪਹੁੰਚਾ ਦੇਵੇ। ਚੋਣ ਨਿਰਪੱਖ ਤੌਰ ਤੇ ਕੀਤੀ ਜਾਂਦੀ ਹੈ ਅਤੇ ਕਿਸੇ ਦੇ ਦਬਾਅ ਤੋਂ ਵਗੈਰ ਚੁਣਿਆ ਜਾਂਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਬਣਨ ਲਈ ਜੋ ਪੈਸਿਆਂ ਦਾ ਰੌਲਾ ਪਾਇਆ ਜਾ ਰਿਹਾ ਹੈ ਇਸਦਾ ਯੂਨੀਅਨ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਕਿਹਾ ਟਰੱਕ ਯੂਨੀਅਨ ਦਾ ਕੰਮ ਮੌਕੇ ਦੀ ਸਬੰਧਤ ਸਰਕਾਰ ਨਾਲ ਹੀ ਨੇਪਰੇ ਚੜਦਾ ਹੈ। ਉਹਨਾਂ ਕਿਹਾ ਕਿ ਸਾਡੀ ਯੂਨੀਅਨ ਵਿਚ ਪੈਸੇ ਦਾ ਕੋਈ ਕਲਚਰ ਨਹੀਂ ਹੈ, ਇਹ ਇਕ ਰੁਜਗਾਰ ਅਤੇ ਸਮਾਜ ਸੇਵਾ ਦਾ ਕਾਰਜ ਹੈ। ਇਸ ਮੌਕੇ ਗੋਗੀ ਚੱਠਾ ਨਰੈਣਗੜ੍ਹ ਅਤੇ ਕੁਲਵਿੰਦਰ ਸਿੰਘ ਭੱਟੀਵਾਲ ਵੀ ਹਾਜਰ ਸਨ।
Leave a Reply