ਦਿਲ ਖੋਲ੍ਹਿਆ ਹੁੰਦਾ ਯਾਰਾਂ ਨਾਲ,,,

ਬੋਲਣਾ ਰੱਬੀ ਰਹਿਮਤ ਹੈ, ਬੋਲੀ ਦੇ ਸਾਰੇ ਰੂਪਾਂ ਤੋਂ ਉੱਪਰ ਹੈ। ਜੇ ਮਨੁੱਖ ਬੋਲਦਾ ਸੀ, ਤਾਂ ਹੀ ਕਿੰਨਾ ਕੁਝ  ਸਿਰਜਿਆ ਗਿਆ ।ਸਭ ਤੋਂ ਪਹਿਲਾਂ ਭਾਸ਼ਾ ਸਿਰਜ਼ੀ ਗਈ। ਲਿਪੀ ਸਿਰਜੀ ਗਈ।ਸਬਦ ,ਕਵਿਤਾ ,ਗੀਤ ,ਕਹਾਣੀਆਂ,ਤੇ ਹੋਰ ਕਿੰਨੀ ਹੀ ਮਨੁੱਖੀ ਤਰੱਕੀ ਹੋਈ। ਕੁਦਰਤ ਨੇ ਕੁੱਲ ਜੀਵਾਂ ਨੂੰ ਬੋਲਣ ਦੀ ਰਹਿਮਤ ਬਖ਼ਸੀ ਹੈ।ਕੋਈ ਪੰਛੀ, ਜਾਨਵਰ ਦੇਖ ਲਈਏ ਤਾਂ ਹਰ ਇੱਕ ਜੀ ਜਨੌਰ ਗੱਲ ਸਮਝਣ ਲਈ ਆਪਣੀ ਬੋਲੀ ਦਾ ਪ੍ਰਯੋਗ ਕਰਦਾ ਹੈ।
ਬੋਲਣਾ ਜਾ ਗੱਲਬਾਤ ਕਰਨਾ ਮਨੁੱਖੀ ਜਾ ਕਿਸੇ ਵੀ ਜੀ ਜਨੌਰ ਦਾ ਖੁਸ਼ੀ ,ਦੁੱਖ ਸਾਂਝਾ ਕਰਨ ਦਾ ਜਰੀਏ ਏ।ਪੰਛੀ ਖੁਸ਼ ਹੋਣ ਜਾ ਦੁਖੀ ਆਪਣੀਆਂ ਅਵਾਜ਼ਾਂ ਨਾਲ ਪ੍ਰਗਟ ਕਰਦੇ ਨੇ।ਇਸੇ ਤਰ੍ਹਾਂ ਮਨੁੱਖ ਖੁਸ਼ੀ ,ਗਮੀ ਨੂੰ ਵਿਆਕਤ ਕਰਦਾ ਏ। ਬੱਚੇ ਅਟਕ ਅਟਕ ਜਾ ਤੋਤਲੇ ਬੋਲ ਬੋਲਦੇ ਬਹੁਤ ਵਧੀਆ ਲੱਗਦੇ ਹਨ।ਇੰਝ ਲੱਗਦਾ ਹੈ,ਉਹਨਾਂ ਦੀਆਂ ਗੱਲਾਂ ਸੁਣੀ ਜਾਈਏ।ਉਹ ਬੋਲ ਕੇ ਹੀ ਆਪਣੀ ਗੱਲ ਦੱਸਦੇ ਹਨ। ਅੱਜਕੱਲ੍ਹ ਬੋਲਣਾ ਸਲੀਕੇ ਤੇ ਸ਼ਿਸ਼ਟਾਚਾਰ ਦੇ ਅਧੀਨ ਆ ਗਿਆ ਏ। ਬਹੁਤਾ ਬੋਲਣ ਵਾਲੇ ਨੂੰ ਗਵਾਰ ਜਾ ਸਮਝਿਆ ਜਾਂਦਾ ਏ।ਕਈ ਬਹੁਤ  ਬੋਲਦੇ ਹੁੰਦੇ ਹਨ ।ਉਹ ਹਰੇਕ ਥਾਂ ਧਿਆਨ ਖਿੱਚਦੇ ਹਨ।ਅੱਜਕਲ੍ਹ ਬੱਸਾਂ ਵਿੱਚ ਜਾ ਪਬਲਿਕ ਥਾਵਾਂ ਤੇ ਪੁਰਾਣੇ ਬਜੁਰਗਾਂ ਵਾਂਗ ਲੋਕ ਖੁੱਲ ਕੇ ਗੱਲਾਂਬਾਤਾਂ ਨਹੀਂ ਕਰਦੇ, ਚੁੱਪਚਾਪ ਹੀ ਲੰਬੇ ਸਫ਼ਰ ਵੀ ਤਹਿ ਕਰ ਦਿੰਦੇ ਹਨ । ਦੋ ਪੈੱਗ ਲਾਕੇ ਵੀ ਲੋਕ ਦਿਲ ਦੇ ਭੇਤ ਖੋਲ੍ਹ ਲੈਂਦੇ ਹਨ, ਮਤਲਬ ਸ਼ਰਾਬੀ ਜ਼ਿਆਦਾ ਬੋਲਣ ਲੱਗ ਜਾਂਦੇ ਹਨ।ਪਿਛਲੀ ਪੀੜ੍ਹੀ ਗੱਲਾਂ ਗੱਲਾਂ ਵਿੱਚ ਸਕੀਰੀਆਂ ਕੱਢ ਲੈਂਦੀ ਸੀ। ਦਾਦੀਆਂ ਦਾਦੇ ਦੂਰ ਨੇੜਲਿਆ ਨਾਲ ਵੀ ਦਿਲ ਦੀਆਂ ਗੱਲਾਂ ਕਰ ਲੈਂਦੇ ਸੀ। ਲੋਕਾਂ ਵਿਚ ਵਿਸ਼ਵਾਸ ਵੀ ਸੀ।ਜਿਸ ਉੱਤੇ ਵਿਸ਼ਵਾਸ ਹੋਵੇ ਉਸੇ ਨਾਲ ਹੀ ਅਗਲਾ  ਗੱਲ ਕਰਦਾ ਹੈ।ਪਰ ਹੁਣ ਜ਼ਮਾਨਾ ਉਹ ਨਹੀਂ ਰਿਹਾ। ਹੁਣ ਦੂਰ ਦਾ ਨਾਲ ਗੱਲ ਕਰਨੀ ਦੂਰ ਦੀ ਗੱਲ ਹੈ ,ਜੋ ਕੋਲ ਨੇ ਉਹ ਵੀ ਆਪਸੀ ਗੱਲਬਾਤ ਨਹੀਂ ਕਰਦੇ।
ਪਰ ਜੇਕਰ ਦੇਖਿਆ ਜਾਵੇ ਤਾਂ ਬੋਲਣ ਨੇ ਸਾਨੂੰ ਕਿੰਨਾ ਕੁਝ ਬਖ਼ਸ਼ ਦਿੱਤਾ ਹੈ।ਸਾਡੇ ਸਹਿਤਕ ਕਾਰਜ ਬੋਲੀਆਂ, ਗੀਤਾਂ, ਬਾਤਾਂ ਸਭ ਇਸ ਬੋਲਚਾਲ ਤੇ ਅਧਾਰਿਤ ਹਨ।
ਭੈਣ ਭਾਈ,ਸਹੁਰਾ ਜਵਾਈ ,ਦਿਉਰ ਭਰਜਾਈ ਹੋਰ ਅਣਗਿਣਤ ਰਿਸ਼ਤਿਆਂ ਵਿੱਚ ਕਿੰਨੇ ਹੀ ਗੀਤ,ਦੋਹੇ ਤੇ ਗੱਲਬਾਤ ਦੇ ਪੱਧਰ ਸਿਰਜੇ ਗਏ।
ਸ਼ਾਇਦ ਕੁਰਖਤ ਬੋਲਣ ਵਾਲੇ ਨੂੰ ਹੀ ਇਹ ਮਿਹਣਾ ਹੈ ਕਿ
ਕਦੇ ਤਾਂ ਹੱਸ ਬੋਲ ਵੇ਼,,,,
ਨਾ ਜਿੰਦ ਸਾਡੀ ਰੋਲ ਵੇ।
ਮਾਹੀਆ ਜਦ ਦੋ ਪਿਆਰ ਦੀਆਂ ਗੱਲਾਂ ਕਰਨਾ ਚਾਹੁੰਦਾ ਹੋਵੇ ਆਪ ਮੁਹਾਰੇ ਗੱਲਾਂ ਵਿੱਚ ਕਿਹਾ ਜਾਂਦਾ ਹੈ;
ਨੀ ਦੋ ਗੱਲਾਂ ਕਰੀਏ ਬਹਿ ਜਾ,,,,,
ਕਿਸੇ ਨੂੰ ਨੇੜੇ ਹੋ ਕੇ ਗੱਲ ਸੁਣਾਉਣੀ ਹੋਵੇ
ਮੇਰੀ ਨੇੜੇ ਹੋ ਕੇ ਸੁਣ ਲੈ ਤੂੰ ਗੱਲ ਨੀ,,,,,,
         ਇਸ ਤੋਂ ਇਲਾਵਾ ਹੋਰ ਵੀ ਅਣਗਿਣਤ ਗੀਤ ਗੱਲਬਾਤ ਬੋਲਚਾਲ ਦੀ ਗੱਲ ਕਰਦੇ ਨੇ। ਕਿਹਾ  ਜਾਂਦਾ ਹੈ ਕਿ ਔਰਤ ਜਾ ਬੰਦਾ ਜਿੰਨਾ ਮਰਜ਼ੀ ਸੋਹਣਾ ਹੋਵੇ, ਜੇਕਰ ਉਹ ਸੋਹਣੀ ਗੱਲਬਾਤ ਨਹੀ ਕਰਦਾ,ਜਾ ਮੁੱਖੋਂ ਨੀ ਬੋਲਦਾ , ਤਾਂ ਕਦੇ ਵੀ ਸਾਡੇ ਮਨ ਨੂੰ ਨਹੀਂ ਭਾਉਂਦਾ। ਕਈ ਬੜੀ ਮਿੱਠੀ ਗੱਲਬਾਤ ਕਰਦੇ ਹੁੰਦੇ ਨੇ ,ਉਹਨਾਂ ਨਾਲ ਗੱਲਾਂ ਕਰਦੇ ਰਹਿਣ ਨੂੰ ਬੜਾ ਜੀ ਕਰਦਾ ਏ ਭਾਵੇਂ ਉਂਝ ਕਿਹਾ ਜਾਂਦਾ ਏ ਕਿ;
“ਮਤਲਬ ਕੱਢ ਲੈਂਦੇ ਮਿੱਠੀਆਂ ਜੁਬਾਨਾ ਵਾਲੇ।”
ਬੰਦਿਆਂ ਦੀ ਗੱਲਬਾਤ ਛੋਟੀ ਤੇ ਔਰਤਾਂ ਦੀ ਗੱਲਬਾਤ ਵੱਡੀ ਹੁੰਦੀ ਏ। ਬੱਚਿਆਂ ਦੀ ਗੱਲਾਂ ਛੋਟੀਆਂ ਛੋਟੀਆਂ ਹੁੰਦੀਆਂ ਹਨ।ਬਹੁਤੇ ਵਾਰੀ ਅੱਜਕੱਲ੍ਹ ਦੇ ਸਮਿਆਂ ਵਿੱਚ ਬੋਲਚਾਲ ਹਾਲ ਚਾਲ ਪੁੱਛਣ ਤੱਕ ਹੀ ਸੀਮਿਤ ਰਹਿ ਗਈ ਏ।ਘਰ ਆਏ ਰਿਸ਼ਤੇਦਾਰ ਨਾਲ ਕੋਈ ਗੱਲਬਾਤ ਨੀ ਕਰਦਾ।ਚਾਰ ਬੰਦੇ ਇਕੱਠੇ ਹੋ ਜਾਣ ਉਹ ਗੱਲਬਾਤ ਨਹੀ ਕਰਦੇ।ਹੈਲੋ ਹਾਏ ਕਹਿ ਸਭ ਮੌਬਾਇਲ ਵਿੱਚ ਵੜ ਜਾਂਦੇ ਹਨ। ਵੈਸੇ ਇਹ ਕਹਿੰਦੇ ਨੇ ਵੀ ਜਿਹੋ ਜਿਹਾ ਭਾਂਡਾ ਉਹੋ ਜਿਹੀ ਅਵਾਜ਼।ਬੰਦੇ ਦੀ ਸਖਸ਼ੀਅਤ ਵੀ ਉਸ ਦੇ ਬੋਲਣ ਤੋ ਹੀ ਪਰਖੀ ਜਾਂਦੀ ਏ। ਬੰਦਾ ਕਿੱਡੀ ਕੁਝ ਸ਼ਖ਼ਸੀਅਤ ਦਾ ਮਾਲਕ ਹੈ
ਜਿਵੇ;
ਪੁੱਛਣਾ ਤਾਂ ਬਹੁਤ ਕੁਝ ਸੀ
ਪਰ ਤੇਰੇ ਪਹਿਲੇ ਹੀ ਬੋਲ ਨਾਲ
ਪਹਿਚਾਣਿਆ ਗਿਆ
ਤੇਰੀ ਸਖਸ਼ੀਅਤ ਦਾ ਕੱਦ
ਬੱਸ ਹੋਰ ਪਰਖ਼ਣ ਦੀ ਲੋੜ ਹੀ ਨਾ ਰਹੀ।
ਬਹੁਤੇ ਉੱਘ ਦੀਆਂ ਪਤਾਲ ਮਾਰਦੇ ਰਹਿੰਦੇ ਨੇ। ਨੇਤਾ ਦੇ ਭਾਸਣ ਵੱਡੇ ਪਰ ਕਰਨ ਕਰਾਉਣ ਨੂੰ ਕੁਝ ਨਹੀਂ ਹੁੰਦਾ।ਪਰ ਕਈ ਘੱਟ ਬੋਲਦੇ, ਪਰ ਬੋਲਦੇ ਮਤਲਬ ਦਾ ਹਨ।ਸੱਜਣਾਂ, ਮਿੱਤਰ ਪਿਆਰਿਆਂ ਨਾਲ ਕੀਤੀ ਗੱਲਬਾਤ ਮਨ ਨੂੰ ਸਕੂਨ ਦਿੰਦੀ ਏ । ਇਸ਼ਕ ਵਿੱਚ ਗੱਲਬਾਤ ਘੰਟਿਆਬੱਧੀ ਚੱਲਦੀ ਹੈ।ਪਰ ਲੱਗਦਾ ਹੈ ਸਮਾਂ ਬਹੁਤ ਘੱਟ ਹੋਇਆ ਹੈ।ਸੱਜਣਾਂ ਦੀ ਚੁੱਪ ਦੁੱਖ ਦਿੰਦੀ ਏ। ਸੱਜਣਾ ਦੇ ਮੂਹੋਂ ਹਮੇਸ਼ਾ ਕੁਝ ਨਾ ਕੁਝ ਸੁਣਦੇ ਰਹਿਣ ਨੂੰ ਚਿੱਤ ਕਰਦਾ ਹੈ।
ਜਿਵੇ ਕਿ ਕਿਸੇ ਬਹੁਤ ਸੋਹਣਾ ਲਿਖਿਆ;
“ਮੈੱ ਉਸ ਵੇਲੇ ਓਨੀ ਉਦਾਸ ਨਹੀਂ ਹੁੰਦੀ ਜਦੋਂ ਤੂੰ ਮੈਥੋਂ ਦੂਰ ਹੁੰਦਾ ਏ
ਬਲਕਿ ਉਸ ਵੇਲੇ ਵੱਧ ਉਦਾਸ ਹੁੰਦੀ ਆਂ ਜਦੋਂ ਤੂੰ ਕੋਲ ਵੀ ਹੁੰਦਾ ਤੇ ਬੋਲਦਾ ਵੀ ਨਹੀਂ।”
ਵੈਸੇ ਵੀ ਗੱਲਬਾਤ ਕਰ ਲੈਣ ਦਾ ਸੁੱਖ ਹੀ ਹੁੰਦਾ ਏ ।ਭਾਵੇਂ ਇਹ ਕਿਹਾ ਜਾਂਦਾ ਹੈ ਚੁੱਪ ਵਿੱਚ ਭਲਾ ਜਾ ਫਿਰ ਜਿਥੇ ਬੋਲਣ ਹਾਰੀਏ ਤਿਥੇ ਚੰਗੀ ਚੁੱਪ।ਪਰ ਗੱਲਬਾਤ ਨਾ ਕਰਨ ਕਰਕੇ,ਅੱਜਕਲ੍ਹ ਲੋਕ ਡਿਪ੍ਰੈਸ਼ਨ ਵਿੱਚ ਜਾ ਰਹੇ ਨੇ ।ਲੋਕ ਆਪਣੇ ਦਿਲ ਦੇ ਦੁੱਖ ਸੁੱਖ ਸਾਂਝੇ ਨੀ ਕਰਦੇ।ਲੋਕ ਬੀਮਾਰੀਆਂ ਦੇ ਸਿਕਾਰ ਹੋ ਹਸਪਤਾਲਾਂ ਵਿੱਚ ਜਾਂ ਰਹੇ ਨੇ ।
ਲੋਕਾਂ ਕੋਲ ਪੈਸਾ ਕੋਠੀਆਂ ਮਕਾਨ ਵਾਧੂ ਪਿਆ ਹੈ। ਪਰ ਉਹ ਘਰ ਨਹੀਂ ਬਣਾ ਰਹੇ।ਉਹਨਾਂ ਨਾਲ ਗੱਲਬਾਤ ਕਰਨ ਵਾਲਾ ਕੋਈ ਨਹੀਂ। ਕਹਿੰਦੇ ਨੇ ਪੈਸੇ ਦੀ ਮਦਦ ਨਾਲ਼ੋਂ ਵੀ ਕਿਸੇ ਦਾ ਦੁੱਖ ਸੁੱਖ ਸੁਣ ਵੱਡੀ ਗੱਲ ਹੁੰਦੀ ਹੈ। ਬੋਲ ਤੁਹਾਡੇ ਦੂਜਿਆਂ ਦੇ ਦਰਦ ਵੰਡਾਉਣ ਵਾਲੇ ਹੋਣੇ ਚਾਹੀਦੇ ਹਨ।ਨਾ ਕਿ ਬੋਲ ਕਬੋਲ।ਮੌਬਾਇਲ ਨੇ ਇਸ ਕਲਾ ਨੂੰ ਵੱਡੀ ਸੱਟ ਮਾਰੀ ਹੈ।ਲੋਕ ਇਸ ਵਿੱਚ ਹੀ ਉਲਝੇ ਰਹਿੰਦੇ ਹਨ। ਬੱਚੇ ਮਾਂ ਪਿਉ ਨਾਲ ਨੀ ਬੋਲਦੇ।ਅੱਜਕਲ੍ਹ ਹਰੇਕ ਘਰ ਵਿੱਚ ਵੱਖਰੇ ਕਮਰੇ ਹਨ,ਹਰ ਕੋਈ ਆਪਣੀ ਦੁਨੀਆਂ ਤੱਕ ਸੀਮਤ ਹੈ। ਪਹਿਲਾਂ ਪਰਿਵਾਰਕ ਮਹੌਲ ਹੋਰ ਹੁੰਦੇ ਸੀ। ਇਕੱਠੇ ਬਹਿੰਦੇ ਸੀ। ਗੱਲਬਾਤ ਹੁੰਦੀ ਸੀ ।ਦੁੱਖ ਦਰਦ ਘੱਟ ਮਹਿਸੂਸ ਹੁੰਦੇ ਸੀ। ਕਹਿਰ ਦੀ ਮੌਤ ਵਿੱਚ ਵੀ ਸਾਰਾ ਸ਼ਰੀਕਾਂ ਕਬੀਲਾ ਦੁੱਖ ਵੰਡਾ ਲੈਂਦਾ ਸੀ। ਹੁਣ ਇਕੱਲਿਆਂ ਨੂੰ ਪੁੱਛਣ ਵਾਲਾ ਕੋਈ ਨਹੀਂ । ਤਾਹੀਂ ਦਿਮਾਗ਼ੀ ਬੋਝ ਪਾਕੇ ਲੋਕ ਅਟੈਕ ਨਾਲ ਮਰ ਰਹੇ ਹਨ।ਜੇਕਰ ਸਮੇਂ ਰਹਿੰਦੇ ਕੋਈ ਦਰਦ ਵੰਡ ਲਵੇ ਤਾਂ ਬਹੁਤ ਮਨੁੱਖੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ।ਇੱਕ ਹਸਪਤਾਲ ਦੇ ਓਪਰੇਸ਼ਨ ਥੀਏਟਰ ਬਾਹਰ ਬਹੁਤ ਵਧੀਆ ਲਿਖਿਆ ਸੀ ਕਿ
“ਜੇਕਰ ਖੋਲ੍ਹਿਆ ਹੁੰਦਾ ਦਿਲ ਯਾਰਾਂ ਦੇ ਨਾਲ
ਅੱਜ ਖੋਲਣਾ ਨਾ ਪੈਂਦਾ ਔਜਾਰਾਂ ਦੇ ਨਾਲ।”
ਸੁਣਿਆ ਲਾਤਵੀਆ ਦੇਸ ਦੇ ਲੋਕ ਸਭ ਤੋਂ ਘੱਟ ਬੋਲਦੇ ਨੇ ਉਹਨਾਂ ਦਾ ਸਿਸ਼ਟਾਚਾਰ ਹੈ ਪਰ ਉਥੇ ਵੀ ਬਹੁਤੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਹਨ। ਸਾਡੇ ਬਜੁਰਗ ਗੱਲਬਾਤ ਖੁੱਲ੍ਹ ਕੇ ਕਰਦੇ ਸਨ ਤੇ ਖੁੱਲ੍ਹ ਕੇ ਹੱਸਦੇ ਸਨ ਤੇ ਮਾਨਸਿਕ ਤਣਾਅ ਤੋਂ ਰਹਿਤ ਜਿੰਦਗੀ ਜਿਉਂਦੇ ਸਨ।ਆਉ ਅਸੀਂ ਵੀ ਸ਼ੁਰੂਆਤ ਕਰੀਏ। ਕਿਤੇ ਇਹ ਨਾ ਹੋਵੇ ਕਿ ਸਾਡੀ ਆਉਣ ਵਾਲੀ ਪੀੜ੍ਹੀ ਗੱਲਬਾਤ ਦਾ ਸ਼ਿਸ਼ਟਾਚਾਰ ਹੀ ਭੁੱਲ ਜਾਵੇ।ਆਉ ਯਾਰਾਂ ਮਿੱਤਰਾਂ, ਮਾਪਿਆਂ ਨਾਲ,ਰਿਸਤਦਾਰਾਂ ਨਾਲ ਗੱਲਾਂਬਾਤਾਂ ਕਰੀਏ ਰੱਜ ਕੇ ਜਿੰਦਗੀ ਜੀਵੀਏ।
ਜਗਤਾਰ ਲਾਡੀ ਮਾਨਸਾ
9463603091

Leave a Reply

Your email address will not be published.


*