ਲੁਧਿਆਣਾ ( ਗੁਰਵਿੰਦਰ ਸਿੱਧੂ )ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਨੂੰ ਸਕੂਲਾਂ ਅਤੇ ਕਾਲਜਾਂ ਦੀਆਂ ਕੰਟੀਨਾਂ ਵਿੱਚ ਫੂਡ ਸੈਂਪਲਿੰਗ ਕਰਨ ਦੇ ਨਾਲ-ਨਾਲ ਅਗਲੇ ਮਹੀਨੇ ਹੋਲੀ ਦੇ ਤਿਉਂਹਾਰ ਤੋਂ ਪਹਿਲਾਂ ਸੜਕਾਂ ‘ਤੇ ਰੇਹੜੀਆਂ ਵਾਲੇ, ਖਾਣ-ਪੀਣ ਵਾਲੀਆਂ ਥਾਵਾਂ, ਰੈਸਟੋਰੈਂਟਾਂ, ਹੋਟਲਾਂ, ਮਠਿਆਈਆਂ/ਬੇਕਰੀ ਨਿਰਮਾਤਾਵਾਂ ਅਤੇ ਦੁੱਧ ਸਪਲਾਈ ਕਰਨ ਵਾਲੇ ਲੋਕਾਂ ਨੂੰ ਸਿਹਤਮੰਦ ਅਤੇ ਸੁਰੱਖਿਅਤ ਖਾਣ-ਪੀਣ ਵਾਲੀਆਂ ਵਸਤਾਂ ਮੁਹੱਈਆ ਕਰਵਾਉਣ ਲਈ ਜਾਗਰੂਕਤਾ ਅਤੇ ਨਿਰੀਖਣ ਸਬੰਧੀ ਗਤੀਵਿਧੀਆਂ ਤੇਜ਼ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਸਥਾਨਕ ਬੱਚਤ ਭਵਨ ਵਿਖੇ ਸਿਹਤ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਿਲਾਵਟੀ ਖਾਣ-ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਦੇ ਖਾਤਮੇ ਲਈ ਵਚਨਬੱਧਤਾ ਪ੍ਰਗਟਾਈ, ਜਿਸ ਨਾਲ ਸਿਹਤ ਲਈ ਵੱਡਾ ਖਤਰਾ ਪੈਦਾ ਹੁੰਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਕੰਟੀਨ, ਸਟ੍ਰੀਟ ਵਿਕਰੇਤਾ, ਬੇਕਰੀ ਨਿਰਮਾਤਾ, ਰੈਸਟੋਰੈਂਟ, ਹੋਟਲ ਅਤੇ ਦੁੱਧ ਸਪਲਾਇਰਾਂ ਨੂੰ ਫੂਡ ਸੇਫਟੀ ਸਟੈਂਡਰਡ ਐਕਟ 2006 ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ। ਸਿਹਤ ਅਧਿਕਾਰੀਆਂ ਨੂੰ ਸਕੂਲਾਂ ਅਤੇ ਕਾਲਜਾਂ ਦੀਆਂ ਕੰਟੀਨਾਂ ਦਾ ਅਚਨਚੇਤ ਦੌਰਾ ਕਰਨ ਦਾ ਕੰਮ ਸੌਂਪਿਆ ਗਿਆ ਹੈ ਅਤੇ ਜੇਕਰ ਕੋਈ ਘਟੀਆ ਵਸਤੂਆਂ ਪਾਈਆਂ ਗਈਆਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਜੋਰਵਾਲ ਨੇ ਬੈਚ ਨੰਬਰਾਂ, ਨਿਰਮਾਣ ਮਿਤੀਆਂ ਅਤੇ ਪੋਸ਼ਣ ਮਾਤਰਾ ਲਈ ਭੋਜਨ ਪੈਕਟਾਂ ਦੀ ਜਾਂਚ ਕਰਨ ਦੀ ਮਹੱਤਤਾ ‘ਤੇ ਚਾਨਣਾ ਪਾਇਆ। ਉਨ੍ਹਾਂ ਅੱਗੇ ਜ਼ੋਰ ਦਿੱਤਾ ਕਿ ਭੋਜਨ ਨਿਰਮਾਤਾਵਾਂ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਡਿਊਟੀ ਦੌਰਾਨ ਉਨ੍ਹਾਂ ਦੇ ਕਰਮਚਾਰੀ ਦਸਤਾਨੇ ਪਾਉਣ, ਸਿਰ ਢੱਕ ਕੇ ਰੱਖਣ ਅਤੇ ਆਲੇ ਦੁਆਲੇ ਦੀ ਸਫਾਈ ਯਕੀਨੀ ਬਣਾਉਣ। ਫੂਡ ਸੇਫਟੀ ਅਫਸਰਾਂ ਨੂੰ, ਖਾਸ ਤੌਰ ‘ਤੇ ਅਗਲੇ ਮਹੀਨੇ ਹੋਲੀ ਤੋਂ ਪਹਿਲਾਂ ਉਨ੍ਹਾਂ ਸਥਾਨਾਂ ਦਾ ਮੁਆਇਨਾ ਕਰਨ ਦੇ ਨਿਰਦੇਸ਼ ਦਿੱਤੇ ਜਿੱਥੇ ਆਮ ਤੌਰ ‘ਤੇ ਲੋਕਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਪਰੋਸੀਆਂ ਜਾਂਦੀਆਂ ਹਨ।
ਡਿਪਟੀ ਕਮਿਸ਼ਨਰ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਵਿਭਾਗ ਮਿਠਾਈ ਅਤੇ ਬੇਕਰੀ ਨਿਰਮਾਤਾਵਾਂ ਦੇ ਨਾਲ-ਨਾਲ ਦੁੱਧ ਵਿਕਰੇਤਾਵਾਂ ਅਤੇ ਉਨ੍ਹਾਂ ਦੇ ਕਰਮਚਾਰੀਆਂ ਨੂੰ ਭੋਜਨ ਤਿਆਰ ਕਰਨ ਲਈ ਸਾਫ ਸਫਾਈ ਰੱਖਣ ਬਾਰੇ ਸਰਗਰਮੀ ਨਾਲ ਜਾਗਰੂਕ ਕਰ ਰਿਹਾ ਹੈ। ਉਨ੍ਹਾਂ ਫੂਡ ਬਿਜ਼ਨਸ ਆਪਰੇਟਰਾਂ ਨੂੰ ਅਪੀਲ ਕੀਤੀ ਕਿ ਉਹ ਸਮਾਜ ਨੂੰ ਸੁਰੱਖਿਅਤ ਅਤੇ ਸਿਹਤਮੰਦ ਭੋਜਨ ਉਤਪਾਦ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਦੇ ਨਾਲ ਸਹਿਯੋਗ ਕਰਨ।
ਇਸ ਤੋਂ ਇਲਾਵਾ ਉਨ੍ਹਾਂ ਫੂਡ ਸੇਫਟੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਸੈਂਪਲ ਲੈਣ ਦੇ ਬਹਾਨੇ ਕਿਸੇ ਵੀ ਫੂਡ ਕਾਰੋਬਾਰੀ ਨੂੰ ਤੰਗ-ਪ੍ਰੇਸ਼ਾਨ ਨਾ ਕਰਨ ਅਤੇ ਇਹ ਸਪੱਸ਼ਟ ਕੀਤਾ ਕਿ ਭੋਜਨ ਵਿੱਚ ਮਿਲਾਵਟਖੋਰੀ ਕਰਨ ਵਾਲਿਆਂ ਨੂੰ ਸਖ਼ਤ ਨਤੀਜੇ ਭੁਗਤਣੇ ਪੈਣਗੇ।
Leave a Reply