ਮਾਨਸਾ//////
ਰਾਸ਼ਟਰੀਆ ਕਿਸ਼ੋਰ ਸਵਾਸਥਿਆ ਕਾਰਿਆਕ੍ਰਮ (ਆਰ.ਕੇ.ਐਸ.ਕੇ.) ਦੇ ਕਾਰਜ ਖੇਤਰ ਦੇ ਅੰਦਰ ‘ਪੀਅਰ ਐਜੂਕੇਟਰ ਕਾਰਜਕ੍ਰਮ’ ਨਾਮੀ ਪ੍ਰੋਗਰਾਮ ਰਾਹੀਂ ਇਕ ਨਵੀਂ ਸੇਵਾ ਦੀ ਸ਼ੁਰੂਆਤ ਕੀਤੀ ਗਈ ਹੈ। ਕਿਸ਼ੋਰ ਅਵਸਥਾ ਵਾਲੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਭਾਰਤ ਦੇ ਵਧੀਆ ਨਾਗਰਿਕ ਬਣਾਉਣ ਵਿੱਚ ਇਹ ਪ੍ਰੋਗਰਾਮ ਅਹਿਮ ਭੂਮਿਕਾ ਨਿਭਾਉਂਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਸੈਲੀਬਰੇਸ਼ਨ ਹੋਟਲ ਮਾਨਸਾ ਵਿਖੇ ਏ.ਐਨ.ਐਮ. ਦੀ ਇੱਕ ਕਾਰਜਸ਼ਾਲਾ ਦੌਰਾਨ ਕੀਤਾ।
ਉਨ੍ਹਾਂ ਦੱਸਿਆ ਕਿ 2011 ਦੀ ਜਨਗਣਨਾ ਅਨੁਸਾਰ ਭਾਰਤ ਦੀ ਆਬਾਦੀ ਦਾ ਪੰਜਵਾਂ ਹਿੱਸਾ ਕਿਸ਼ੋਰ ਅਵਸਥਾ ਵਾਲੇ ਬੱਚੇ ਹੁੰਦੇ ਹਨ, ਕਿਸ਼ੋਰ ਅਵਸਥਾ ਦੌਰਾਨ ਕਿਸ਼ੋਰਾਂ ਨੂੰ ਸਹੀ ਦਿਸ਼ਾ ਅਤੇ ਜਾਣਕਾਰੀ ਦੇਣੀ ਲਾਜ਼ਮੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ‘ਪੀਅਰ ਐਜੂਕੇਟਰ ਕਾਰਜਕ੍ਰਮ’ ਪ੍ਰੋਗਰਾਮ ਰਾਹੀਂ ਕਿਸ਼ੋਰਾਂ ਨੂੰ ਟਰੇਂਡ ਸਾਥੀ ਸਿੱਖਿਅਕ ਤੋਂ ਗਿਆਨ ਪ੍ਰਾਪਤ ਕਰਨ ਦਾ ਉਤਸ਼ਾਹ ਮਿਲਦਾ ਹੈ। ਕਿਸ਼ੋਰ ਜਾਂ ਕਿਸ਼ੋਰੀਆਂ ਵੱਲੋਂ ਅਨੁਭਵ ਕੀਤੇ ਜਾਣ ਵਾਲੇ ਡਰ ਜਾਂ ਰੁਕਾਵਟਾਂ ਨੂੰ ਘੱਟ ਕਰਨ ਵਿੱਚ ਸਹਾਇਤਾ ਕਰਨਾ, ਦੇਸ਼ ਭਰ ਵਿੱਚ ਕਿਸ਼ੋਰ ਕਿਸ਼ੋਰੀਆਂ ਦਰਮਿਆਨ ਸੂਚਨਾ ਅਤੇ ਸਹਾਇਤਾ ਨੈੱਟਵਰਕ ਸਥਾਪਿਤ ਕਰਨਾ, ਸੂਚਨਾ ਦੇ ਵਿਗਿਆਨਕ ਅਤੇ ਵਿਸ਼ਵਾਸਯੋਗ ਸਰੋਤਾਂ ਤੱਕ ਪਹੁੰਚ ਵਧਾਉਣਾ ਇਸ ਪ੍ਰੋਗਰਾਮ ਦੇ ਮੁੱਖ ਮੰਤਵ ਹਨ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਵਿੱਚ ਪੀਅਰ ਐਜੂਕੇਟਰ (ਸਾਥੀ ਸਿੱਖਿਅਕ) (ਪੀ.ਈ.) 15 ਤੋਂ 19 ਸਾਲ ਦੀ ਉਮਰ ਤੱਕ ਦੇ ਕਿਸ਼ੋਰ ਜਾਂ ਕਿਸ਼ੋਰੀਆਂ ਹੁੰਦੇ ਹਨ ਜਿੰਨ੍ਹਾਂ ਨੂੰ ਵੀ.ਐਚ.ਐਸ.ਐਨ.ਸੀ. ਦੇ ਮੈਂਬਰ ਉਨ੍ਹਾਂ ਦੀ ਸਿੱਖਿਅਕ ਯੋਗਤਾ, ਸੰਵਾਦ ਕੁਸ਼ਲਤਾ, ਇਸ ਕੰਮ ਨੂੰ ਕਰਨ ਵਿੱਚ ਉਹਨਾਂ ਦੀ ਰੁਚੀ ਅਤੇ ਲਗਨ ਦੇ ਆਧਾਰ ਉਤੇ ਚੁਣਨਗੇ। ਇਸ ਪ੍ਰਕਿਰਿਆ ਵਿੱਚ ਆਸ਼ਾ ਮਦਦਗਾਰ ਬਣਦੀ ਹੈ। ਚੋਣ ਪ੍ਰਕਿਰਿਆ ਮਗਰੋਂ ਇੰਨ੍ਹਾਂ ਪੀ.ਈਜ਼ ਨੂੰ ਰਾਸ਼ਟਰੀਆ ਕਿਸ਼ੋਰ ਸਵਾਸਥਿਆ ਕਾਰਿਆਕ੍ਰਮ ਦੇ ਵਿਭਿੰਨ ਅੰਗਾਂ ਦੇ ਬਾਰੇ ਗੈਰ-ਰਿਹਾਇਸ਼ੀ ਟਰੇਨਿੰਗ ਦਿੱਤੀ ਜਾਵੇਗੀ। ਇਹ ਸਿਖਲਾਈ ਸ਼ੁਦਾ ਪੀ.ਈਜ਼ ਸੇਵਾ ਪ੍ਰਦਾਤਿਆਂ ਅਤੇ ਭਾਈਚਾਰੇ ਦੇ ਕਿਸ਼ੋਰ ਕਿਸ਼ੋਰੀਆਂ ਦਰਮਿਆਨ ਸਭ ਤੋਂ ਅਹਿਮ ਕੜੀ ਹੋਣਗੇ। ਇਸ ਲਈ ਉਹ ਆਰ.ਕੇ.ਐਸ.ਕੇ. ਦੀ ਸਫਲਤਾ ਲਈ ਮਹੱਤਵਪੂਰਨ ਸਿੱਧ ਹੋਣਗੇ।
Leave a Reply