ਲੁਧਿਆਣਾ ( ਲਾਵੀਜਾ ਰਾਏ/ਹਰਜਿੰਦਰ ਸਿੰਘ/ਰਾਹੁਲ ਘਈ) ਯੁਵਕ ਸੇਵਾਵਾਂ ਵਿਭਾਗ ਦੀ ਅਗਵਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ), ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਚਾਰ ਰੋਜਾ ਪੰਜਾਬ ਰਾਜ ਅੰਤਰ-ਵਰਸਿਟੀ ਯੁਵਕ ਮੇਲਾ 2024 ਨੌਜਵਾਨਾਂ ਅਤੇ ਦਰਸ਼ਕਾ ਦੇ ਦਿਲਾਂ ਵਿੱਚ ਅਮਿੱਟ ਪੈੜ੍ਹਾ ਛੱਡਦਾ ਹੋਇਆ ਸਫਲਤਾ-ਪੂਰਵਕ ਸਮਾਪਤ ਹੋਇਆ। ਇਸ ਯੁਵਕ ਮੇਲੇ ਵਿੱਚ ਰਾਜ ਦੀਆਂ 17 ਯੂਨੀਵਰਸਿਟੀਆਂ ਦੇ ਲਗਭਗ 2500 ਭਾਗੀਦਾਰਾਂ ਅਤੇ 50 ਤੋਂ ਵੱਧ ਟੀਮਾਂ ਨੇ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ।ਯੁਵਕ ਸੇਵਾਵਾਂ ਵਿਭਾਗ ਵੱਲੋਂ ਇਹ ਯੁਵਕ ਮੇਲਾ ਪੰਜਾਬ ਸਰਕਾਰ ਦੇ ਰੰਗਲਾ ਪੰਜਾਬ ਮਿਸ਼ਨ ਤਹਿਤ ਕਰਵਾਇਆ ਗਿਆ, ਜੋ ਕਿ ਨੌਜਵਾਨਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਪੈਦਾ ਕਰਨ ਵਿੱਚ ਕਾਮਯਾਬ ਹੋਇਆ ਹੈ।
ਇਸ ਯੁਵਕ ਮੇਲੇ ਦੇ ਸਮਾਪਤੀ ਸਮਾਰੋਹ ਵਿੱਚ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਿਨ੍ਹਾਂ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਸਤਿਬੀਰ ਸਿੰਘ ਗੋਸਲ ਵੱਲੋਂ ਜੀ ਆਇਆ ਆਖਿਆ। ਚੌਥੇ ਦਿਨ ਮਾਝਾ, ਮਾਲਵਾ ਅਤੇ ਦੋਆਬੇ ਦੀਆਂ ਗਿੱਧੇ ਦੀਆਂ ਟੀਮਾਂ ਵੱਲੋਂ ਖੂਬ ਰੌਣਕਾ ਲਾਈ ਰੱਖੀਆਂ ਅਤੇ ਲੰਮੀਆਂ ਹੇਕਾਂ ਵਾਲੇ ਗੀਤ ਮੁਕਾਬਲਿਆਂ ਦੌਰਾਨ ਡਾ. ਮਨਮੋਹਨ ਸਿੰਘ ਆਡੀਟੋਰੀਅਮ ਪੂਰੀ ਤਰ੍ਹਾਂ ਸੱਭਿਆਚਾਰਕ ਮਾਹੌਲ ਵਿੱਚ ਰੰਗਿਆ ਗਿਆ।
ਚੇਅਰਮੈਨ ਸ੍ਰੀ ਪਰਮਿੰਦਰ ਸਿੰਘ ਗੋਲਡੀ ਵੱਲੋਂ ਜੇਤੂ ਯੂਨੀਵਰਸਿਟੀ ਨੂੰ ਓਵਰਆਲ ਟਰਾਫੀ ਪ੍ਰਦਾਨ ਕਰਦਿਆਂ ਕਿਹਾ ਕਿ ਨੌਜਵਾਨਾਂ ਵਿੱਚ ਮੁਕਾਬਲੇ ਦੀ ਭਾਵਨਾ ਹੋਣੀ ਬਹੁਤ ਜਰੂਰੀ ਹੈ। ਅਜਿਹੇ ਯੁਵਕ ਮੇਲੇ ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜਦੇ ਹਨ ਅਤੇ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ। ਇਸ ਯੁਵਕ ਮੇਲੇ ਵਿੱਚ ਭਾਗ ਲੈ ਰਹੇ ਨੌਜਵਾਨਾਂ ਵਿੱਚੋਂ ਹੀ ਕਈ ਅਦਾਕਾਰ, ਕਲਾਕਾਰ, ਗੀਤਕਾਰ ਅਤੇ ਸਾਹਿਤਕਾਰ ਨਿੱਖਰ ਕੇ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਜੇਤੂ ਟੀਮਾਂ ਨੂੰ ਵਧਾਈ ਦਿੱਤੀ ਅਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਸਹਿਯੋਗ ਲਈ ਧੰਨਵਾਦ ਕੀਤਾ।
ਚਾਰ ਦਿਨਾਂ ਦੌਰਾਨ ਚੱਲੇ ਮੁਕਾਬਲਿਆਂ ਵਿੱਚ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਨੇ ਓਵਰਆਲ ਟਰਾਫੀ ਤੇ ਕਬਜਾ ਕੀਤਾ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਰਨਰਅੱਪ ਰਹੀ। ਦੱਸਣਯੋਗ ਹੈ ਕਿ ਇਸ ਯੁਵਕ ਮੇਲੇ ਦੌਰਾਨ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀਆਂ, ਐਮ.ਐਲ.ਏ ਅਤੇ ਚੇਅਰਮੈਨਾਂ ਵੱਲੋਂ ਇਸ ਮੇਲੇ ਦਾ ਖੂਬ ਆਨੰਦ ਮਾਣਿਆ ਅਤੇ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਅੰਤ ਵਿੱਚ ਵਾਈਸ ਚਾਂਸਲਰ ਵੱਲੋਂ ਇਸ ਮੇਲੇ ਦੀ ਸਫਲਤਾ ਲਈ ਯੁਵਕ ਸੇਵਾਵਾਂ ਵਿਭਾਗ ਪੰਜਾਬ ਦਾ ਧੰਨਵਾਦ ਕੀਤਾ ਅਤੇ ਵਿਭਾਗ ਵੱਲੋਂ ਸਨਮਾਨ ਚਿੰਨ ਪ੍ਰਾਪਤ ਕੀਤਾ। ਉਪਰੰਤ ਡਿਪਟੀ ਡਾਇਰੈਕਟਰ ਸ੍ਰੀ ਕੁਲਵਿੰਦਰ ਸਿੰਘ ਵੱਲੋਂ ਇਸ ਪ੍ਰੋਗਰਾਮ ਵਿਚ ਹਾਜਰ ਸਮੂਹ ਯੂਨੀਵਰਸਿਟੀਆਂ ਦੇ ਡਾਇਰੈਕਟਰ ਕਲਚਰਲ ਅਤੇ ਵਿਭਾਗੀ ਸਟਾਫ ਨੂੰ ਸਨਮਾਨਿਤ ਕੀਤਾ ਗਿਆ।
Leave a Reply