ਸੰਗਰੂਰ ///////////// ਅੱਜ ਸੰਯੁਕਤ ਕਿਸਾਨ ਮੋਰਚਾ ਸੰਗਰੂਰ ਦੀ ਮੀਟਿੰਗ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਨਾਲ ਦੀ ਪ੍ਰਧਾਨਗੀ ਹੇਠ ਸਥਾਨਕ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਹੋਈ। ਜਿਸ ਵਿੱਚ ਸੂਬਾ ਪੱਧਰੀ ਸੱਦੇ ਤਹਿਤ 26 ਨਵੰਬਰ ਨੂੰ ਦਿੱਲੀ ਅੰਦੋਲਨ ਦੀ ਵਰ੍ਹੇਗੰਢ ਮੌਕੇ ਟਰੇਡ ਯੂਨੀਅਨ ਨਾਲ ਸਾਂਝਾ ਰੋਸ ਪ੍ਰਦਰਸ਼ਨ ਕਰਨ ਦੇ ਸੱਦੇ ਦੀ ਤਿਆਰੀ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 26 ਨਵੰਬਰ ਨੂੰ 11 ਤੋਂ 3 ਵਜੇ ਤੱਕ ਡੀਸੀ ਦਫਤਰ ਸੰਗਰੂਰ ਅੱਗੇ ਇਕੱਠੇ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਊਧਮ ਸਿੰਘ ਸੰਤੋਖਪੁਰਾ,ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ,ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਆਗੂ ਇੰਦਰਪਾਲ ਸਿੰਘ ਪੁੰਨਾਂਵਾਲ,ਬੀਕੇਯੂ ਡਕੌਂਦਾ ਧਨੇਰ ਦੇ ਆਗੂ ਬਹਾਦਰ ਸਿੰਘ ਦੁੱਗਾਂ,ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ ਨੇ ਦੱਸਿਆ ਕਿ ਸਾਰੀਆਂ ਫਸਲਾਂ ਦੀ ਐਮਐਸਪੀ ਤੇ ਸਰਕਾਰੀ ਖਰੀਦ ਦੀ ਕਾਨੂੰਨੀ ਗਰੰਟੀ,ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਖਤਮ ਕਰਨ, ਕਿਸਾਨਾਂ ਮਜਦੂਰਾਂ ਦੀ 60 ਸਾਲ ਦੀ ਉਮਰ ਤੋਂ ਬਾਅਦ 10 ਹਜਾਰ ਪ੍ਰਤੀ ਮਹੀਨਾ ਪੈਨਸ਼ਨ ਕਰਨ,ਬਿਜਲੀ ਬਿੱਲ 2022 ਰੱਦ ਕਰਨ,ਭੂਮੀ ਅਧਿਗ੍ਰਹਿਣ ਬਿਲ 2013 ਦੀ ਉਲੰਘਣਾ ਬੰਦ ਕਰਨ,ਝੋਨੇ ਦੀ ਖਰੀਦ ਤੇ ਲਾਏ ਗਏ ਕੱਟ ਦੀ ਭਰਪਾਈ ਕਰਨ,ਕਿਰਤ ਕਾਨੂੰਨ ਭੰਗ ਕਰਕੇ ਲੇਬਰ ਕੋਡ ਬਣਾਉਣ ਦਾ ਫੈਸਲਾ ਰੱਦ ਕਰਨ,ਸਾਰੇ ਮਹਿਕਮਿਆਂ ਵਿੱਚ ਠੇਕੇਦਾਰੀ ਸਿਸਟਮ ਬੰਦ ਕਰਕੇ ਪੱਕੀ ਭਰਤੀ ਸ਼ੁਰੂ ਕਰਨ ਆਦਿ ਮੰਗਾਂ ਨੂੰ ਲੈ ਕੇ ਇਹ ਰੋਸ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਮੰਗਾਂ ਤੇ ਵੱਡਾ ਸੰਘਰਸ਼ ਵਿੱਢਿਆ ਜਾਵੇਗਾ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਇਹ ਮਤਾ ਵੀ ਪਾਸ ਕੀਤਾ ਗਿਆ ਕਿ ਜੋ ਹੁਣ ਕਿਸਾਨ ਤੇ ਮਜ਼ਦੂਰ ਝੋਨੇ ਦੇ ਸੀਜ਼ਨ ਵਿੱਚ ਤੇ ਕਣਕ ਦੀ ਬਿਜਾਈ ਦੇ ਕੰਮ ਵਿੱਚ ਰੁੱਝੇ ਹੋਏ ਹਨ,ਪਰ ਪਿੱਛੋਂ ਬਿਜਲੀ ਬੋਰਡ ਦੇ ਮੁਲਾਜ਼ਮ ਜਾ ਕੇ ਪਿੰਡਾਂ ਵਿੱਚ ਬਿਜਲੀ ਦਾ ਲੋਡ ਚੈੱਕ ਕਰ ਰਹੇ ਹਨ ਤੇ ਜਰਮਾਨੇ ਪਾ ਰਹੇ ਹਨ ਇਹ ਕਾਰਵਾਈ ਸਰਾਸਰ ਗਲਤ ਹੈ। ਲੋਡ ਵਧਾਉਣ ਲਈ ਲੋਕਾਂ ਨੂੰ ਦੋ ਮਹੀਨੇ ਦਾ ਘੱਟੋ ਘੱਟ ਹੋਰ ਸਮਾਂ ਦਿੱਤਾ ਜਾਵੇ ਅਤੇ ਜੁਰਮਾਨੇ ਨਾ ਪਾਏ ਜਾਣ ।ਜੇਕਰ ਇਹ ਕਾਰਵਾਈ ਜਾਰੀ ਰਹਿੰਦੀ ਹੈ ਤਾਂ ਪਿੰਡਾਂ ਵਿੱਚ ਮੁਲਾਜ਼ਮਾਂ ਦੇ ਘਿਰਾਓ ਅਤੇ ਹੋਰ ਜੋ ਪ੍ਰੋਗਰਾਮ ਹੋਣਗੇ ਉਸ ਦੇ ਲਈ ਪ੍ਰਸ਼ਾਸਨ ਜਿੰਮੇਵਾਰ ਹੋਵੇਗਾ। ਅੱਜ ਦੀ ਮੀਟਿੰਗ ਵਿੱਚ ਕਿਸਾਨ ਆਗੂ ਦਰਸ਼ਨ ਸਿੰਘ ਕੁੰਨਰਾਂ,ਲਾਭ ਸਿੰਘ ਨਮੋਲ,ਰੋਹੀ ਸਿੰਘ ਮੰਗਵਾਲ, ਮੱਖਣ ਸਿੰਘ ਦੁੱਗਾਂ ਵੀ ਹਾਜ਼ਰ ਸਨ।
Leave a Reply