ਸਰਾਭਾ /ਲੁਧਿਆਣਾ ( ਲਵੀਜਾ/ਹਰਜਿੰਦਰ ਸਿੰਘ/ਰਾਹੁਲ ਘਈ) ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸ਼ਨੀਵਾਰ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ ‘ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉਨ੍ਹਾਂ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ, ਸ਼ਹੀਦ ਜਗਤ ਸਿੰਘ, ਸ਼ਹੀਦ ਹਰਨਾਮ ਸਿੰਘ ਸਿਆਲਕੋਟੀ, ਸ਼ਹੀਦ ਬਖਸ਼ੀਸ਼ ਸਿੰਘ, ਸ਼ਹੀਦ ਸੁਰੈਣ ਸਿੰਘ (ਵੱਡਾ) ਅਤੇ ਸ਼ਹੀਦ ਸੁਰੈਣ ਸਿੰਘ (ਛੋਟਾ) ਨੂੰ ਵੀ ਸ਼ਰਧਾਂਜਲੀ ਭੇਟ ਕੀਤੀ ਜਿਨ੍ਹਾਂ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਲ ਸ਼ਹੀਦੀ ਪ੍ਰਾਪਤ ਕੀਤੀ ਸੀ।
ਅੱਜ ਇੱਥੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਰਕਾਰ ਵੱਲੋਂ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਰਤ ਦੇ ਸਭ ਤੋਂ ਨੌਜਵਾਨ ਕ੍ਰਾਂਤੀਕਾਰੀ ਸਨ, ਜਿਨ੍ਹਾਂ ਨੇ ਮਹਿਜ਼ 19 ਸਾਲ ਦੀ ਉਮਰ ਵਿੱਚ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਉਨ੍ਹਾਂ ਅੱਗੇ ਕਿਹਾ ਕਿ ਇੰਨੀ ਛੋਟੀ ਉਮਰ ਵਿਚ ਸ਼ਹੀਦ ਹੋਣ ਵਾਲੇ ਕਰਤਾਰ ਸਿੰਘ ਸਰਾਭਾ ਆਪਣੇ ਦੇਸ਼ ਲਈ ਨਿਰਸਵਾਰਥ ਸੇਵਾ ਨਿਭਾਉਣ ਵਾਸਤੇ ਨੌਜਵਾਨ ਪੀੜ੍ਹੀਆਂ ਲਈ ਸਦੀਆਂ ਤੋਂ ਪ੍ਰੇਰਨਾ ਦਾ ਸਰੋਤ ਬਣੇ ਹੋਏ ਹਨ। ਸ੍ਰੀ ਸੌਂਦ ਨੇ ਕਿਹਾ ਕਿ ਮਹਾਨ ਸ਼ਹੀਦ ਨੇ ਦੇਸ਼ ਨੂੰ ਵਿਦੇਸ਼ੀ ਸਾਮਰਾਜਵਾਦ ਦੇ ਚੁੰਗਲ ਤੋਂ ਮੁਕਤ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ। ਉਹਨਾਂ ਕਿਹਾ ਕਿ ਗਦਰ ਪਾਰਟੀ ਦੇ ਸਰਗਰਮ ਆਗੂ ਵਜੋਂ ਉਨ੍ਹਾਂ ਨੇ ਪਹਿਲਾਂ ਵਿਦੇਸ਼ ਅਤੇ ਫਿਰ ਦੇਸ਼ ਦੇ ਅੰਦਰ ਆਜ਼ਾਦੀ ਪ੍ਰਾਪਤ ਕਰਨ ਲਈ ਅਣਥੱਕ ਮਿਹਨਤ ਕੀਤੀ।
ਕੈਬਨਿਟ ਮੰਤਰੀ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਲਈ 10 ਲੱਖ ਰੁਪਏ, ਪਿੰਡ ਸਰਾਭਾ ਦੀ ਸਰਬਸੰਮਤੀ ਨਾਲ ਚੁਣੀ ਗਈ ਪੰਚਾਇਤ ਲਈ 5 ਲੱਖ ਰੁਪਏ, ਮਹਾਨ ਆਜ਼ਾਦੀ ਘੁਲਾਟੀਏ ਦੇ ਜੱਦੀ ਘਰ ਦੀ ਮੁਰੰਮਤ ਅਤੇ ਪਿੰਡ ਦੇ ਵਿਕਾਸ ਲਈ ਵਾਧੂ ਫੰਡ ਦੇਣ ਦਾ ਐਲਾਨ ਕੀਤਾ। ਉਨ੍ਹਾਂ ਪਿੰਡ ਦਾ ਨਾਂ ਸੂਬੇ ਦੇ ਸੈਰ ਸਪਾਟੇ ਦੇ ਨਕਸ਼ੇ ’ਤੇ ਲਿਆਉਣ ਦਾ ਵੀ ਐਲਾਨ ਕੀਤਾ।
‘ਆਪ’ ਦੇ ਸੀਨੀਅਰ ਆਗੂ ਡਾ. ਕੇ.ਐਨ.ਐਸ ਕੰਗ ਨੇ ਸੂਬਾ ਪੱਧਰੀ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਪਿੰਡ ਦੇ ਵਿਕਾਸ ਅਤੇ ਕਲੱਬ ਲਈ ਵਿੱਤੀ ਗ੍ਰਾਂਟਾਂ ਦਾ ਐਲਾਨ ਕਰਨ ਲਈ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਅਤੇ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।
ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਸ੍ਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵੀ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੱਦੀ ਘਰ ਜਾਂ ਕੇ ਅਤੇ ਪਿੰਡ ਦੇ ਮੁੱਖ ਚੌਕ ਵਿੱਚ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਕੈਬਨਿਟ ਮੰਤਰੀ ਨੇ ਫਤਹਿਗੜ੍ਹ ਸਾਹਿਬ ਦੀ ਐਸ.ਐਸ.ਪੀ ਰਵਜੋਤ ਕੌਰ ਗਰੇਵਾਲ ਨੂੰ ਵੀ ਸਨਮਾਨਿਤ ਕੀਤਾ ਜੋ ਪਿੰਡ ਸਰਾਭਾ ਨਾਲ ਸਬੰਧਤ ਹਨ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ, ਸੀਨੀਅਰ ਪੁਲਿਸ ਕਪਤਾਨ ਲੁਧਿਆਣਾ ਦਿਹਾਤੀ ਸ੍ਰੀ ਨਵਨੀਤ ਸਿੰਘ ਬੈਂਸ, ਏ.ਡੀ.ਸੀਜ਼ ਸ੍ਰੀ ਅਮਰਜੀਤ ਬੈਂਸ, ਸ੍ਰੀ ਕੁਲਪ੍ਰੀਤ ਸਿੰਘ, ਐਸ.ਡੀ.ਐਮਜ਼ ਸ੍ਰੀ ਸਿਮਰਦੀਪ ਸਿੰਘ, ਡਾ. ਪੂਨਮਪ੍ਰੀਤ ਕੌਰ, ਸ੍ਰੀ ਪਰਦੀਪ ਸਿੰਘ ਬੈਂਸ, ਸਹਾਇਕ ਕਮਿਸ਼ਨਰ (ਯੂ.ਟੀ) ਮੈਡਮ ਕ੍ਰਿਤਿਕਾ ਗੋਇਲ ਅਤੇ ਹੋਰ ਹਾਜ਼ਰ ਸਨ।
Leave a Reply