ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਧੂਰੀ ਵਿੱਚ ਵੱਖ-ਵੱਖ ਖਾਦ ਡੀਲਰਾਂ ਦੇ ਸਟਾਕ ਦੀ ਕੀਤੀ ਅਚਨਚੇਤ ਜਾਂਚ

ਸੰਗਰੂਰ  (ਪੱਤਰ ਪ੍ਰੇਰਕ )  ਪੰਜਾਬ ਸਰਕਾਰ ਵੱਲੋਂ ਰੱਬੀ ਦੀ ਬਿਜਾਈ ਵਾਸਤੇ ਡੀਏਪੀ ਖਾਦ ਸੂਬੇ ਦੇ ਕਿਸਾਨਾਂ ਨੂੰ ਉਪਲਬਧ ਕਰਵਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਦਿੱਤੇ ਸਖਤ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਵਜੋਂ ਜਿਲ੍ਹਾ ਸੰਗਰੂਰ ਵਿੱਚ ਵੱਖ ਵੱਖ ਥਾਈ ਖਾਦ ਡੀਲਰਾਂ ਦੀ ਚੈਕਿੰਗ ਦਾ ਸਿਲਸਿਲਾ ਜਾਰੀ ਹੈ। ਇਸ ਸਬੰਧ ਵਿੱਚ ਅੱਜ ਮੁੱਖ ਖੇਤੀਬਾੜੀ ਅਫਸਰ ਸੰਗਰੂਰ ਡਾਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਟੀਮ ਨੇ ਧੂਰੀ ਸਬ ਡਿਵੀਜ਼ਨ ਵਿੱਚ ਸਥਿਤ ਵੱਖ-ਵੱਖ ਖਾਦ ਡੀਲਰਾਂ ਦੀਆਂ ਦੁਕਾਨਾਂ ਅਤੇ ਗੁਦਾਮਾਂ ਵਿੱਚ ਡੀਏਪੀ ਖਾਦ ਦੇ ਸਟਾਕ ਦੀ ਚੈਕਿੰਗ ਕੀਤੀ ਅਤੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੇ ਆਦੇਸ਼ ਦਿੱਤੇ।
ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਡੀਏਪੀ ਦੀ ਕਮੀ ਦਾ ਬਹਾਨਾ ਬਣਾ ਕੇ ਕੁਝ ਡੀਲਰਾਂ ਵੱਲੋਂ ਸੂਬੇ ਵਿੱਚ ਡੀਏਪੀ ਦੀ ਨਿਰਧਾਰਿਤ ਕੀਮਤ ਤੋਂ ਵੱਧ ਕੀਮਤ ਵਸੂਲਣ ਦੇ ਯਤਨ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸਰਕਾਰ ਵੱਲੋਂ ਇਸ ਮਸਲੇ ਨੂੰ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ ਅਤੇ ਅਜਿਹੇ ਡੀਲਰਾਂ ਨੂੰ ਸਖਤੀ ਨਾਲ ਠੱਲ੍ਹ ਪਾਉਣ ਦੀ ਹਦਾਇਤ ਕੀਤੀ ਗਈ ਹੈ। ਮੁੱਖ ਖੇਤੀਬਾੜੀ ਅਫਸਰ ਨੇ ਚੈਕਿੰਗ ਦੌਰਾਨ ਸਾਰੇ ਖਾਦ ਡੀਲਰਾਂ ਨੂੰ ਹਦਾਇਤ ਕੀਤੀ ਕਿ ਜੇਕਰ ਜਾਂਚ ਪੜਤਾਲ ਦੌਰਾਨ ਕਿਸੇ ਵੀ ਖਾਦ ਡੀਲਰ ਦੁਆਰਾ ਵੱਧ ਕੀਮਤ ਵਸੂਲ ਕਰਨ, ਬੇਲੋੜੀਆਂ ਵਸਤਾਂ ਦੀ ਟੈਗਿੰਗ ਕਰਨ ਜਾਂ ਕਾਲਾਬਜ਼ਾਰੀ ਕਰਨ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਕਾਨੂੰਨ ਅਨੁਸਾਰ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

Leave a Reply

Your email address will not be published.


*