ਗਲਾਡਾ ਵੱਲੋਂ ਤਿੰਨ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ

ਲੁਧਿਆਣਾ  (    ) – ਗਲਾਡਾ ਵੱਲੋਂ ਜਸਪਾਲ ਬਾਂਗਰ ਵਿਖੇ ਅੱਜ ਤਿੰਨ ਅਣਅਧਿਕਾਰਤ ਕਲੋਨੀਆਂ ‘ਤੇ ਕਾਰਵਾਈ ਕੀਤੀ ਗਈ।

ਮੁੱਖ ਪ੍ਰਸ਼ਾਸਕ ਗਲਾਡਾ ਹਰਪ੍ਰੀਤ ਸਿੰਘ, ਆਈ.ਏ.ਐਸ. ਵੱਲੋਂ ਗੈਰ-ਕਾਨੂੰਨੀ ਕਲੋਨੀਆਂ ‘ਤੇ ਸ਼ਿਕੰਜਾ ਕੱਸਦਿਆਂ ਕਿਹਾ ਕਿ ਅਣਅਧਿਕਾਰਤ ਅਤੇ ਗੈਰ-ਯੋਜਨਾਬੱਧ ਤਰੀਕੇ ਨਾਲ ਕੀਤੀਆਂ ਉਸਾਰੀਆਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਸਪੱਸ਼ਟ ਕੀਤਾ ਕਿ ਗੈਰ-ਕਾਨੂੰਨੀ ਕਲੋਨੀਆਂ ਵਿੱਚ ਸਸਤੇ ਪਲਾਟ ਵੇਚਣ ਦੀ ਆੜ ਵਿੱਚ ਕਾਨੂੰਨੀ ਪ੍ਰਵਾਨਗੀ ਅਤੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਭੋਲੇ-ਭਾਲੇ ਵਸਨੀਕਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।

ਵਧੀਕ ਮੁੱਖ ਪ੍ਰਸ਼ਾਸਕ, ਗਲਾਡਾ ਦੁਆਰਾ ਕਾਰਵਾਈ ਕਰਨ ਲਈ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਦਿਆਂ ਡਿਊਟੀ ਮੈਜਿਸਟ੍ਰੇਟ, ਪੁਲਿਸ ਫੋਰਸ ਅਤੇ ਗਲਾਡਾ ਦੀ ਇਨਫੋਰਸਮੈਂਟ ਟੀਮ ਜਿਸ ਵਿੱਚ ਜ਼ਿਲ੍ਹਾ ਟਾਊਨ ਪਲਾਨਰ (ਰੈਗੂਲੇਟਰੀ), ਸਹਾਇਕ ਟਾਊਨ ਪਲਾਨਰ (ਰੈਗੂਲੇਟਰੀ), ਸਬ-ਡਵੀਜ਼ਨਲ ਇੰਜੀਨੀਅਰ, ਗਲਾਡਾ, ਜੂਨੀਅਰ ਇੰਜੀਨੀਅਰ (ਰੈਗੂਲੇਟਰੀ) ਸ਼ਾਮਲ ਸਨ, ਨੇ ਤਿੰਨ ਅਣਅਧਿਕਾਰਤ ਕਲੋਨੀ ਵਿਰੁੱਧ ਕਾਰਵਾਈ ਕੀਤੀ ਹੈ। ਅੱਜ 28 ਅਕਤੂਬਰ, 2024 ਨੂੰ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜਸਪਾਲ ਬਾਂਗਰ ਵਿਖੇ ਤਿੰਨ ਅਣਅਧਿਕਾਰਤ ਕਲੋਨੀਆਂ ਦੀਆਂ ਸੜਕਾਂ, ਚਾਰਦੀਵਾਰੀ, ਰਸਤਿਆਂ, ਸਟਰੀਟ ਲਾਈਟਾਂ, ਸੀਵਰੇਜ ਦੇ ਮੈਨਹੋਲਾਂ ਅਤੇ ਇਨ੍ਹਾਂ ਥਾਵਾਂ ‘ਤੇ ਹੋਰ ਨਾਜਾਇਜ਼ ਉਸਾਰੀਆਂ ਅਤੇ ਢਾਂਚਿਆਂ ਨੂੰ ਢਹਿ-ਢੇਰੀ ਕੀਤਾ ਗਿਆ।

ਜਦੋਂ ਡਿਵੈਲਪਰਾਂ ਨੂੰ ਨੋਟਿਸ ਦੇਣ ਦੇ ਬਾਵਜੂਦ ਵੀ ਉਨ੍ਹਾਂ ਗੈਰ-ਕਾਨੂੰਨੀ ਉਸਾਰੀ ਦਾ ਕੰਮ ਬੰਦ ਨਹੀਂ ਕੀਤਾ ਤਾਂ ਇਕ ਵਿਸ਼ੇਸ਼ ਟੀਮ ਵੱਲੋਂ ਕਾਰਵਾਈ ਆਰੰਭੀ ਗਈ, ਜੋ ਬਿਨਾਂ ਵਿਰੋਧ ਨੇਪਰੇ ਚੜ੍ਹੀ। ਸ਼ੁਰੂਆਤੀ ਪੜਾਅ ‘ਤੇ ਗੈਰ-ਕਾਨੂੰਨੀ ਕਲੋਨੀਆਂ ਦੀ ਰੋਕਥਾਮ ਲਈ ਗਲਾਡਾ ਆਉਣ ਵਾਲੇ ਹਫ਼ਤਿਆਂ ਵਿੱਚ ਅਜਿਹੀਆਂ ਹੋਰ ਮੁਹਿੰਮਾਂ ਦੀ ਯੋਜਨਾ ਬਣਾ ਰਿਹਾ ਹੈ।

Leave a Reply

Your email address will not be published.


*