ਸੰਗਰੂਰ (ਪੱਤਰਕਾਰ )ਸਾਂਝੇ ਅਧਿਆਪਕ ਮੋਰਚੇ ਵੱਲੋਂ ਮੁੱਖ ਚੋਣ ਅਧਿਕਾਰੀ ਪੰਜਾਬ ਕੋਲ ਚੋਣ ਅਮਲੇ ਦੀ ਸੁਰੱਖਿਆ ਦੀ ਕੀਤੀ ਮੰਗ ਅਤੇ ਅਧਿਆਪਕ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵੱਲੋਂ ਇਸੇ ਸੰਦਰਭ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਡਿਪਟੀ ਕਮਿਸ਼ਨਰਾਂ ਰਾਹੀਂ ਭੇਜੇ ਗਏ ਮੰਗ ਪੱਤਰਾਂ ਦੇ ਕੋਈ ਸਾਰਥਿਕ ਨਤੀਜੇ ਨਹੀਂ ਨਿੱਕਲੇ ,ਸਗੋਂ ਇਸ ਦੇ ਉਲਟ ਪੰਜਾਬ ਦੇ ਕਈ ਪਿੰਡਾਂ ਵਿੱਚ ਪੋਲਿੰਗ ਬੂਥਾਂ ‘ਤੇ ਚੋਣ ਅਮਲੇ ਨੂੰ ਕੁੱਟ -ਮਾਰ ਅਤੇ ਹਿੰਸਾ ਦਾ ਸ਼ਿਕਾਰ ਹੋਣਾ ਪਿਆ।
ਡੀ.ਟੀ.ਐੱਫ. ਦੀ ਸੰਗਰੂਰ ਇਕਾਈ ਦੇ ਪ੍ਰਧਾਨ ਦਾਤਾ ਸਿੰਘ ਨਮੋਲ ਤੇ ਜ਼ਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਵੱਖ-ਵੱਖ ਥਾਵਾਂ ‘ਤੇ ਹੋਈ ਹਿੰਸਾ ਨੂੰ ਪੰਜਾਬ ਸਰਕਾਰ ਦੀ ਘੋਰ ਨਲਾਇਕੀ ਕ਼ਰਾਰ ਦਿੰਦਿਆਂ ਇਸ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਹਾਕਮ ਧਿਰ ਵੱਲੋਂ ਚੋਣਾਂ ਨੂੰ ਲੁੱਟਣ ਲਈ ਹਰ ਹੀਲਾ ਵਰਤਿਆ ਗਿਆ ਹੋਵੇ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਸਮੁੱਚੇ ਬਿਰਤਾਂਤ ਨੂੰ ਪੰਜਾਬ ਸਰਕਾਰ ਦੀ ਗੈਰ-ਜਿੰਮੇਵਾਰਾਨਾ ਪਹੁੰਚ ਕ਼ਰਾਰ ਦਿੰਦਿਆਂ ਕਿਹਾ ਕਿ ਜਥੇਬੰਦੀ ਵੱਲੋਂ ਵਾਰ-ਵਾਰ ਸੁਰੱਖਿਆ ਦੀ ਮੰਗ ਅਤੇ ਵੋਟਾਂ ਦੀ ਗਿਣਤੀ ਚੋਣਾਂ ਤੋਂ ਅਗਲੇ ਦਿਨ ਤਹਿਸੀਲ ਪੱਧਰ ‘ਤੇ ਕਰਨ ਦੀ ਮੰਗ ਨੂੰ ਪੰਜਾਬ ਸਰਕਾਰ ਵੱਲੋਂ ਦਰ-ਕਿਨਾਰ ਕੀਤਾ ਗਿਆ। ਇਸ ਤੋਂ ਇਲਾਵਾ ਚੋਣ ਅਮਲੇ ਲਈ ਪ੍ਰਸ਼ਾਸਨ ਵੱਲੋਂ ਨਾ ਤਾਂ ਖਾਣੇ ਦਾ ਕੋਈ ਇੰਤਜ਼ਾਮ ਕੀਤਾ ਗਿਆ ਅਤੇ ਨਾ ਹੀ ਰਾਤ ਸਮੇਂ ਬਿਸਤਰਿਆਂ ਦਾ ਕੋਈ ਪ੍ਰਬੰਧ ਕੀਤਾ ਗਿਆ। ਅਧਿਆਪਕ ਆਗੂਆਂ ਨੇ ਦੱਸਿਆ ਕਿ ਪੰਜਾਬ ਭਰ ਵਿੱਚੋਂ ਪ੍ਰਾਪਤ ਹੋਈਆਂ ਸੂਚਨਾਵਾਂ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਦਾਖਾ ਵਿਚ ਇੱਟਾਂ-ਰੋੜੇ ਚੱਲੇ। ਇਸੇ ਤਰ੍ਹਾਂ ਮੁਕਤਸਰ ਜ਼ਿਲ੍ਹੇ ਦੇ ਪਿੰਡ ਨਵਾਂ ਰੁਪਾਣਾ ਵਿੱਚ ਵੀ ਚੋਣ ਅਮਲੇ ਨੂੰ ਬੜੀ ਮੁਸ਼ੱਕਤ ਤੋਂ ਬਾਅਦ ਬਾਹਰ ਲਿਆਂਦਾ ਗਿਆ। ਮਾਝੇ ਵਿੱਚ ਵੱਡੇ ਪੱਧਰ ‘ਤੇ ਹਿੰਸਾ ਹੋਈ।
ਆਗੂਆਂ ਨੇ ਕਿਹਾ ਕਿ ਇਹਨਾਂ ਘਟਨਾਵਾਂ ਕਾਰਨ ਪੰਜਾਬ ਦੇ ਮੁਲਾਜ਼ਮਾਂ ਵਿੱਚ ਭਵਿੱਖੀ ਚੋਣ ਡਿਊਟੀ ਨੂੰ ਲੈ ਕੇ ਚਿੰਤਾ, ਭੈਅ ਅਤੇ ਬੇਚੈਨੀ ਦਾ ਮਾਹੌਲ ਹੈ ਅਤੇ ਉਹ ਸਮਝ ਰਹੇ ਹਨ ਕਿ ਭਵਿੱਖ ਵਿੱਚ ਉਹਨਾਂ ਨਾਲ ਵੀ ਅਜਿਹੀ ਅਣਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਸ ਵਿੱਚ ਉਹਨਾਂ ਦੀ ਜਾਨ ਤੱਕ ਜਾ ਸਕਦੀ ਹੈ। ਆਗੂਆਂ ਨੇ ਕਿਹਾ ਕਿ ਮੁਲਾਜ਼ਮਾਂ ਦੁਆਰਾ ਅਜਿਹਾ ਸੋਚਣਾ ਪੰਜਾਬ ਸਰਕਾਰ ਲਈ ਸ਼ਰਮ ਦੀ ਗੱਲ ਹੈ। ਅਧਿਆਪਕ ਆਗੂਆਂ ਨੇ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਭਵਿੱਖ ਵਿੱਚ ਪੰਚਾਇਤੀ ਚੋਣਾਂ ਸਮੇਂ ਹਰੇਕ ਪੋਲਿੰਗ ਬੂਥ ਉੱਤੇ ਪੰਜ ਸੁਰੱਖਿਆ ਕਰਮੀ ਤਾਇਨਾਤ ਕੀਤੇ ਜਾਣ, ਚੋਣ ਅਮਲੇ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਮਿਸਾਲੀ ਸਜ਼ਾਵਾਂ ਦਿੱਤੀਆਂ ਜਾਣ, ਹਿੰਸਾ ਦਾ ਸ਼ਿਕਾਰ ਹੋਏ ਚੋਣ ਅਧਿਕਾਰੀਆਂ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਵੋਟਾਂ ਦੀ ਗਿਣਤੀ ਮੌਕੇ ‘ਤੇ ਨਾ ਕਰਕੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅਗਲੇ ਦਿਨ ਤਹਿਸੀਲ ਪੱਧਰ ‘ਤੇ ਕਰਕੇ ਹੀ ਨਤੀਜੇ ਐਲਾਨੇ ਜਾਣ।
Leave a Reply