ਭਵਾਨੀਗੜ੍ਹ (ਮਨਦੀਪ ਕੌਰ ਮਾਝੀ ) ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਦੀ ਆਰਥਿਕ ਮੰਦਹਾਲੀ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਮ ਲਿਖੀ ਚਿੱਠੀ ਵਿੱਚ ਖੰਨਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਦੀ ਸਹੂਲਤ ਲਈ ਆਯੂਸ਼ਮਾਨ ਭਾਰਤ ਸਿਹਤ ਯੋਜਨਾ ਤਹਿਤ ਕੇਂਦਰ ਵੱਲੋਂ ਭੇਜੇ ਜਾਂਦੇ 500 ਕਰੋੜ ਦੇ ਫੰਡਾਂ ਦੀ ਦੁਰਵਰਤੋਂ ਕੀਤੀ ਗਈ ਹੈ, ਜਿਸ ਦਾ ਜਵਾਬ ਪੰਜਾਬ ਦੇ ਲੋਕ ਮੰਗ ਰਹੇ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਲਈ ਇਸ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਹੋਰ ਕੀ ਹੋਵੇਗੀ ਕਿ ਇਸ ਮਾਮਲੇ ਨੂੰ ਲੈ ਕੇ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਨੋਟਿਸ ਲੈਣਾ ਪਿਆ ਹੈ ਅਤੇ ਸਰਕਾਰ ਨੂੰ ਹਦਾਇਤ ਕਰਨੀ ਪਈ ਹੈ ਕਿ ਉਹ ਇਨ੍ਹਾਂ ਫੰਡਾਂ ਦੇ ਖਰਚ ਸਬੰਧੀ ਹਲਫੀਆ ਬਿਆਨ ਦੇਵੇ ਉਨ੍ਹਾਂ ਮੁੱਖ ਮੰਤਰੀ ਨੂੰ ਪੁੱਛਿਆ ਕਿ ਉਹ ਸਪੱਸ਼ਟ ਕਰਨ ਕਿ ਉਨ੍ਹਾਂ ਨੇ ਕਮਜ਼ੋਰ ਆਰਥਿਕ ਸਥਿਤੀ ਦੇ ਚੱਲਦਿਆਂ ਇਸ਼ਤਿਹਾਰਬਾਜ਼ੀ ‘ਤੇ ਬੇਲੋੜਾ ਖਰਚ ਕਿਉਂ ਕੀਤਾ? ਉਨ੍ਹਾਂ ਕਿਹਾ ਕਿ ਸਰਕਾਰ ਇਹ ਵੀ ਸਪੱਸ਼ਟ ਕਰੇ ਕਿ ਆਪਣੇ ਮੰਤਰੀਆਂ, ਵਿਧਾਇਕਾਂ ਅਤੇ ਅਫ਼ਸਰਾਂ ਦੀਆਂ ਰਿਹਾਇਸ਼ਾਂ ਦੇ ਸੁੰਦਰੀਕਰਨ ਲਈ ਪੈਸੇ ਕਿਸ ਫੰਡ ਵਿੱਚੋਂ ਖਰਚ ਕੀਤੇ ਗਏ ਹਨ ? ਇਸ ਤਰ੍ਹਾਂ ਹੀ ਨਵੀਂਆਂ ਗੱਡੀਆਂ ‘ਤੇ ਫਾਲਤੂ ਦਾ ਖਰਚ ਕਰਨ ਦੀ ਕੀ ਜ਼ਰੂਰਤ ਪੈ ਗਈ ਸੀ।
ਉਨ੍ਹਾਂ ਕਿਹਾ ਕਿ ਸਮਾਜ ਭਲਾਈ ਲਈ ਆਈਆਂ ਸਕੀਮਾਂ ਦੇ ਫੰਡਾਂ ਦੀ ਵੀ ਸਰਕਾਰ ਵੱਲੋਂ ਦੁਰਵਰਤੋਂ ਕੀਤੀ ਜਾ ਰਹੀ ਹੈ।ਇਸ ਤਰ੍ਹਾਂ ਹੀ ਕਾਨੂੰਨੀ ਕੇਸਾਂ ‘ਤੇ ਕੀਤੇ ਜਾ ਰਹੇ ਖਰਚਿਆਂ ਦਾ ਹਿਸਾਬ ਵੀ ਸਰਕਾਰ ਵੱਲੋਂ ਜਨਤਕ ਕੀਤਾ ਜਾਣਾ ਚਾਹੀਦਾ ਹੈ। ਖੰਨਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਸਰਕਾਰ ਹੋਵੇਗੀ ਜਿਸ ਦੀਆਂ ਨਾਕਾਮੀਆਂ ਨੇ ਪੂਰੇ ਸੂਬੇ ਦਾ ਸਿਰ ਸ਼ਰਮ ਨਾਲ ਝੁਕਾ ਕੇ ਰੱਖ ਦਿੱਤਾ ਹੈ ਅਖੀਰ ਵਿਚ ਖੰਨਾ ਨੇ ਕਿਹਾ ਕਿ ਗਰੀਬ ਅਤੇ ਆਮ ਲੋਕਾਂ ਨੂੰ ਸਿਹਤ ਸਹੂਲਤ ਲਈ ਭਾਰਤ ਸਰਕਾਰ ਦੀ ਆਯੁਸ਼ਮਾਨ ਸਕੀਮ ਦਾ ਪੰਜਾਬ ਵਿੱਚ ਬੰਦ ਹੋ ਜਾਣਾ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਨਾਕਾਮੀ ਹੈ, ਜਿਸ ਦੇ ਚਲਦਿਆਂ ਹਸਪਤਾਲਾਂ ਵਿੱਚ ਇਲਾਜ ਤੋਂ ਵਾਂਝੇ ਰਹਿ ਚੁੱਕੇ ਲੱਖਾਂ ਗ਼ਰੀਬ ਮਰੀਜ਼ਾਂ ਅਤੇ ਉਹਨਾਂ ਦੇ ਤੀਮਾਰਦਾਰਾਂ ਨੂੰ ਪੰਜਾਬ ਸਰਕਾਰ ਦੀ ਨਾਲਾਇਕੀ ਕਾਰਨ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ
Leave a Reply