ਪਰਮਜੀਤ ਸਿੰਘ, ਜਲੰਧਰ
ਅਮਰੀਕਾ ਜਾਣ ਵਾਲੇ ਭਾਰਤੀਆਂ ਲਈ ਚੰਗੀ ਖ਼ਬਰ ਹੈ। ਭਾਰਤ ਵਿਚ ਅਮਰੀਕੀ ਦੂਤਘਰ ਨੇ ਐਲਾਨ ਕੀਤਾ ਹੈ ਕਿ ਸੈਲਾਨੀਆਂ, ਮਾਹਰ ਕਾਮਿਆਂ ਤੇ ਵਿਦਿਆਰਥੀਆਂ ਸਣੇ ਭਾਰਤੀ ਯਾਤਰੀਆਂ ਲਈ ਵਾਧੂ ਢਾਈ ਲੱਖ ਵੀਜ਼ਾ ਅਪਵਾਇੰਟਮੈਂਟਾਂ ਖੋਲ੍ਹੀਆਂ ਗਈਆਂ ਹਨ। ਭਾਰਤ ਵਿਚ ਅਮਰੀਕੀ ਮਿਸ਼ਨ ਨੇ ਕਿਹਾ ਕਿ ਹਾਲ ਹੀ ਵਿਚ ਜਾਰੀ ਨਵੇਂ ਸਲਾਟ ਨਾਲ ਲੱਖਾਂ ਭਾਰਤੀ ਬਿਨੈਕਾਰਾਂ ਨੂੰ ਸਮੇਂ ’ਤੇ ਇੰਟਰਵਿਊ ਵਿਚ ਮਦਦ ਮਿਲੇਗੀ, ਜਿਸ ਨਾਲ ਯਾਤਰਾ ਵਿਚ ਉਨ੍ਹਾਂ ਨੂੰ ਸੌਖ ਹੋਵੇਗੀ। ਭਾਰਤੀ ਮਿਸ਼ਨ ਨੇ ਲਗਾਤਾਰ ਦੂਜੇ ਸਾਲ ਦਸ ਲੱਖ ਗ਼ੈਰ-ਪਰਵਾਸੀ ਵੀਜ਼ਾ ਬਿਨੈਕਾਰਾਂ ਨੂੰ ਪਾਰ ਕਰ ਲਿਆ ਹੈ।
ਬਿਆਨ ਵਿਚ ਕਿਹਾ ਗਿਆ ਹੈ ਕਿ ਵਿਦਿਆਰਥੀ ਵੀਜ਼ਾ ਸੀਜ਼ਨ ਦੌਰਾਨ ਅਸੀਂ ਰਿਕਾਰਡ ਗਿਣਤੀ ਵਿਚ ਪ੍ਰਕਿਰਿਆ ਜਾਰੀ ਰੱਖੀ ਅਤੇ ਪਹਿਲੀ ਵਾਰ ਵਿਦਿਆਰਥੀ ਭਾਰਤ ਭਰ ਵਿਚ ਸਾਡੇ ਪੰਜ ਕੌਂਸਲਰ ਸੈਕਸ਼ਨਾਂ ਵਿਚੋਂ ਇਕ ’ਚ ਅਪਵਾਇੰਟਮੈਂਟ ਪ੍ਰਾਪਤ ਕਰਨ ਵਿਚ ਸਮਰੱਥ ਸਨ। ਹੁਣ ਅਸੀਂ ਪਰਿਵਾਰਾਂ ਨੂੰ ਨਾਲ ਲਿਆਉਣ, ਕਾਰੋਬਾਰਾਂ ਨੂੰ ਜੋੜਨ ਤੇ ਸੈਰ-ਸਪਾਟੇ ਨੂੰ ਸਹੂਲਤਾਂ ਵਾਲਾ ਬਣਾਉਣ ’ਤੇ ਧਿਆਨ ਕੇਂਦਰਿਤ ਕਰ ਰਹੇ ਹਾਂ।
ਸਾਲ 2024 ਵਿਚ ਹੁਣ ਤੱਕ 12 ਲੱਖ ਤੋਂ ਵੱਧ ਭਾਰਤੀਆਂ ਨੇ ਅਮਰੀਕਾ ਦੀ ਯਾਤਰਾ ਕੀਤੀ ਹੈ, ਜੋ 2023 ਦੇ ਇਸੇ ਸਮੇਂ ਦੀ ਤੁਲਨਾ ਵਿਚ 35 ਫ਼ੀਸਦੀ ਵੱਧ ਹੈ। ਅਮਰੀਕੀ ਮਿਸ਼ਨ ਮੁਤਾਬਕ, ਘੱਟ ਤੋਂ ਘੱਟ 60 ਲੱਖ ਭਾਰਤੀਆਂ ਕੋਲ ਪਹਿਲਾਂ ਤੋਂ ਹੀ ਅਮਰੀਕਾ ਜਾਣ ਲਈ ਗ਼ੈਰ-ਪਰਵਾਸੀ ਵੀਜ਼ਾ ਹੈ ਅਤੇ ਹਰ ਦਿਨ, ਇਹ ਹਜ਼ਾਰਾਂ ਹੋਰ ਲੋਕਾਂ ਨੂੰ ਜਾਰੀ ਕੀਤਾ ਜਾ ਰਿਹਾ ਹੈ। ਦੂਤਘਰ ਨੇ ਕਿਹਾ ਕਿ ਭਾਰਤ ਨਾਲ ਭਾਈਵਾਲੀ ਇਤਿਹਾਸ ਵਿਚ ਕਿਸੇ ਵੀ ਸਮੇਂ ਦੀ ਤੁਲਨਾ ਵਿਚ ਵੱਧ ਮਜ਼ਬੂਤ, ਕਰੀਬੀ ਤੇ ਵੱਧ ਗਤੀਸ਼ੀਲ ਹੈ। ਅਮਰੀਕੀ ਸੈਨੇਟ ਨੇ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ 30 ਸਤੰਬਰ ਨੂੰ ਯੂਐੱਸ-ਇੰਡੀਆ ਪਾਰਟਨਰਸ਼ਿਪ ਡੇਅ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ।
Leave a Reply