ਐਮਪੀ ਸੰਜੀਵ ਅਰੋੜਾ ਨੇ ਪੰਜਾਬ ਵਿੱਚ ਉਦਯੋਗਾਂ ਨੂੰ ਦਰਪੇਸ਼ ਪ੍ਰਮੁੱਖ ਚੁਣੌਤੀਆਂ ਲਈ ਉਦਯੋਗ ਨੂੰ ਲਗਾਤਾਰ ਸਮਰਥਨ ਦੇਣ ਦਾ ਦਿੱਤਾ ਭਰੋਸਾ

ਲੁਧਿਆਣਾ ///////: ਬੁੱਧਵਾਰ ਨੂੰ ਇੱਥੇ ਯੂਨਾਈਟਿਡ ਸਾਈਕਲ ਪਾਰਟਸ ਐਂਡ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂ.ਸੀ.ਪੀ.ਐਮ.ਏ.) ਦੀ 56ਵੀਂ ਏ.ਜੀ.ਐਮ ਨੂੰ ਸੰਬੋਧਨ ਕਰਦਿਆਂ ਲੁਧਿਆਣਾ ਦੇ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਨੇ ਉਦਯੋਗਪਤੀਆਂ ਨੂੰ ਸੂਬਾ ਸਰਕਾਰ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਦੀ ਅਪੀਲ ਕੀਤੀ, ਜਿਸ ਨੇ ਸੱਤਾ ‘ਚ ਆਉਣ ਤੋਂ ਬਾਅਦ ਇੰਡਸਟਰੀ ਲਈ ਬਹੁਤ ਕੁਝ ਕੀਤਾ ਹੈ।

ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਰੋੜਾ ਨੇ ਕਿਹਾ ਕਿ ਉਦਯੋਗਪਤੀਆਂ ਨੂੰ ਆਪਣੀਆਂ ਸ਼ਿਕਾਇਤਾਂ ਅਤੇ ਸਮੱਸਿਆਵਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ, ਪਰ ਇਸ ਦੇ ਨਾਲ ਹੀ ਉਨ੍ਹਾਂ ਨੂੰ ਪੰਜਾਬ ਦੀ ਸੱਤਾਧਾਰੀ ਸੂਬਾ ਸਰਕਾਰ ਵੱਲੋਂ ਉਦਯੋਗ ਦੀ ਬਿਹਤਰੀ.ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਵਿੱਚ ਕੀਤੇ ਜਾ ਰਹੇ ਕੰਮਾਂ ਦੀ ਵੀ ਸ਼ਲਾਘਾ ਕਰਨੀ ਚਾਹੀਦੀ ਹੈ।

ਅਰੋੜਾ ਨੇ ਕਿਹਾ ਕਿ ਕਈ ਕੰਮ ਜਾਂ ਤਾਂ ਮੁਕੰਮਲ ਹੋ ਚੁੱਕੇ ਹਨ ਜਾਂ ਚੱਲ ਰਹੇ ਹਨ। ਫਿਰ ਵੀ ਉਹ ਕੇਂਦਰ ਅਤੇ ਸੂਬਾ ਸਰਕਾਰ ਦੇ ਪੱਧਰ ‘ਤੇ ਕਈ ਮੁੱਦੇ ਉਠਾ ਰਹੇ ਹਨ। ਹਲਵਾਰਾ ਏਅਰਪੋਰਟ ਤੋਂ ਸ਼ੁਰੂ ਹੋ ਕੇ, ਜੋ ਕਿ ਮੁਕੰਮਲ ਹੋ ਚੁੱਕਿਆ ਹੈ ਅਤੇ ਵਪਾਰਕ ਉਡਾਣਾਂ ਸ਼ੁਰੂ ਕਰਨ ਲਈ ਅੰਤਿਮ ਪ੍ਰਵਾਨਗੀ ਦੀ ਉਡੀਕ ਕਰ ਰਿਹਾ ਹੈ, ਉਨ੍ਹਾਂ ਨੇ ਐਲੀਵੇਟਿਡ ਰੋਡ, ਫੋਕਲ ਪੁਆਇੰਟਾਂ ‘ਤੇ ਸੜਕਾਂ ਦੇ ਮੁੜ ਨਿਰਮਾਣ ਕਰਨ, ਢੰਡਾਰੀ ਕਲਾਂ ਰੇਲਵੇ ਸਟੇਸ਼ਨ ਤੋਂ ਐਸ.ਪੀ.ਐਸ ਹਸਪਤਾਲ ਤੱਕ ਸੜਕਾਂ ਅਤੇ ਡਰੇਨਾਂ ਦੀ ਮੁੜ ਉਸਾਰੀ ਅਤੇ ਈਐਸਆਈ ਹਸਪਤਾਲ ਵਿੱਚ ਆਈਸੀਯੂ ਦੀ ਸਥਾਪਨਾ ਸਾਹਿਤ ਪ੍ਰੋਜੈਕਟਾਂ ਦੇ ਮੁਕੰਮਲ ਹੋਣ ਦੀ ਜਾਣਕਾਰੀ ਦਿੱਤੀ।  ਇਸ ਤੋਂ ਇਲਾਵਾ ਉਹ ਲੁਧਿਆਣਾ ਅਤੇ ਢੰਡਾਰੀ ਰੇਲਵੇ ਸਟੇਸ਼ਨ ਨੂੰ ਅਪਗ੍ਰੇਡ ਕਰਨ, 21 ਕਿਲੋਮੀਟਰ ਲੰਬੇ ਸਾਈਕਲ ਟ੍ਰੈਕ, ਸਿੱਧਵਾਂ ਨਹਿਰ ‘ਤੇ ਚਾਰ ਪੁਲ ਬਣਾਉਣ, ਈਐਸਆਈ ਹਸਪਤਾਲ ਨੂੰ ਅਪਗ੍ਰੇਡ ਕਰਨ, ਸਿਵਲ ਹਸਪਤਾਲ ਲੁਧਿਆਣਾ ਦਾ ਨਵੀਨੀਕਰਨ ਆਦਿ ਕੰਮਾਂ ਨੂੰ ਨੇਪਰੇ ਚਾੜ੍ਹਨ ਲਈ ਸਖ਼ਤ ਮਿਹਨਤ ਕਰ ਰਹੇ ਹਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਇੰਡਸਟਰੀ ਦੇ ਕਈ ਮੁੱਦਿਆਂ ਨੂੰ ਹੱਲ ਕੀਤਾ ਹੈ। ਉਨ੍ਹਾਂ ਨੇ ਸਾਈਕਲਾਂ ‘ਤੇ ਜੀਐਸਟੀ ਘਟਾਉਣ ਦਾ ਮੁੱਦਾ ਵੀ ਉਠਾਇਆ ਹੈ। ਐਲੀਵੇਟਿਡ ਰੋਡ ਦੇ ਨਾਲ ਪਾਰਕਿੰਗ ਸਲਾਟਾਂ ਦਾ ਪ੍ਰਸਤਾਵ ਵੀ ਐਨ ਐਚ ਏ ਆਈ ਦੇ ਵਿਚਾਰ ਅਧੀਨ ਹੈ।
ਐਮਐਸਐਮਈ ਯੂਨਿਟਾਂ ਦੀਆਂ ਅਦਾਇਗੀਆਂ ਵਿੱਚ ਦੇਰੀ ਦੇ ਮੁੱਦੇ ‘ਤੇ ਬੋਲਦਿਆਂ ਅਰੋੜਾ ਨੇ ਕਿਹਾ ਕਿ ਉਹ ਇਹ ਮਾਮਲਾ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਕੋਲ ਉਠਾਉਣਗੇ ਤਾਂ ਜੋ ਜਲਦੀ ਤੋਂ ਜਲਦੀ ਸਬੰਧਤ ਅਧਿਕਾਰੀਆਂ ਦੀ ਮੀਟਿੰਗ ਕੀਤੀ ਜਾ ਸਕੇ। ਪੀ.ਐਸ.ਆਈ.ਈ.ਸੀ. ਅਤੇ ਫੇਜ਼-8 ਸਬੰਧੀ ਉਦਯੋਗ ਵੱਲੋਂ ਉਠਾਏ ਗਏ ਮੁੱਦਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਭਵਿੱਖ ਵਿੱਚ ਇਨ੍ਹਾਂ ਮੁੱਦਿਆਂ ਦੇ ਹੱਲ ਲਈ ਹਰ ਸੰਭਵ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਮਹੀਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਪੀ.ਐਸ.ਈ.ਆਰ.ਸੀ. ਦੇ ਚੇਅਰਮੈਨ ਕੋਲ ਮੁੱਦਾ ਉਠਾਉਣ ਤੋਂ ਬਾਅਦ ਪੀ.ਐਸ.ਪੀ.ਸੀ.ਐਲ ਨੇ ਉਦਯੋਗ ਅਤੇ ਹੋਰਾਂ ਲਈ ਓ.ਟੀ.ਐਸ ਸਕੀਮ ਸ਼ੁਰੂ ਕੀਤੀ ਹੈ।

ਸਾਹਨੇਵਾਲ ਤੋਂ ਸ਼ੇਰਪੁਰ ਤੱਕ ਐਲੀਵੇਟਿਡ ਰੋਡ ਬਣਾਉਣ ਦੀ ਮੰਗ ਦੇ ਸਬੰਧ ਵਿੱਚ ਅਰੋੜਾ ਨੇ ਕਿਹਾ ਕਿ ਐਲੀਵੇਟਿਡ ਰੋਡ ਦਾ ਨਿਰਮਾਣ ਸੰਭਵ ਨਹੀਂ ਹੈ, ਫਿਰ ਵੀ ਅੰਡਰਪਾਸ ਦਾ ਪ੍ਰਸਤਾਵ ਐਨ.ਐਚ.ਏ.ਆਈ. ਅੱਗੇ ਰੱਖਿਆ ਜਾਵੇਗਾ।

ਉਨ੍ਹਾਂ ਭਰੋਸਾ ਦਿੱਤਾ ਕਿ ਬੈਂਕ ਕਰਜ਼ਿਆਂ ’ਤੇ ਰਜਿਸਟਰੇਸ਼ਨ ਫੀਸ ਨਾਲ ਸਬੰਧਤ ਸਨਅਤ ਦਾ ਮਸਲਾ ਉਚਿਤ ਅਥਾਰਟੀ ਕੋਲ ਉਠਾਇਆ ਜਾਵੇਗਾ। ਉਨ੍ਹਾਂ ਉਦਯੋਗਾਂ ਨੂੰ ਅਪੀਲ ਕੀਤੀ ਕਿ ਉਹ ਰਾਜ ਸਰਕਾਰ ਵੱਲੋਂ ਸ਼ੁਰੂ ਕੀਤੇ ਕੈਂਸਰ ਸੈੱਸ ਨੂੰ ਵਾਪਸ ਲੈਣ ਦੀ ਮੰਗ ਨਾ ਕਰਨ ਕਿਉਂਕਿ ਇਹ ਸੈੱਸ ਪੀੜਤ ਮਨੁੱਖਤਾ ਦੀ ਭਲਾਈ ਲਈ ਲਗਾਇਆ ਗਿਆ ਹੈ।

ਅਰੋੜਾ ਨੇ ਸਪੱਸ਼ਟ ਕਿਹਾ ਕਿ ਉਹ ਇੰਡਸਟਰੀ ਨੂੰ ਸੇਵਾਵਾਂ ਦੇਣ ਲਈ ਹਮੇਸ਼ਾ ਤਿਆਰ ਹਨ। ਉਨ੍ਹਾਂ ਨੇ ਇੰਡਸਟਰੀ ਨੂੰ ਉਨ੍ਹਾਂ ਦੇ ਬਕਾਇਆ ਮੁੱਦਿਆਂ ਅਤੇ ਸ਼ਿਕਾਇਤਾਂ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਕਿਹਾ।

Leave a Reply

Your email address will not be published.


*