ਮਾਲਵਿੰਦਰ ਮਾਲੀ ਅਤੇ ਪਟਿਆਲੇ ਦੇ ਪੱਤਰਕਾਰਾਂ ਖਿਲਾਫ਼ ਕੇਸ ਦਰਜ ਕਰਨ ਦੀ ਕੀਤੀ ਸਖ਼ਤ ਨਿਖੇਧੀ 

ਹੁਸ਼ਿਆਰਪੁਰ,  ( ਤਰਸੇਮ ਦੀਵਾਨਾ )
 ਦਿ ਵਰਕਿੰਗ ਰਿਪੋਰਟਰਜ਼ ਐਸੋਸੀਏਸ਼ਨ (ਰਜਿ:)ਪੰਜਾਬ ਆਫ ਇੰਡੀਆ ਦੇ ਸੂਬਾ ਪ੍ਰਧਾਨ ਬਲਵੀਰ ਸਿੰਘ ਸੈਣੀ ਨੇ ਪਟਿਆਲੇ ਦੇ ਪੱਤਰਕਾਰਾਂ ਦੇ ਨਾਲ ਨਾਲ ਹਾਲ ਹੀ ਵਿੱਚ ਮਾਲਵਿੰਦਰ ਸਿੰਘ ਮਾਲੀ ਪੱਤਰਕਾਰ ਦੇ ਖਿਲਾਫ ਦਰਜ ਕੀਤੇ ਗਏ ਕੇਸ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਲੋਕਤੰਤਰ ਦੇ ਚੌਥੇ ਥੰਮ ਉੱਪਰ ਹਮਲਾ ਕਰਾਰ ਦਿੰਦੇ ਹੋਏ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਮਾਲਵਿੰਦਰ ਮਾਲੀ ਸਮੇਤ ਮੋਹਾਲੀ ਵਿਖੇ ਸਮੂਹ ਪੱਤਰਕਾਰਾਂ ਵਿਰੁੱਧ ਦਰਜ ਕੀਤੇ ਝੂਠੇ ਪੁਲਿਸ ਪਰਚਿਆਂ ਨੂੰ ਤੁਰੰਤ ਰੱਦ ਕੀਤਾ ਜਾਵੇ
। ਉਹਨਾਂ ਦਸਿਆ ਕਿ ਸਮੁੱਚੇ ਪੰਜਾਬ ਵਿੱਚ ਭੂ ਮਾਫੀਏ, ਠੱਗ ਟਰੈਵਲ ਏਜੰਟਾਂ, ਖਨਨ ਮਾਫੀਆ, ਡਰੱਗ ਮਾਫੀਆ, ਗੈਂਗਸਟਰ ਮਾਫੀਆ, ਭਰਿਸ਼ਟ ਅਧਿਕਾਰੀ ਮਾਫੀਆ ਅਤੇ ਭ੍ਰਿਸ਼ਟ ਤੇ ਬੇਈਮਾਨ ਰਾਜਨੀਤਿਕ ਮਾਫੀਆ ਦੀ ਸ਼ਹਿ ਤੇ ਮਿਲੀਭੁਗਤ ਨਾਲ ਸੱਚੀ ਸੁੱਚੀ ਪੱਤਰਕਾਰੀ ਕਰ ਰਹੇ ਪੱਤਰਕਾਰਾਂ ਵਿਰੁੱਧ ਝੂਠੇ ਪਰਚੇ ਦਰਜ ਕਰਕੇ ਲੋਕਤੰਤਰ ਦੇ ਚੌਥੇ ਥੰਮ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਪੁਲਿਸ ਤੇ ਦੋਸ਼ ਲਾਇਆ ਕਿ ਕੁਝ ਪੁਲਿਸ ਅਧਿਕਾਰੀਆਂ ਨੂੰ ਛੱਡ ਕੇ ਬਹੁ ਗਿਣਤੀ ਪੁਲਿਸ ਮੁਲਾਜ਼ਮ ਉਪਰੋਕਤ ਮਾਫੀਆ ਦੇ ਸਰਗਣਿਆਂ ਤੋਂ ਮੋਟੀ ਮਾਇਆ ਦੇ ਗੱਫੇ ਪ੍ਰਾਪਤ ਕਰਕੇ ਜਿੱਥੇ ਉਹਨਾਂ ਦੇ ਗਲਤ ਕੰਮਾਂ ਦੀ ਪੁਸ਼ਤ ਪਨਾਹੀ ਕਰਦੇ ਹਨ ਉੱਥੇ ਇਹਨਾਂ ਦੇ ਕਾਲੇ ਕਾਰਨਾਮਿਆਂ ਦਾ ਪਰਦਾਫਾਸ਼ ਕਰਨ ਵਾਲੇ ਮੀਡੀਆ ਕਰਮੀਆਂ ਖਿਲਾਫ਼ ਕਿਸੇ ਕਾਰਨ ਤੋਂ ਪਰਚੇ ਦਰਜ ਕਰਕੇ ਪ੍ਰੈੱਸ ਦੀ ਆਵਾਜ਼ ਬੰਦ ਕਰਨ ਤੇ ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਭ੍ਰਿਸ਼ਟ ਪੁਲਸ ਅਫਸਰਾਂ, ਟਰੈਵਲ ਏਜੰਟਾ, ਭੂ ਮਾਫੀਆ, ਖਨਨ ਮਾਫੀਆ, ਭਰਿਸ਼ਟ ਅਧਿਕਾਰੀਆਂ ਅਤੇ ਭ੍ਰਿਸ਼ਟ ਰਾਜਨੀਤਿਕ ਲੋਕਾਂ ਵੱਲੋਂ ਲੋੜ ਤੋਂ ਵੱਧ ਬਣਾਈ ਜਾਇਦਾਦ ਦੀ ਨਿਰਪੱਖ ਜਾਂਚ ਕਰਾਈ ਜਾਵੇ ਤਾਂ ਕਿ ਗੈਰਕਾਨੂੰਨੀ ਦੌਲਤ ਦੇ ਦਮ ‘ਤੇ ਫੈਲਾਈ ਜਾ ਰਹੀ ਅਰਾਜਕਤਾ ਨੂੰ ਠੱਲ ਪਾਈ ਜਾ ਸਕੇ। ਉਹਨਾਂ ਕਿਹਾ ਕਿ ਮੋਹਾਲੀ ਦੀ ਤਰ੍ਹਾਂ ਪੰਜਾਬ ਅੰਦਰ ਹੋਰ ਕਈ ਸ਼ਹਿਰਾਂ ਵਿੱਚ ਪੱਤਰਕਾਰਾਂ ਤੇ ਇਸੇ ਤਰ੍ਹਾਂ ਹੀ ਝੂਠੇ ਪਰਚੇ ਦਰਜ ਕੀਤੇ ਗਏ ਹਨ। ਪੰਜਾਬ ਪੁਲਿਸ ਵੱਲੋਂ ਝੂਠੇ ਪਰਚੇ ਦਰਜ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਉਨਾਂ ਪੰਜਾਬ ਦੇ ਸਮੂਹ ਪੱਤਰਕਾਰ ਕਲੱਬਾਂ ਅਤੇ ਪੱਤਰਕਾਰ ਜਥੇਬੰਦੀਆਂ ਦੇ ਆਗੂਆਂ ਨੂੰ ਅਪੀਲ ਕੀਤੀ ਕਿ ਆਓ ਸਾਰੇ ਇੱਕ ਪਲੇਟਫਾਰਮ ਤੇ ਜਥੇਬੰਦ ਹੋ ਕੇ ਸਾਂਝਾ ਫਰੰਟ ਬਣਾਈਏ ਤਾਂ ਜੋ ਪੱਤਰਕਾਰਾਂ ਦੀ ਸੁਰੱਖਿਆ ਅਤੇ ਨਜਾਇਜ਼ ਪਰਚਿਆਂ ਨੂੰ ਰੱਦ ਕਰਾਉਣ ਲਈ ਸਾਂਝੇ ਸੁਹਿਰਦ ਯਤਨ ਕੀਤੇ ਜਾ ਸਕਣ।

Leave a Reply

Your email address will not be published.


*