ਰਾਜਪਾਲ ਕੌਰ
ਜਦੋਂ ਕਦੇ ਵੀ ਸਮਾਜ ਵਿਚ ਨਿਰਦੋਸ਼ਾਂ ਅਤੇ ਮਜ਼ਲੂਮਾਂ ਨੂੰ ਸਤਾਇਆ ਗਿਆ, ਉਹਨਾਂ ਉੱਤੇ ਜਬਰ, ਜ਼ੁਲਮ ਅਤੇ ਅਤਿਆਚਾਰ ਕੀਤੇ ਗਏ ਜਾਂ ਧਰਮ ਉੱਤੇ ਕਾਲੇ ਬੱਦਲ ਮੰਡਰਾਏ, ਕੁਝ ਮਹਾਨ ਅਵਤਾਰ, ਕਦੇ ਸਤਿਗੁਰੂ ਰੂਪ ਬਣ ਕੇ, ਕਦੇ ਉਹਨਾਂ ਦੇ ਮਹਾਨ ਸਿੱਖ ਅਤੇ ਸੂਰਮੇ ਬਣ ਕੇ ਦੁਸ਼ਟਾਂ ਦਾ ਸੰਘਾਰ ਕਰਨ ਲਈ ਅਤੇ ਆਪਾ ਵਾਰਨ ਲਈ ਤਿਆਰ ਹੋ ਗਏ।ਗੁਰੂ ਸਾਹਿਬਾਨਾਂ ਦੁਆਰਾ ਸਾਜੇ ਹੋਏ ਮਹਾਨ ਗੁਰਸਿੱਖਾਂ ਨੇ ਗੁਰਬਾਣੀ ਦੇ ਮਹਾਵਾਕਾਂ ਨੂੰ ਅਮਲੀ ਰੂਪ ਦੇ ਕੇ ਮਹਾਨ ਮਿਸਾਲਾਂ ਕਾਇਮ ਕੀਤੀਆਂ।
ਗੁਰੂ ਕੀ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਨੂੰ ਕਦੇ ਮੁਗਲ ਸਮਰਾਟਾਂ ਦਾ ਜਬਰ ਜ਼ੁਲਮ ਸਹਿਣਾ ਪਿਆ ਅਤੇ ਕਦੇ ਅੰਗਰੇਜਾਂ ਦੁਆਰਾ ਕੀਤੇ ਜਾ ਰਹੀ ਤਸ਼ੱਦਦ ਨਾਲ ਟਾਕਰਾ ਲੈਣਾ ਪਿਆ। ਪਰ ਗੁਰੂ ਦੇ ਸਿੱਖਾਂ ਨੇ ਖੋਪਰ ਲੁਆ ਕੇ, ਬੰਦ-ਬੰਦ ਕਟਵਾ ਕੇ ਅਤੇ ਫਾਂਸੀ ਦੇ ਤਖ਼ਤੇ ਤੇ ਝੂਲਣ ਵੇਲੇ ਵੀ ਸੀ ਨਹੀਂ ਕੀਤੀ। ਸੰਨ 1839 ਤੋਂ ਬਾਅਦ ਐਸਾ ਸਮਾਂ ਆਇਆ ਜਦੋਂ ਖਾਲਸੇ ਦੀ ਰਹਿਣੀ, ਬਹਿਣੀ ਤੇ ਸੋਚ ਵਿਚਾਰਧਾਰਾ ਤੇ ਅੰਗਰੇਜਾਂ ਦੇ ਸੱਭਿਆਚਾਰ ਅਤੇ ਪੱਛਮੀ ਤਹਿਜ਼ੀਬ ਦਾ ਬੁਰੀ ਤਰ੍ਹਾਂ ਅਸਰ ਹੋ ਚੁੱਕਾ ਸੀ।ਉਸ ਵੇਲੇ ਕੁਕਾ (ਨਾਮਧਾਰੀ) ਲਹਿਰ ਦੇ ਬਾਨੀ ਸਤਿਗੁਰੂ ਰਾਮ ਸਿੰਘ ਦੀ ਕਿਰਪਾ ਨਾਲ ਜਦੋਂ ਸਿੱਖਾਂ ਅੰਦਰ ਨਾਮ ਬਾਣੀ ਜਪ ਕੇ ਆਤਮਿਕ ਬਲ ਆਇਆ, ਫਿਰ ਸਿੱਖੀ ਦਾ ਮਾਰਗ ਅਲੋਕਿਤ ਹੋਇਆ, ਸਿੱਖ ਆਪਣੇ ਇਸ਼ਟ ਦੇਵ ਦੇ ਖਾਤਰ ਉਹਨਾਂ ਵਲੋਂ ਦਰਸਾਏ ਅਸੂਲਾਂ ਅਤੇ ਆਦਰਸ਼ਾਂ ਦੇ ਖਾਤਰ ਆਪਣਾ ਸੀਸ ਤਲੀ ਤੇ ਰੱਖ ਕੇ ਅੱਗੇ ਵਧਿਆ। ਉਸਨੂੰ ਮੌਤ ਦਾ ਖੌਫ਼ ਨਹੀਂ ਰਿਹਾ।ਉਸ ਲਈ ਤਾਂ ਮਰਨਾ ਸੱਚ ਅਤੇ ਅਨੰਦ ਦੇਣ ਵਾਲਾ ਪ੍ਰਤੀਤ ਹੋਣ ਲੱਗ ਪਿਆ। ਅੰਗਰੇਜ ਨਵੀਆਂ ਚਾਲਾਂ ਚੱਲ ਕੇ ਭਾਰਤ ਤੇ ਆਪਣਾ ਸਾਸ਼ਨ ਬਣਾਈ ਰੱਖਣਾ ਚਾਹੁੰਦੇ ਸੀ। ਅੰਗਰੇਜ ਆਪਣੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਨੁਸਾਰ ਹਿੰਦੂਆਂ, ਸਿੱਖਾਂ ਅਤੇ ਮੁਸਲਮਾਨਾਂ ਨੂੰ ਉਕਸਾ ਕੇ ਪੰਜਾਬ ਭਰ ਦੇ ਸ਼ਹਿਰਾਂ ਵਿਚ ਬੁੱਚੜਖਾਨੇ ਖੋਲ੍ਹਣ ਅਤੇ ਗਊ ਮਾਸ ਵੇਚਣ ਦੀ ਕਾਨੂੰਨਨ ਖੁਲ ਕਰ ਦਿੱਤੀ ਗਈ। ਇਕ ਬੁੱਚੜਖਾਨਾ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਹੀ ਸ਼ਹਿਰ ਦੇ ਵਿਚਕਾਰ ਖੁਲਵਾ ਦਿੱਤਾ। ਇਥੇ ਬੁੱਚੜ ਖਾਨੇ ਦੇ ਖੁਲਣ ਦਾ ਭਾਵ ਸਿੱਖਾਂ ਦੀ ਅਣਖ ਨੂੰ ਵੰਗਾਰਿਆ ਗਿਆ। ਇਸ ਬੁੱਚੜਖਾਨਿਆਂ ਦੀਆਂ ਹੱਡ ਬੋਟੀਆਂ ਪੰਛੀਆਂ ਰਾਹੀਂ ਸਰੋਵਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਡਿੱਗਣ ਲੱਗੇ ਤਾਂ ਸਬਰ ਦੀ ਹੱਦ ਟੁੱਟ ਗਈ। ਇਸ ਤਰ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਘੋਰ ਬੇਅਦਬੀ ਹੋ ਰਹੀ ਸੀ।
ਧਾਰਮਿਕ ਖਿਆਲਾਂ ਵਾਲੇ ਹਿੰਦੂ ਅਤੇ ਸਿੱਖ ਬੜੇ ਦੁਖੀ ਹੁੰਦੇ ਹਨ ਪਰ ਅੰਗਰੇਜਾਂ ਦਾ ਮੁਸਲਮਾਨਾਂ ਪੱਖੀ ਹੋਣ ਕਰਕੇ ਕੋਈ ਪੇਸ਼ ਨਹੀਂ ਜਾਂਦੀ। ਕੁੱਝ ਨਾਮਧਾਰੀ ਸਿੰਘਾਂ ਨੇ ਸਾਰੀ ਗੱਲ ਸੁਣ ਕੇ ਅਤੇ ਆਪਣੇ ਅੱਖੀਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਮ੍ਰਿਤ ਸਰੋਵਰ ਦੀ ਬੇਅਦਬੀ ਹੁੰਦੀ ਵੇਖ ਬੜੇ ਦੁਖੀ ਹੋਏ। ਗੁਪਤ ਸਲਾਹ ਕਰਕੇ ਗੁਰਮਤਾ ਪਾਸ ਕੀਤਾ। ਨਾਮਧਾਰੀ ਸੂਰਬੀਰਾਂ ਨੇ 14 -15 ਜੂਨ 1871 ਦੀ ਵਿਚਕਾਰਲੀ ਰਾਤ ਨੂੰ ਬੁਚੜਖਾਨੇ ਤੇ ਹੱਲਾ ਬੋਲ ਦਿੱਤਾ। ਗਊਆਂ ਦੇ ਰੱਸੇ ਖੋਲ ਦਿੱਤੇ ਅਤੇ ਫਿਰ ਬੁੱਚੜਾਂ ਤੇ ਟੁੱਟ ਪਏ। ਮਹੀਨੇ ਬਾਅਦ ਦੂਸਰਾ ਹਮਲਾ ਰਾਇਕੋਟ ਬੁਚੜਖਾਨੇ ਤੇ ਕੀਤਾ। ਇਹ ਅੰਗਰੇਜ ਸਰਕਾਰ ਲਈ ਇਕ ਵੰਗਾਰ ਸੀ ਕਿ ਕੂਕੇ ਸਿੱਖ ਉਹਨਾਂ ਦੇ ਸਾਮਰਾਜ ਨੂੰ ਨਹੀਂ ਪ੍ਰਵਾਨਦੇ। ਤਕਲੀਫ਼ਾਂ ਦੇ ਕੇ 12 ਬੇਦੋਸ਼ੀਆਂ ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਝੂਠੇ ਮੁਕਦਮੇ ਚਲਾ ਕੇ 12 ਆਦਮੀਆਂ ਨੂੰ ਫਾਂਸੀ ਦਾ ਹੁਕਮ ਸੁਣਾਇਆ ਗਿਆ।ਫਾਂਸੀ ਦੀ ਤਾਰੀਕ ਤੋਂ ਪਹਿਲਾਂ ਨਾਮਧਾਰੀ ਸਿੰਘ, ਸਤਿਗੁਰੂ ਰਾਮ ਸਿੰਘ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਭੈਣੀ ਸਾਹਿਬ ਜਾ ਕੇ ਉਹਨਾਂ ਕੋਲ ਬੈਠੇ ਤਾਂ ਉਨ੍ਹਾਂ ਨੇ ਸਹਿਜ ਸੁਭਾ ਪੁੱਛਿਆ ਕਿ ਭਾਈ ਅਸਾਂ ਸੁਣਿਆ ਹੈ ਕਿ ਅਮ੍ਰਿਤਸਰ ਬੁੱਚੜ ਮਾਰੇ ਗਏ ਹਨ। ਇਹਨਾਂ ਵਿਚੋਂ ਬੀਹਲਾ ਸਿੰਘ ਨੇ ਦਸਿਆ ਕਿ ਹਮਲਾ ਅਸੀਂ ਗਊਆਂ ਦੀ ਜਾਨ ,ਗੁਰੂ ਘਰ ਦੀ ਪਵਿੱਤਰਤਾ ਕਾਇਮ ਰੱਖਣ ਲਈ ਕੀਤਾ ਹੈ। ਉਨ੍ਹਾਂ ਦੇ ਉਪਦੇਸ਼ ਸਦਕਾਂ ਸਾਰੇ ਸਿੱਖ ਅੰਮ੍ਰਿਤਸਰ ਪਹੁੰਚ ਕੇ ਕਚਿਹਿਰੀ ਚ ਜਾ ਕੇ ਮਜਿਸਟਰੇਟ ਦੇ ਸਾਹਮਣੇ ਕਿਹਾ ਕਿ ਬੁੱਚੜਾਂ ਨੂੰ ਮਾਰਨ ਵਾਲੇ ਅਸਲੀ ਕਾਤਲ ਅਸੀਂ ਹਾਂ।
ਮਜਿਸਟਰੇਟ ਨੇ ਸੰਤ ਬੀਹਲਾ ਸਿੰਘ, ਸੰਤ ਹਾਕਮ ਸਿੰਘ ਪਟਵਾਰੀ, ਸੰਤ ਲਹਿਣਾ ਸਿੰਘ ਤੇ ਫਤਿਹ ਸਿੰਘ ਭਾਟੜਾ ਨੂੰ ਫਾਂਸੀ ਦੀ ਸਜਾ ਸੁਣਾ ਕੇ ਲਹਿਣਾ ਸਿੰਘ ਲੋਪੋਕੇ, ਲਹਿਣਾ ਸਿੰਘ ਅਤੇ ਸਿਪਾਹੀ ਲਾਲ ਸਿੰਘ ਨੂੰ ਕਾਲੇ ਪਾਣੀ ਦੀ ਸਜ਼ਾ ਸੁਣਾਈ। 15 ਸਤੰਬਰ ਸੰਨ 1871 ਨੂੰ ਰਾਮ ਬਾਗ਼ ’ਚ ਜਿਨ੍ਹਾਂ ਸਿੱਖਾਂ ਨੂੰ ਫਾਂਸੀ ਦਾ ਹੁਕਮ ਹੋਇਆ ਸੀ। ਉਹਨਾਂ ਵੱਲੋਂ ਮੰਗ ਕੀਤੀ ਕਿ ਉਹਨਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿਚੋਂ ਇਸ਼ਨਾਨ ਕਰਨ , ਫਾਂਸੀ ਸਮੇਂ ਕੋਈ ਭੰਗੀ ਉਹਨਾਂ ਨੂੰ ਨਾ ਛੂਹੇ ਅਸੀਂ ਆਪ ਹੀ ਆਪਣੇ ਗਲਾਂ ਵਿਚ ਰੱਸਾ ਪਾਵਾਂਗੇ ਅਤੇ ਸਾਡੇ ਵਾਸਤੇ ਰੇਸ਼ਮ ਦਾ ਰੱਸਾ ਵਰਤਿਆ ਜਾਵੇ |15 ਸਤੰਬਰ ਵਾਲੇ ਦਿਨ ਲੋਕ ਬਹੁਤ ਗਿਣਤੀ ਵਿਚ ਰਾਮ ਬਾਗ਼ ਪਹੁੰਚੇ। ਪੁਲਿਸ ਦੇ ਪਹਿਰੇ ਹੇਠ ਫਾਂਸੀ ਦਿੱਤੇ ਜਾਣ ਵਾਲੇ ਚਾਰੇ ਸਿੱਖਾਂ ਪਹਿਲਾਂ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਵਿਚੋਂ ਇਸਨਾਨ ਕਰਕੇ ਸ਼ਬਦ ਪੜ੍ਹਦੇ ਰਾਮਬਾਗ ਪਹੁੰਚ ਗਏ ;ਸਿੱਖਾਂ ਨੇ ਅੰਤਿਮ ਅਰਦਾਸ ਕੀਤੀ, ਸਤਿ ਸ੍ਰੀ ਅਕਾਲ ਦਾ ਜੈਕਾਰਾ ਛੱਡ ਕੇ ਸਭ ਤੋਂ ਪਹਿਲਾਂ ਸੰਤ ਬੀਹਲਾ ਸਿੰਘ ਫਾਂਸੀ ਵਾਲੇ ਥਾਂ ਤੇ ਜਾ ਖਲੋਤੇ।ਅਜਿਹੇ ਸੂਰਮਿਆਂ ਦੀ ਮਹਾਨ ਸ਼ਹਾਦਤ ਤੇ ਸਮੁੱਚੀ ਸਿੱਖ ਕੌਮ ਨੂੰ ਮਾਣ ਹੋਣਾ ਚਾਹੀਦਾ ਹੈ।
Leave a Reply